ਇਆਲੀ/ਥਰੀਕੇ, 10 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ਹੇਠ 1985 ਤੋਂ 1995 ਦੇ ਦੌਰ ‘ਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਨ ਤੋਂ ਬਾਅਦ ਅਣਪਛਾਤੇ ਕਰਾਰ ਦੇ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਸ਼ਮਸ਼ਾਨ ਘਾਟਾਂ ਵਿਚ ਕੀਤੇ ਸੰਸਕਾਰ ਦੇ ਕੌੜੇ ਸੱਚ ਨੂੰ ਉਜਾਗਰ ਕਰਦੀ ਫ਼ਿਲਮ ‘ਸਤਲੁਜ’, ਜਿਸ ਨੂੰ ਸਰਕਾਰ ਵਲੋਂ ਬੈਨ ਕਰਕੇ ਜੀ ਫਾਈਵ ਐਪ ਤੋਂ ਹਟਾ ਦਿੱਤਾ ਗਿਆ ਹੈ, ਨੂੰ ਹਲਕੇ ਦੇ ਪਿੰਡ ਪਿੰਡ ਵਿਚ ਦਿਖਾਉਣ ਦੀ ਮੁਹਿੰਮ ਵਿੱਢੀ ਗਈ ਹੈ। ਇਸ ਮੌਕੇ ਹਲਕਾ ਇੰਚਾਰਜ ਸਿੰਮਕ ਨੇ ਦੱਸਿਆ ਕਿ 80 ਅਤੇ 90 ਦੇ ਦਹਾਕਿਆਂ ਦੇ ਤਸ਼ੱਦਦ ਭਰੇ ਦੌਰ ਨੂੰ ਬਿਆਨ ਕਰਦੀ ਇਸ ਫ਼ਿਲਮ ਤੋਂ ਅਜੋਕੀ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਇਹ ਫ਼ਿਲਮ ਹਲਕੇ ਦੇ ਹਰ ਪਿੰਡ ਵਿਚ ਦਿਖਾਈ ਜਾਵੇਗੀ। ਇਸੇ ਲੜੀ ਤਹਿਤ ਅੱਜ ਦਿਨ ਸ਼ਨੀਵਾਰ ਨੂੰ ਇਹ ਫ਼ਿਲਮ ਹਲਕੇ ਦੇ ਪਿੰਡ ਝਾਂਡੇ ਵਿਖੇ ਦਿਖਾਈ ਜਾਵੇਗੀ।