ਰਣਜੀਤ
(ਤ੍ਰੈਮਾਸਿਕ, ਜਨਵਰੀ-ਮਾਰਚ 2026)
ਅੱਗ, ਖੂਨ ਅਤੇ ਲੋਹੇ ਦੀ ਸਦੀ ਵਿਸ਼ੇਸ਼ ਅੰਕ
ਮੁੱਖ ਸੰਪਾਦਕ :
ਇੰਜੀ. ਕਰਮਜੀਤ ਸਿੰਘ
ਪ੍ਰਕਾਸ਼ਕ : ਰਣਜੀਤ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਜਲੰਧਰ
ਮੁੱਲ : 50 ਰੁਪਏ, ਸਫ਼ੇ :240
ਸੰਪਰਕ : 98728-13128

ਜਲੰਧਰ ਤੋਂ ਛਪਦੇ ਤ੍ਰੈਮਾਸਿਕ ਪੱਤਰ 'ਰਣਜੀਤ' (ਜਨਵਰੀ-ਮਾਰਚ 2026) ਦਾ ਇਹ ਅੰਕ 'ਅੱਗ, ਖੂਨ ਤੇ ਲੋਹੇ ਦੀ ਸਦੀ' ਵਿਸ਼ੇਸ਼ ਅੰਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਪੱਤਰ ਆਪਣੇ ਸਮੇਂ ਦੇ ਇਕ ਗੰਭੀਰ ਸਿੱਖ ਚਿੰਤਕ ਤੇ ਵਿਦਵਾਨ ਲੇਖਕ ਸਵਰਗੀ ਰਣਜੀਤ ਸਿੰਘ ਖੜਗ ਦੀ ਯਾਦ ਵਿਚ ਉਨ੍ਹਾਂ ਦੇ ਹੋਣਹਾਰ ਸਪੁੱਤਰ ਇੰਜੀ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਹੈ। ਉਹ ਖ਼ੁਦ ਇਸ ਪੱਤਰ ਦੇ ਮੁੱਖ ਸੰਪਾਦਕ ਹਨ ਅਤੇ ਉਨ੍ਹਾਂ ਦੇ ਨਾਲ ਕੁਲਦੀਪ ਸਿੰਘ ਬੇਦੀ ਤੇ ਡਾ. ਰਾਮ ਮੂਰਤੀ ਦੇ ਰੂਪ ਵਿਚ ਇਕ ਚੰਗੀ ਸੰਪਾਦਕੀ ਟੀਮ ਵੀ ਹੈ। ਇਹ ਵਿਸ਼ੇਸ਼ ਅੰਕ ਕੱਢਣ ਦੀ ਪ੍ਰੇਰਨਾ ਵੀ ਮੁੱਖ ਸੰਪਾਦਕ ਨੂੰ ਸ. ਰਣਜੀਤ ਸਿੰਘ ਖੜਗ ਦੇ 'ਗੁਰਮਤਿ ਪ੍ਰਕਾਸ਼' ਦੇ ਅਕਤੂਬਰ-ਨਵੰਬਰ, 1963 ਦੇ ਅੰਕ ਵਿਚ ਛਪੀ ਇਕ ਲਿਖਤ 'ਅਨੰਦਪੁਰ ਸਾਹਿਬ ਤੋਂ ਲਾਹੌਰ ਤੱਕ : ਅੱਗ, ਖੂਨ ਤੇ ਲੋਹੇ ਦੀ ਸਦੀ' ਤੋਂ ਮਿਲੀ ਜਿਸ ਵਿਚ 18ਵੀਂ ਸਦੀ ਨੂੰ ਸਿੱਖ ਕੌਮ ਅੱਗ, ਖੂਨ ਤੇ ਲੋਹੇ ਦੀ ਸਦੀ ਦੇ ਰੂਪ ਵਿਚ ਪਰਿਭਾਸ਼ਤ ਕਰਕੇ ਇਸ ਕਾਲ-ਖੰਡ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਸਿੱਖ ਕੌਮ ਦੇ ਇਸ ਅਤਿ ਭਿਆਨਕ ਪ੍ਰੰਤੂ ਗੌਰਵਮਈ, ਸੰਘਰਸ਼ਪੂਰਨ ਤੇ ਅਨੋਖੇ ਸ਼ਹਾਦਤੀ ਸਮੇਂ ਦਾ ਖਾਕਾ ਬਹੁਤ ਪ੍ਰੇਰਨਾਮਈ ਸ਼ਬਦਾਂ ਵਿਚ ਬਿਆਨ ਕੀਤਾ ਹੈ। ਇਹ ਲੇਖ ਇਸ ਅੰਕ ਦਾ ਵੀ ਇਕ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਪ੍ਰਸਿੱਧ ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਬਾਰੇ ਖੜਗ ਜੀ ਦੇ ਦੋ ਹੋਰ ਲੇਖ ਵੀ ਇਸ ਅੰਕ ਵਿਚ ਸੰਮਿਲਤ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖ ਇਤਿਹਾਸ ਪ੍ਰਤੀ ਉਨ੍ਹਾਂ ਦੀ ਸੂਝ-ਸਮਝ ਤੇ ਪਕੜ ਬਹੁਤ ਡੂੰਘੀ, ਤੱਥਮੂਲਕ ਅਤੇ ਵਿਸ਼ਾਲ ਗਿਆਨ 'ਤੇ ਆਧਾਰਿਤ ਸੀ।
ਇਸ ਅੰਕ ਵਿਚ ਵਿਸ਼ੇਸ਼ ਅੰਕ ਦੇ ਵਿਸ਼ੇ ਬਾਰੇ ਵੱਖ-ਵੱਖ ਵਿਦਵਾਨਾਂ ਦੇ ਕੁੱਲ 31 ਖੋਜ-ਪੱਤਰ ਜਾਂ ਆਮ ਜਾਣਕਾਰੀ ਵਾਲੇ ਲੇਖ ਸ਼ਾਮਿਲ ਕੀਤੇ ਗਏ ਹਨ। ਤਿੰਨ ਲੇਖਾਂ ਵਿਚ ਸਿੱਖ ਮਿਸਲਾਂ ਦੇ ਜਨਮ, ਵਿਕਾਸ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। 4 ਲੇਖਾਂ ਵਿਚ ਭਾਈ ਮਨੀ ਸਿੰਘ ਤੇ 2 ਵਿਚ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹਾਦਤੀ ਪ੍ਰਸੰਗ ਪੇਸ਼ ਕੀਤਾ ਗਿਆ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਗੁਰੂਦੇਵ ਰਬਿੰਦਰ ਨਾਥ ਟੈਗੋਰ ਵਲੋਂ ਕਵਿਤਾ ਲਿਖਣ ਸੰਬੰਧੀ ਡਾ. ਆਸਾ ਸਿੰਘ ਘੁੰਮਣ ਵਲੋਂ ਦਿੱਤੀ ਜਾਣਕਾਰੀ ਬਹੁਤ ਸਾਰੇ ਪਾਠਕਾਂ ਵਾਸਤੇ ਨਵੀਂ ਹੋਵੇਗੀ। ਇਸ ਤੋਂ ਇਲਾਵਾ ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਬਘੇਲ ਸਿੰਘ, ਨਵਾਬ ਕਪੂਰ ਸਿੰਘ, ਭਾਈ ਬਾਜ਼ ਸਿੰਘ ਆਦਿ ਇਤਿਹਾਸ-ਨਾਇਕਾਂ ਬਾਰੇ ਭਰਪੂਰ ਜਾਣਕਾਰੀ ਵਿਭਿੰਨ ਲੇਖਾਂ ਰਾਹੀਂ ਦਿੱਤੀ ਗਈ। ਮੌਜੂਦਾ ਦੌਰ ਵਿਚ ਸਿੱਖ ਇਤਿਹਾਸ ਦੇ ਸੰਭਾਲਣ ਤੇ ਸਿਰੜੀ ਖੋਜੀ-ਵਿਦਵਾਨ ਸ. ਹਰਵਿੰਦਰ ਸਿੰਘ ਖ਼ਾਲਸਾ ਦਾ ਜੀਵਨ ਬਿਉਰਾ ਵੀ ਪੱਤਰ ਦੇ ਅੰਤ ਵਿਚ ਅੰਕਿਤ ਕੀਤਾ ਗਿਆ ਹੈ।
ਪੰਜਾਬੀ ਵਿਚ ਕੋਈ ਪੱਤਰ ਕੱਢਣਾ ਤੇ ਫੇਰ ਉਸ ਦੇ ਵਿਸ਼ੇਸ਼ ਅੰਕ ਦਰ ਵਿਸ਼ੇਸ਼ ਅੰਕ ਨਿਰੰਤਰ ਕੱਢਣੇ ਵੱਡੀ ਸੂਰਮਗਤੀ ਤੇ ਸਿਰੜ ਵਾਲੀ ਗੱਲ ਹੈ। ਕੌਮੀ ਵਿਰਸੇ ਤੇ ਇਤਿਹਾਸ ਪ੍ਰਤੀ ਡੂੰਘੀ ਪ੍ਰਤੀਬੱਧਤਾ ਤੇ ਜਨੂੰਨੀ ਸ਼ੌਕ ਬਿਨਾਂ ਅਜਿਹੇ ਕੰਮ ਨਹੀਂ ਹੁੰਦੇ। ਇੰਜੀ. ਕਰਮਜੀਤ ਸਿੰਘ ਆਪਣੀ ਨਿੱਜੀ ਵਿਰਾਸਤ ਦੇ ਨਾਲ-ਨਾਲ ਕੌਮੀ ਵਿਰਾਸਤ ਨੂੰ ਸੰਭਾਲਣ ਦਾ ਦੁਹਰਾ ਕਾਰਜ ਕਰ ਰਿਹਾ ਹੈ, ਸ਼ਾਬਾਸ਼ ਹੀ ਦਿੱਤੀ ਜਾ ਸਕਦੀ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਇਹ ਸੱਚ ਹੈ ਕਿ ਮੈਂ ਝੂਠ ਬੋਲਿਆ
... ਤੇ ਹੋਰ ਕਹਾਣੀਆਂ
ਲੇਖਕ : ਕੁਲਦੀਪ ਇਕਬਾਲ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98038-56089

ਇਸ ਕਹਾਣੀ-ਸੰਗ੍ਰਹਿ ਵਿਚ ਦਰਜ ਕੁੱਲ 60 ਰਚਨਾਵਾਂ ਹਨ ਜਿਨ੍ਹਾਂ ਵਿਚ ਕੁਝ ਕਹਾਣੀਆਂ ਤੇ ਹੋਰ ਲੇਖਨੁਮਾ ਤੇ ਕਹਾਣੀਆਂ ਵਰਗੀਆਂ ਰਚਨਾਵਾਂ ਪੜ੍ਹ ਕੇ ਪਾਠਕ ਇਕ ਸਫ਼ਲ ਕਹਾਣੀਕਾਰ ਅਤੇ ਸਫ਼ਲ ਕਹਾਣੀ ਦੀ ਪ੍ਰੀਭਾਸ਼ਾ ਸਮਝ ਲੈਂਦਾ ਹੈ। ਪਾਠਕ 'ਵਾਰਤਕ' ਦੇ ਘੇਰੇ ਵਿਚ ਆਉਂਦੀਆਂ ਰਚਨਾਵਾਂ ਦੁਆਰਾ ਕਹਾਣੀਕਾਰ ਕੁਲਦੀਪ ਇਕਬਾਲ ਸਿੰਘ ਦੀ ਖ਼ੂਬਸੂਰਤ ਰਚਨਾ ਸ਼ਕਤੀ ਦਾ ਵਿਲੱਖਣ ਪ੍ਰਭਾਵ ਮਹਿਸੂਸ ਕਰਦਾ ਹੈ। ਜਿਥੋਂ ਤੱਕ ਸੰਗ੍ਰਹਿ ਦੀਆਂ ਕਹਾਣੀਆਂ ਦਾ ਸਵਾਲ ਹੈ, ਤਾਂ ਇਹ ਕਹਿਣਾ ਵਾਜਬ ਹੋਵੇਗਾ ਕਿ ਇਸ ਸੰਗ੍ਰਹਿ ਦੀਆਂ ਕਹਾਣੀਆਂ ਨਾ ਤਾਂ ਮਿੰਨੀ ਕਹਾਣੀ ਦੀ ਪ੍ਰੀਭਾਸ਼ਾ ਵਿਚ ਮੇਚ ਆਉਂਦੀਆਂ ਹਨ ਅਤੇ ਨਾ ਹੀ ਨਿੱਕੀ ਕਹਾਣੀ ਦੇ ਚੌਖਟੇ ਵਿਚ ਹੀ ਫਿੱਟ ਹੁੰਦੀਆਂ ਹਨ। ਤਕਨੀਕੀ ਤੌਰ 'ਤੇ ਇਕ ਨਵੀਂ ਕਿਸਮ ਦੀ ਕਹਾਣੀ ਦੀ ਹੋਂਦ ਪਾਠਕ ਦੇ ਸਨਮੁੱਖ ਪ੍ਰਗਟ ਹੁੰਦੀ ਹੈ। ਕਹਾਣੀਕਾਰ ਨੇ ਆਪਣੇ ਮਨ ਦੀ ਮੌਜ ਵਿਚ ਹੀ ਇਨ੍ਹਾਂ ਕਹਾਣੀਆਂ ਨੂੰ ਰਚਿਆ ਹੈ। ਜੋ ਕਿ ਪਾਠਕ-ਮਨਾਂ ਤੇ ਭਾਵਪੂਰਤ ਅਤੇ ਡੂੰਘਾਈ ਨਾਲ ਅਸਰ-ਅੰਦਾਜ਼ ਹੁੰਦੀਆਂ ਹਨ। ਉਨ੍ਹਾਂ ਨੂੰ ਜੀਵਨ-ਫਿਲਾਸਫ਼ੀ ਸੁਚੱਜਤਾ ਨਾਲ ਸਮਝਾਉਂਦੀਆਂ ਹਨ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ
ਲੇਖਕ : ਜਸਵਿੰਦਰ ਸਿੰਘ ਕਾਈਨੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 112
ਸੰਪਰਕ :98888-42244

ਜਸਵਿੰਦਰ ਸਿੰਘ ਕਾਈਨੌਰ ਨੇ ਟਰੇਡ ਸਰਵੇਅਰ ਤੇ ਸਿਵਲ ਇੰਜੀਨੀਅਰਿੰਗ ਡਿਪਲੋਮਾ ਕਰਨ ਪਿੱਛੋਂ ਜੀਵਨ ਦੇ 26ਵੇਂ ਸਾਲ ਵਿਚ ਆਕਾਸ਼ਵਾਣੀ ਜਲੰਧਰ ਵਿਚ ਨੌਕਰੀ ਸ਼ੁਰੂ ਕੀਤੀ। ਨੌਕਰੀ ਦੇ ਨਾਲ ਨਾਲ ਪ੍ਰਾਈਵੇਟ ਤੌਰ ਤੇ ਬੀ.ਏ. ਵੀ ਕਰ ਲਈ। ਉਹ ਚਾਰ ਭਾਸ਼ਾਵਾਂ (ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ) ਦਾ ਗਿਆਤਾ ਹੈ। ਉਸ ਨੇ 34 ਸਾਲ ਆਕਾਸ਼ਵਾਣੀ ਤੇ ਦੂਰਦਰਸ਼ਨ ਤੇ ਨੌਕਰੀ ਕੀਤੀ। ਉਸ ਦੀਆਂ 16 ਮੌਲਿਕ, ਸਾਂਝੇ ਸੰਗ੍ਰਹਿ, ਸੰਪਾਦਿਤ ਤੇ ਅਨੁਵਾਦ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹ ਸਾਹਿਤਕ ਸੱਥ ਖਰੜ ਦਾ ਪ੍ਰਧਾਨ, ਪੰਜਾਬੀ ਮੈਗਜ਼ੀਨ ਸ਼ਿਵਾਲਿਕ ਦਾ ਸੰਪਾਦਕ ਅਤੇ ਬਹੁਤ ਪੁਸਤਕਾਂ ਦਾ ਰੀਵਿਊਕਾਰ ਹੈ। ਹੱਥਲੀ ਪੁਸਤਕ ਦੇ ਦੋ ਭਾਗ ਹਨ- ਪਹਿਲੇ ਵਿਚ ਆਕਾਸ਼ਵਾਣੀ, ਰੇਡੀਓ, ਦੂਰਦਰਸ਼ਨ ਦੀ ਖੋਜ, ਪ੍ਰਸਾਰਨ ਆਦਿ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ ਤੇ ਦੂਜੇ ਵਿਚ ਆਕਾਸ਼ਵਾਣੀ ਨਾਲ ਸੰਬੰਧਿਤ ਆਪਣੇ ਸਮੇਤ 19 ਲੇਖਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਿਤਾਬ ਵਿਚ ਲੇਖਕ ਨੇ ਕਰਤਾਰ ਸਿੰਘ ਦੁੱਗਲ, ਸ ਸ ਮੀਸ਼ਾ, ਦੇਵਿੰਦਰ ਮਹਿੰਦਰੂ, ਹਰਭਜਨ ਸਿੰਘ ਬਟਾਲਵੀ, ਤੀਰਥ ਸਿੰਘ ਢਿੱਲੋਂ, ਵਿਨੋਦ ਪੰਕਜ, ਪ੍ਰੀਤਮ ਰੁਪਾਲ, ਪ੍ਰਵੇਸ਼ ਸ਼ਰਮਾ, ਹਰਬੰਸ ਸੋਢੀ, ਅਮਰਜੀਤ ਸਿੰਘ ਵੜੈਚ, ਪ੍ਰੀਤ ਮਹਿੰਦਰ ਸਿੰਘ, ਆਰਥਰ ਵਿਕਟਰ, ਮੁਹੰਮਦ ਇਮਤਿਆਜ਼, ਅੰਮ੍ਰਿਤ ਲਾਲ ਪਾਲ, ਮਹਿੰਦਰ ਸਿੰਘ ਭੱਟੀ, ਐਮ ਆਰ ਚਾਂਦਲਾ, ਸੁਖਵਿੰਦਰ ਸੁੱਖੀ, ਸੁਰਿੰਦਰਪਾਲ ਝੱਲ ਸਮੇਤ ਆਪਣੇ ਬਾਰੇ ਬੜੀ ਵਧੀਆ ਸਾਹਿਤਕ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚਲੇ ਵਧੇਰੇ ਲੇਖਕ ਪੰਜਾਬੀ ਸਾਹਿਤ ਵਿਚ ਖ਼ੂਬ ਚਰਚਿਤ ਹੋਏ ਹਨ। ਕਰਤਾਰ ਸਿੰਘ ਦੁੱਗਲ ਅਤੇ ਸ ਸ ਮੀਸ਼ਾ ਦੇ ਨਾਂ ਤੋਂ ਹਰ ਪੰਜਾਬੀ ਭਲੀ-ਭਾਂਤ ਪ੍ਰੀਚਿਤ ਹੈ, ਜਿਨ੍ਹਾਂ ਦੀ ਸਾਹਿਤਕ ਦੇਣ ਲਈ ਉਨ੍ਹਾਂ ਦੇ ਜਹਾਨੋਂ ਰੁਖ਼ਸਤ ਹੋਣ ਪਿੱਛੋਂ ਵੀ ਯਾਦ ਕੀਤਾ ਜਾਂਦਾ ਹੈ। ਪਰ ਇਹਦਾ ਇਹ ਅਰਥ ਨਹੀਂ ਕਿ ਇਸ ਪੁਸਤਕ ਦੇ ਦੂਜੇ ਲੇਖਕ ਘੱਟ ਗੌਲਣਯੋਗ ਹਨ। ਬਾਕੀ ਸਾਰਿਆਂ ਨੇ ਵੀ ਸਾਹਿਤਕਾਰੀ ਦੇ ਖੇਤਰ ਵਿਚ ਭਰਪੂਰ ਯੋਗਦਾਨ ਦਿੱਤਾ ਹੈ ਅਤੇ ਕਈ ਤਰ੍ਹਾਂ ਦੇ ਇਨਾਮ-ਸਨਮਾਨ ਹਾਸਲ ਕੀਤੇ ਹਨ। ਕਿਤਾਬ ਦੀ ਪਰੂਫ਼ ਰੀਡਿੰਗ ਸਹੀ ਨਾ ਹੋਣ ਕਰਕੇ ਕਿਤੇ-ਕਿਤੇ ਅਟਪਟਾ ਜਿਹਾ ਲਗਦਾ ਹੈ। (ਜਿਵੇਂ ਮੋਪਾਸਾਂ ਨੂੰ ਮੋਪਾਸੰਤ, ਸਠਿਆਲਾ ਨੂੰ ਸਥਿਆਲਾ ਆਦਿ)। ਕਈ-ਕਈ ਲੇਖਕਾਂ ਦੀਆਂ ਰਚਨਾਵਾਂ 'ਚੋਂ ਕੁਝ ਉਦਾਹਰਨਾਂ ਵੀ ਦਿੱਤੀਆਂ ਗਈਆਂ ਹਨ। ਲੇਖਕ ਨੇ ਪੁਸਤਕ ਵਿਚ ਸ਼ਾਮਲ ਲੇਖਕਾਂ ਦੇ ਕ੍ਰਮ ਨੂੰ ਕਿਸੇ ਨਿਸ਼ਚਿਤ ਤਰਤੀਬ ਮੁਤਾਬਕ ਨਹੀਂ ਨਿਭਾਇਆ। ਜਸਵਿੰਦਰ ਸਿੰਘ ਕਾਈਨੌਰ ਦੀ ਇਹ ਪੁਸਤਕ ਪੱਤਰਕਾਰੀ ਅਤੇ ਜਨ-ਸੰਚਾਰ ਦੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ। ਕਿਤਾਬ ਦੀ ਛਪਾਈ ਅਤੇ ਸਰਵਰਕ ਬਹੁਤ ਆਕਰਸ਼ਕ ਹੈ। ਮੁੱਖ ਪੰਨੇ ਉੱਤੇ ਸਾਰੇ ਲੇਖਕਾਂ ਦੀਆਂ ਰੰਗੀਨ ਤਸਵੀਰਾਂ ਹਨ ਅਤੇ ਅੰਦਰਲੇ ਲੇਖਾਂ ਵਿਚ ਵੀ ਸੰਬੰਧਿਤ ਥਾਂ ਤੇ ਲੇਖਕ ਦੀ ਤਸਵੀਰ ਦਿੱਤੀ ਗਈ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਵਿੱਛੜਨਾ ਜ਼ਰੂਰੀ ਸੀ
ਲੇਖਕ : ਸਾਹਿਲ ਸੈਲੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 299 ਰੁਪਏ, ਸਫ਼ੇ : 160
ਸੰਪਰਕ : 01679-232944

ਕਾਵਿ-ਸੰਗ੍ਰਹਿ ਦੀਆਂ ਇਹ ਕਵਿਤਾਵਾਂ ਜ਼ਿੰਦਗੀ ਦੇ ਕੈਨਵਸ ਉੱਤੇ ਡੁੱਲ੍ਹੇ ਵੱਖੋ-ਵੱਖਰੇ ਰੰਗ ਪੇਸ਼ ਕਰਦੀਆਂ ਹਨ। ਆਓ ਕੁਝ ਝਲਕਾਂ ਦੇਖੀਏ-
-ਦਿਲ ਤਾਂ ਕਰਦਾ ਮਰ ਜਾਨੇ ਆਂ
ਸਭ ਕੁਝ ਮਿੱਟੀ ਕਰ ਜਾਨੇ ਆਂ
ਪਰ ਘਰੇ ਮਾਂ ਵੀ ਉਡੀਕਦੀ ਹੋਣੀ
ਛੱਡ ਦਿਲਾ ਚੱਲ ਘਰ ਜਾਨੇ ਆਂ।
-ਫੁੱਲਾਂ ਉੱਤੇ ਨੂਰ ਸੀ ਚੜ੍ਹਿਆ ਚੜ੍ਹਿਆ ਬੇਹਿਸਾਬ ਹੀ ਸੀ।
ਉਹ ਮੇਰੇ ਸੀ ਕੋਲ ਬੈਠਿਆ, ਵੱਜ ਰਹੇ ਰਬਾਬ ਹੀ ਸੀ।
-ਗੱਲ ਦਿਲ ਦੀ ਚੱਲੀ ਦਿਮਾਗ਼ ਦੇ ਨਾਲ
ਕਹਿੰਦਾ ਇਸ਼ਕ ਨੀ ਹੁੰਦਾ ਹਿਸਾਬ ਦੇ ਨਾਲ।
-ਪਹਿਲਾਂ ਮਾੜਾ ਕੀਤਾ ਲਕੀਰਾਂ ਨੇ
ਫੇਰ ਰੰਗ ਦਿਖਾਇਆ ਤਕਦੀਰਾਂ ਨੇ।
ਇਕ ਸੱਜਣ ਮਿਲਿਆ, ਫ਼ਕੀਰ ਸੀ ਜਮ੍ਹਾਂ
ਫੇਰ ਸਾਨੂੰ ਲੁੱਟਿਆ ਫ਼ਕੀਰਾਂ ਨੇ।
ਸ਼ਬਦ-ਜੋੜਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਪੁਸਤਕ ਦਾ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਜੰਗਾਲ ਖਾਧੇ ਜਿੰਦਰੇ
ਲੇਖਕ : ਕਸ਼ਮੀਰ ਸਿੰਘ ਭੁਲੱਥ
ਪ੍ਰਕਾਸ਼ਕ : ਸੁੰਦਰ ਬੁੱਕ ਡੀਪੂ, ਜਲੰਧਰ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 81460-91954

ਉਪਰੋਕਤ ਕਹਾਣੀ ਸੰਗ੍ਰਹਿ ਉਨ੍ਹਾਂ 32 ਕਹਾਣੀਆਂ ਦਾ ਸੰਕਲਨ ਹੈ ਜਿਸ ਵਿਚ ਕਹਾਣੀਕਾਰ ਨੇ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਜ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕਰਦੀਆਂ ਇਨ੍ਹਾਂ ਕਹਾਣੀਆਂ ਵਿਚ ਜਿੱਥੇ ਕੁਝ ਸਮਾਜਿਕ ਅਡੰਬਰਾਂ ਤੇ ਕਰਾਰੀ ਚੋਟ ਕੀਤੀ ਹੈ ਉੱਥੇ ਹੀ ਉਸ ਨੇ ਸਮਾਜ ਸੇਵਾ ਦੇ ਨਾਂਅ 'ਤੇ ਕੀਤੇ ਜਾਂਦੇ ਢੌਂਗ ਨੂੰ ਵੀ ਆਪਣੀ ਕਹਾਣੀ ਅੱਖਾਂ ਦੇ ਫਰੀ ਕੈਂਪ ਵਿਚ ਪੇਸ਼ ਕੀਤਾ ਹੈ। ਜੰਗਾਲ ਖਾਧੇ ਜਿੰਦਰੇ ਕਹਾਣੀ ਪਰਵਾਸ ਕਰ ਗਏ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਪਿੱਛੇ ਪਰਿਵਾਰ ਖਾਸ ਕਰਕੇ ਬਜ਼ੁਰਗ ਰੁਲ ਜਾਂਦੇ ਹਨ ਅਤੇ ਵੱਡੀਆਂ ਕੋਠੀਆਂ ਨੂੰ ਲੱਗੇ ਜਿੰਦਰੇ ਜੰਗਾਲ ਖਾ ਜਾਂਦੇ ਹਨ। ਕਹਾਣੀ ਪਰਾਈ ਆਸ ਬਦਲਦੇ ਰਿਸ਼ਤਿਆਂ ਨੂੰ ਦਰਸਾਉਂਦੀ ਹੈ ਉਥ ਹੀ ਬੁਢਾਪਾ ਪੈਨਸ਼ਨ ਵੀ ਇਸੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ। ਸੇਵਾ ਮੁਕਤੀ ਕਹਾਣੀ ਇੱਕ ਖ਼ੂਬਸੂਰਤ ਕਹਾਣੀ ਹੈ ਜਿਸ ਵਿਚ ਸੇਵਾ ਮੁਕਤੀ ਦਾ ਆਧਾਰ ਰਾਮ ਮੂਰਤੀ ਦੁਆਰਾ ਕੀਤੇ ਗਏ ਕੰਮ ਬਣਦੇ ਹਨ ਨਾ ਕਿ ਉਸ ਦਾ ਦਰਜਾ। ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਕਿਸ ਕਦਰ ਭਰਮ ਭੁਲੇਖਿਆਂ ਦਾ ਸ਼ਿਕਾਰ ਇਨਸਾਨ ਹੋ ਸਕਦਾ ਹੈ ਇਹ ਕਹਾਣੀ ਫੇਸਬੁਕੀ ਮੁਹੱਬਤ ਦਾ ਮੁੱਖ ਵਿਸ਼ਾ ਹੈ। ਇਸੇ ਤਰ੍ਹਾਂ ਹੋਰ ਵੀ ਸਮਾਜਿਕ ਮੁੱਦੇ ਜਿਨਾਂ ਵਿਚ ਧਰਮ ਸ਼ਰਧਾ ਆਸਥਾ ਆਦਿ ਸ਼ਾਮਿਲ ਹਨ ਨੂੰ ਵੱਖੋ ਵੱਖ ਕਹਾਣੀਆਂ ਵਿਚ ਪੇਸ਼ ਕੀਤਾ ਗਿਆ ਹੈ। ਬਹੁਤੀਆਂ ਕਹਾਣੀਆਂ ਵਿਚ ਇੱਛਤ ਯਥਾਰਥ ਨਜ਼ਰ ਆਉਂਦਾ ਹੈ। ਕਹਾਣੀਆਂ ਦੀ ਭਾਸ਼ਾ ਸਰਲ ਅਤੇ ਸਧਾਰਨ ਹੈ ਤੇ ਬਣਤਰ ਬਹੁਤ ਸਾਦੀ। ਸੰਗ੍ਰਹਿ ਵਿਚ ਸ਼ਾਮਿਲ ਕੁਝ ਕਹਾਣੀਆਂ ਮਹਿਜ਼ ਲੇਖ ਜਾਪਦੀਆਂ ਹਨ ਅਤੇ ਕੁਝ ਕਹਾਣੀਆਂ ਸਿਰਫ ਇੱਕ ਸੂਚਨਾ। ਲੇਖਕ ਨੂੰ ਇਸ ਵੱਲ ਥੋੜ੍ਹਾ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਪਿਛਲੀਆਂ ਕਹਾਣੀਆਂ ਜਿਨਾਂ ਵਿਚ ਮੇਰਾ ਬਦਲ ਗਿਆ ਪੰਜਾਬ ਆਪ੍ਰੇਸ਼ਨ ਸੰਧੂਰ ਅਤੇ ਸਾਕਾ ਨੀਲਾ ਤਾਰਾ ਕੁਝ ਅਜਿਹੀਆਂ ਹੀ ਕਹਾਣੀਆਂ ਹਨ ਜਿਨਾਂ ਨੂੰ ਕਹਾਣੀਆਂ ਨਾ ਕਹਿ ਕੇ ਸਿਰਫ ਸੂਚਨਾ ਦੇਣ ਵਾਲੇ ਲੇਖ ਕਿਹਾ ਜਾ ਸਕਦਾ ਹੈ। ਉਮੀਦ ਹੈ ਕਿ ਭਵਿੱਖ ਵਿਚ ਲੇਖਕ ਇਸ ਗੱਲ ਵੱਲ ਜ਼ਰੂਰ ਧਿਆਨ ਦੇਵੇਗਾ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823