ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜਾਨਵਰ

Ad Position 21
No active advertisement
ਅਜੀਤ ਡੈਸਕ 11-07-2026

 

'ਜਦੋਂ ਤੈਨੂੰ ਇਹ ਕਹਿ ਦਿੱਤਾ ਸੀ ਕਿ ਹਰ ਰੋਜ਼ ਤੇਰੇ ਖਾਣ ਲਈ ਇਕ ਜਾਨਵਰ ਭੇਜ ਦਿਆਂ ਕਰਾਂਗੇ, ਫੇਰ ਤੂੰ ਅੱਜ ਏਨੇ ਜੀਵਾਂ ਦੀ ਹੱਤਿਆ ਕਿਉਂ ਕੀਤੀ?' ਹਾਥੀ ਨੇ ਝਿੰਗਾੜ ਕੇ ਸ਼ੇਰ ਨੂੰ ਕਿਹਾ।
'ਹਾਥੀਆ, ਤੂੰ ਬੋਲਦਾ ਕਿਵੇਂ ਆਂ? ਤੈਨੂੰ ਪਤਾ ਤੂੰ ਕੀਹਦੇ ਨਾਲ ਗੱਲ ਕਰ ਰਿਹਾਂ?' ਸ਼ੇਰ ਅੱਗੋਂ ਬੋਲਿਆ।
'ਮੈਨੂੰ ਤਾਂ ਪਤਾ ਪਰ ਤੈਨੂੰ ਨਹੀਂ ਪਤਾ, ਮੈਂ ਅੱਜ ਉਹ ਹੀ ਦੱਸਣ ਆਇਆਂ', ਹਾਥੀ ਨੇ ਵੀ ਲਲਕਾਰਦੇ ਨੇ ਕਿਹਾ।
ਸ਼ੇਰ ਗੁੱਸੇ 'ਚ ਦਹਾੜਿਆਂ ਤੇ ਹਾਥੀ 'ਤੇ ਟੁੱਟ ਪਿਆ। ਹਾਥੀ ਸੰਭਲਿਆ। ਹਾਥੀ ਨੇ ਸ਼ੇਰ ਨੂੰ ਸੁੰਡ ਨਾਲ ਚੁੱਕਿਆ ਤੇ ਵਗਾਹ ਕੇ ਪਰੇ ਮਾਰਿਆ। ਸ਼ੇਰ ਕਈ ਲੋਟ ਪੋਟਣੀਆਂ ਖਾ ਗਿਆ। ਉਠ ਕੇ ਫੇਰ ਹਾਥੀ ਵੱਲ ਆਇਆ। ਇਸ ਵਾਰ ਤਾਂ ਹਾਥੀ ਨੇ ਉਸ ਨੂੰ ਇਹੋ ਜਿਹੀਆਂ ਭੁਆਂਟਣੀਆਂ ਪੁਆਈਆਂ ਕਿ ਸ਼ੇਰ ਕਿੰਨੀ ਦੇਰ ਮਰਿਆਂ ਵਾਂਗੂੰ ਪਿਆ ਰਿਹਾ।
ਮੁੜਨ ਲੱਗੇ ਹਾਥੀ ਨੇ ਸ਼ੇਰ ਨੂੰ ਫੇਰ ਤਾੜ ਕੇ ਕਿਹਾ, 'ਹੁਣ ਤੇਰੇ ਲਈ ਕੋਈ ਜਾਨਵਰ ਨਹੀਂ ਆਵੇਗਾ, ਸਮਝ ਗਿਆ?'
ਹਾਥੀ ਨੇ ਉੱਥੋਂ ਆ ਕੇ ਜੰਗਲ ਦੇ ਸਾਰੇ ਜਾਨਵਰਾਂ ਨੂੰ ਕੋਲ ਬੁਲਾ ਕੇ ਕਿਹਾ, 'ਅੱਜ ਤੋਂ ਬਾਅਦ ਕੋਈ ਵੀ ਜਾਨਵਰ ਸ਼ੇਰ ਦਾ ਸ਼ਿਕਾਰ ਨਹੀਂ ਬਣੇਗਾ।'
ਸ਼ੇਰ ਫੇਰ ਆਇਆ। ਇਸ ਵਾਰ ਉਸ ਦੇ ਸਾਹਮਣੇ ਦੋ ਜ਼ੈਬਰੇ ਆ ਗਏ। ਉਹ ਸ਼ੇਰ ਦੇਖ ਕੇ ਘਬਰਾਏ ਨਹੀਂ, ਸਗੋਂ ਸ਼ੇਰ ਵੱਲ ਪਿੱਠ ਕਰ ਕੇ ਚਰਨ ਲੱਗ ਪਏ ਪਰ ਨਿਗ੍ਹਾ ਸ਼ੇਰ ਵੱਲ ਹੀ ਰੱਖੀ। ਸ਼ੇਰ ਜਿਉਂ ਹੀ ਨੇੜੇ ਆਇਆ, ਉਨ੍ਹਾਂ 'ਚੋਂ ਇਕ ਜ਼ੈਬਰੇ ਨੇ ਦੋਵੇਂ ਲੱਤਾਂ ਜੋੜ ਕੇ ਸ਼ੇਰ ਦੇ ਮੂੰਹ 'ਤੇ ਮਾਰੀਆਂ। ਸ਼ੇਰ ਲੋਟ ਪੋਟਣੀ ਖਾ ਗਿਆ। ਜਦੋਂ ਤੱਕ ਸ਼ੇਰ ਨੂੰ ਸੁਰਤ ਆਉਂਦੀ, ਉਦੋਂ ਤੱਕ ਜ਼ੈਬਰੇ ਹੋਰੀਂ ਹਾਥੀ ਕੋਲ ਪਹੁੰਚ ਚੁੱਕੇ ਸਨ।
ਜੰਗਲ 'ਚ ਇਕ ਹੋਰ ਘਟਨਾ ਦੀ ਵੀ ਬਹੁਤ ਚਰਚਾ ਸੀ।
ਜੰਗਲੀ ਮੱਝਾਂ ਚਰ ਰਹੀਆਂ ਸਨ। ਸ਼ੇਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਉਹ ਅੜ ਕੇ ਖੜ੍ਹ ਗਈਆਂ।
ਸ਼ੇਰ ਉਨ੍ਹਾਂ ਦੇ ਕੱਟਰੂਆਂ ਕੱਟੀਆਂ ਵੱਲ ਗਿਆ। ਮੱਝਾਂ 'ਚ ਪਤਾ ਨਹੀਂ ਕਿੱਥੋਂ ਏਨੀ ਤਾਕਤ ਆ ਗਈ ਕਿ ਉਹ ਸਾਰੀਆਂ ਹੀ ਟੁੱਟ ਕੇ ਪੈ ਗਈਆਂ। ਇਕ ਨੇ ਤਾਂ ਸ਼ੇਰ ਨੂੰ ਸਿੰਗਾਂ 'ਤੇ ਹੀ ਚੁੱਕ ਲਿਆ।
ਦੋ ਕੁ ਦਿਨਾਂ ਬਾਅਦ ਸ਼ੇਰ ਨੇ ਦਰੱਖਤ 'ਤੇ ਛਾਲਾਂ ਮਾਰਦੇ ਬਾਂਦਰ ਨੂੰ ਬੇਨਤੀ ਕੀਤੀ ਕਿ ਉਹ ਮੇਰੀ ਹਾਥੀ ਨਾਲ ਮੁਲਾਕਾਤ ਹੀ ਕਰਾ ਦੇਵੇ।
ਹਾਥੀ ਨੇ ਉਸ ਨੂੰ ਸਾਫ਼ ਸੁਨੇਹਾ ਭੇਜ ਦਿੱਤਾ ਕਿ ਜੇ ਤੂੰ ਕਿਸੇ ਜੀਵ ਨੂੰ ਨੁਕਸਾਨ ਪਹੁੰਚਾਵੇਂਗਾ ਤਾਂ ਮੈਂ ਤੈਨੂੰ ਬਖ਼ਸ਼ਾਂਗਾ ਨਹੀਂ। ਸ਼ੇਰ ਡਰਦਾ ਮਾਰਾ ਸੋਚਣ ਲੱਗ ਪਿਆ ਕਿ ਉਹ ਕਰੇ ਤਾਂ ਕੀ ਕਰੇ।
ਉਸ ਦਾ ਜੀਣਾ ਬਹੁਤ ਮੁਸ਼ਕਿਲ ਹੋ ਜਾਵੇਗਾ।
ਹੁਣ ਹਾਥੀ ਨੇ ਕੁਝ ਬਾਂਦਰਾਂ ਨੂੰ ਤਿਆਰ ਕੀਤਾ। ਬਾਂਦਰ ਧਰਤੀ ਅਤੇ ਹਵਾ 'ਚ ਮਾਰ ਕਰਨ ਦੇ ਸਮਰੱਥ ਸਨ। ਉਨ੍ਹਾਂ ਹਾਥੀ ਤੋਂ ਅਸ਼ੀਰਵਾਦ ਲਿਆ ਤੇ ਦਰੱਖਤਾਂ 'ਤੇ ਚੜ੍ਹ ਕੇ ਟਪੂਸੀਆਂ ਮਾਰਦੇ ਸ਼ੇਰ ਦੀ ਭਾਲ ਕਰਨ ਲੱਗੇ। ਉਨ੍ਹਾਂ ਦਰੱਖਤਾਂ ਤੋਂ ਫਲ ਤੋੜੇ ਤੇ ਲਿਜਾ ਕੇ ਸ਼ੇਰ ਦੇ ਮਾਰਨੇ ਸ਼ੁਰੂ ਕਰ ਦਿੱਤੇ। ਸ਼ੇਰ ਭੁੱਖ ਨਾਲ ਮਰ ਰਿਹਾ ਸੀ। ਫਲ ਜਦੋਂ ਤੜਾਕ ਦੇ ਕੇ ਉਸ ਦੇ ਸਿਰ 'ਚ ਵੱਜਦਾ ਸੀ ਤਾਂ ਉਹ ਧਰਤੀ ਤੋਂ ਉੱਚਾ ਉਬੜਦਾ ਸੀ, ਨਾਲੇ ਚੀਕਾਂ ਮਾਰਕੇ ਰੋਂਦਾ ਸੀ।
ਬਾਂਦਰਾਂ ਨੇ ਸ਼ੇਰ ਨੂੰ ਗਰਜ਼ਦੇ ਤਾਂ ਸੁਣਿਆ, ਪਰ ਚੀਕਾਂ ਮਾਰ ਕੇ ਰੋਂਦਾ ਪਹਿਲੀ ਵਾਰ ਦੇਖਿਆ ਸੀ। ਉਨ੍ਹਾਂ ਸਾਰਿਆਂ ਨੇ ਆ ਕੇ ਹਾਥੀ ਨੂੰ ਉਵੇਂ-ਉਵੇਂ ਕਰਕੇ ਦਿਖਾਇਆ, ਨਾਲੇ ਖੁਸ਼ੀਆਂ 'ਚ ਟਪੂਸੀਆਂ ਮਾਰੀਆਂ।
ਹਾਥੀ ਨੇ ਬਾਂਦਰਾਂ ਤੇ ਲੰਗੂਰਾਂ ਨੂੰ ਸ਼ੇਰ ਵੱਲ ਭੇਜਿਆ ਕਿ ਉਸ ਨੂੰ ਸੌਣ ਨਾ ਦਿੱਤਾ ਜਾਵੇ। ਜਦੋਂ ਸੌਣ ਲੱਗੇ ਇਹੋ ਜਿਹੀ ਹਰਕਤ ਕਰਨ, ਜਿਸ ਨਾਲ ਉਸ ਨੂੰ ਨੀਂਦ ਨਾ ਆਵੇ। ਬਾਂਦਰ ਉਸ ਦੇ ਕੋਈ ਨਾ ਕੋਈ ਫ਼ਲ਼ ਤੋੜ ਕੇ ਮਾਰਦਾ ਸੀ। ਲੰਗੂਰ ਉਸ ਦੀ ਪੂਛ ਨੂੰ ਖਿੱਚ ਕੇ ਰੁੱਖ 'ਤੇ ਚੜ੍ਹ ਜਾਂਦਾ ਸੀ।
ਕਈ ਦਿਨ ਭੁੱਖਾ ਤੇ ਉਨੀਂਦਰਾ ਰਹਿਣ ਕਾਰਨ ਸ਼ੇਰ ਕਾਫ਼ੀ ਕਮਜ਼ੋਰ ਹੋ ਗਿਆ ਸੀ। ਹੁਣ ਬੇਨਤੀ ਕਰਨੀ ਚਾਹੁੰਦਾ ਸੀ ਕਿ ਭਾਵੇਂ ਜਾਨਵਰ ਉਸ ਨੂੰ ਹਰ ਰੋਜ਼ ਖਰਗੋਸ਼ ਹੀ ਭੇਜ ਦਿਆ ਕਰਨ, ਉਹ ਕੁਝ ਨਹੀਂ ਕਹਿੰਦਾ।
ਜਦੋਂ ਇਹ ਸੁਨੇਹਾ ਹਾਥੀ ਕੋਲ ਪਹੁੰਚਿਆਂ ਤਾਂ ਉਸ ਨੇ ਸਾਫ਼ ਕਹਿ ਦਿੱਤਾ ਕਿ ਇਹ ਸੰਭਵ ਨਹੀਂ।
ਬਾਂਦਰਾਂ ਨੇ ਸ਼ੇਰ ਨੂੰ ਨਾਲ ਦੇ ਜੰਗਲ ਵੱਲ ਜਾਂਦੇ ਦੇਖਿਆ ਤਾਂ ਉਨ੍ਹਾਂ ਨੇ ਉੱਚੀਆਂ-ਉੱਚੀਆਂ ਟਪੂਸੀਆਂ ਤੇ ਨਾਲ-ਨਾਲ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
'ਚੰਗਾ ਹੋਇਆ ਜਾਨ ਸੁਖਾਲੀ ਹੋਈ।'
ਇਹ ਸੂਚਨਾ ਹਾਥੀ ਨੂੰ ਦਿੱਤੀ। ਹਾਥੀ ਸਮਝ ਗਿਆ ਕਿ ਹੁਣ ਕੀ ਹੋਣ ਵਾਲਾ ਹੈ। ਉਸ ਨੇ ਸਾਰੇ ਜਾਨਵਰਾਂ ਨੂੰ ਸੁਨੇਹਾ ਭੇਜਿਆ ਕਿ ਹੁਣ ਕਈ ਸ਼ੇਰ ਆਉਣਗੇ ਤੇ ਤੁਹਾਡੇ 'ਤੇ ਹਮਲਾ ਕਰਨਗੇ।
ਵਾਕਿਆ ਹੀ ਇਸ ਤਰ੍ਹਾਂ ਹੋਇਆ। ਜਾਨਵਰ ਅੜ੍ਹ ਕੇ ਖੜ੍ਹ ਗਏ। ਕੋਈ ਵੀ ਜਾਨਵਰ ਆਪਣੇ ਥਾਂ ਤੋਂ ਨਾ ਹਿੱਲਿਆ। ਕਿੰਨੇ ਹੀ ਸ਼ੇਰ ਦੂਰ ਖੜ੍ਹੇ ਏਧਰ-ਉਧਰ ਘੁੰਮਣ ਲੱਗ ਪਏ। ਸ਼ੇਰ ਸਮਝ ਗਏ ਕਿ ਜਾਨਵਰ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ। ਹੁਣ ਉਹ ਆਪਣੇ ਸਾਥੀ ਸ਼ੇਰ ਲਈ ਕੁਝ ਨਹੀਂ ਕਰ ਸਕਦੇ।
ਸ਼ੇਰ ਫੇਰ ਇਕੱਲਾ ਰਹਿ ਗਿਆ।
ਇਕ ਦਿਨ ਜਾਨਵਰ, ਬਾਂਦਰਾਂ ਤੋਂ ਇਹ ਸੁਣ ਕੇ ਦੰਗ ਰਹਿ ਗਏ ਸ਼ੇਰ ਵੀ ਹੁਣ ਕੰਦ ਮੂਲ ਤੇ ਘਾਹ ਖਾਣ ਲੱਗ ਪਿਆ ਸੀ।
-ਪਿੰਡ ਤੇ ਡਾਕ. ਨੀਲੋਂ ਕਲਾਂ-141124,
ਜ਼ਿਲ੍ਹਾ ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਡਰੋਨ ਕੀ ਹੈ ਅਤੇ ਕਿਵੇਂ ਕੰਮ ਕਰਦਾ ਹੈ? ਅਗਲੀ ਖ਼ਬਰ 11-07-26
Ad Position 24
No active advertisement