ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਤੁਰ ਗਿਆ ਖੇਡਾਂ ਦਾ ਸਰਪ੍ਰਸਤ ਰਾਜਾ ਰਣਧੀਰ ਸਿੰਘ

Ad Position 21
No active advertisement
ਅਜੀਤ ਡੈਸਕ 30-05-2026

ਉਲੰਪਿਕ ਖੇਡਾਂ ਵਿਚ ਭਾਰਤ ਦੀ 5 ਵਾਰ ਨੁਮਾਇੰਦਗੀ ਕਰਨ ਵਾਲੇ ਨਿਸ਼ਾਨੇਬਾਜ਼ੀ ਦੇ ਬਾਦਸ਼ਾਹ ਰਾਜਾ ਰਣਧੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਖੇਡ ਇਤਿਹਾਸ ਦੇ ਸੁਨਹਿਰੇ ਯੁੱਗ ਦਾ ਅੰਤ ਹੋ ਗਿਆ ਹੈ। 1978 'ਚ ਏਸ਼ੀਆਈ ਖੇਡਾਂ ਵਿਚ ਨਿਸ਼ਾਨੇਬਾਜ਼ੀ 'ਚ ਸੋਨ ਤਗ਼ਮਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਸਨ। ਫਿਰ ਉਨ੍ਹਾਂ ਲਗਾਤਾਰ 1982 ਤੱਕ 5 ਵਾਰ ਤਗਮੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਉਹ ਭਾਰਤੀ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣੇ ਰਹੇ। ਉਹ ਅੰਤਰਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਤੇ ਖੇਡ ਪ੍ਰਬੰਧਕ ਸਨ, ਜਿਸ ਕਰਕੇ ਰਾਜਾ ਰਣਧੀਰ ਸਿੰਘ ਨੂੰ 8 ਸਤੰਬਰ 2024 ਨੂੰ ਉਲੰਪਿਕ ਕੌਂਸਲ ਆਫ਼ ਏਸ਼ੀਆ ਦਾ ਪ੍ਰਧਾਨ ਚੁਣਿਆ ਗਿਆ ਸੀ। ਉਹ ਪਹਿਲੇ ਭਾਰਤੀ ਸਨ, ਜਿਨ੍ਹਾਂ ਨੂੰ ਇਹ ਮਾਣ ਪ੍ਾਪਤ ਹੋਇਆ ਸੀ। ਰਾਜਾ ਰਣਧੀਰ ਸਿੰਘ ਦਾ ਜਨਮ ਪਟਿਆਲਾ ਵਿਖੇ ਸ਼ਾਹੀ ਖ਼ਾਨਦਾਨ 'ਚ ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਰਾਜਾ ਭਲਿੰਦਰਾ ਸਿੰਘ ਦੇ ਘਰ 18 ਅਕਤੂਬਰ 1946 ਨੂੰ ਹੋਇਆ। ਉਨ੍ਹਾਂ ਦੇ ਪਿਤਾ ਰਾਜਾ ਭਲਿੰਦਰਾ ਸਿੰਘ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਦੇ 1947 ਤੋਂ 1992 ਤੱਕ ਪ੍ਰਧਾਨ ਰਹੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਦਿੱਲੀ ਵਿਖੇ 1982 'ਚ ਏਸ਼ੀਅਨ ਖੇਡਾਂ ਹੋਈਆਂ ਸਨ। ਉਹ ਵੀ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਸਰਪਰਸਤੀ ਦਿੰਦੇ ਰਹੇ ਹਨ। ਰਾਜਾ ਰਣਧੀਰ ਸਿੰਘ ਨੇ ਮੁਢਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਅਤੇ ਕਰਨਲ ਬਰਾਊਨ ਸਕੂਲ ਦੇਹਰਾਦੂਨ ਤੋਂ ਪ੍ਰਾਪਤ ਕੀਤੀ ਤੇ ਬੀ.ਏ. ਸੇਂਟ ਸਟੀਫ਼ਨ ਕਾਲਜ ਦਿੱਲੀ ਤੋਂ ਕੀਤੀ। ਤੀਰਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਸ਼ਾਹੀ ਪਰਿਵਾਰ ਦੀ ਸ਼ਾਹੀ ਖੇਡ ਹੈ, ਜਿਸ ਕਰਕੇ ਰਾਜਾ ਰਣਧੀਰ ਸਿੰਘ ਨੂੰ ਬਚਪਨ 'ਚ ਹੀ ਤੀਰਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਦਾ ਸ਼ੌਕ ਪੈਦਾ ਹੋ ਗਿਆ ਸੀ। ਉਨ੍ਹਾਂ ਨੇ ਪਹਿਲੀ ਵਾਰ 1964 ਵਿਚ ਇੰਡੀਅਨ ਨੈਸ਼ਨਲ ਚੈਂਪੀਅਨਸ਼ਿਪ 'ਚ 18 ਸਾਲ ਦੀ ਉਮਰ ਵਿਚ ਹਿੱਸਾ ਲਿਆ। 1967 ਵਿਚ ਪਹਿਲੀ ਵਾਰ ਸਕੀਟ ਸ਼ੂਟਿੰਗ ਵਿਚ ਵਿਅਕਤੀਗਤ ਜਿੱਤ ਪ੍ਰਾਪਤ ਕੀਤੀ। ਰਾਸ਼ਟਰਮੰਡਲ ਖੇਡਾਂ 'ਚ ਉਨ੍ਹਾਂ ਨੇ 1978 ਵਿਚ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ 5 ਵਾਰ ਏਸ਼ੀਅਨ ਖੇਡਾਂ 'ਚ ਵੀ ਆਪਣੀ ਸਰਦਾਰੀ ਕਾਇਮ ਕੀਤੀ। 1982 ਦੀਆਂ ਏਸ਼ੀਅਨ ਖੇਡਾਂ 'ਚ ਉਨ੍ਹਾਂ ਨੇ ਚਾਂਦੀ ਤੇ ਕਾਂਸੇ ਦਾ ਤਗਮਾ ਜਿੱਤਿਆ।
ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ 1979 ਵਿਚ 'ਅਰਜੁਨ ਪੁਰਸਕਾਰ' ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਨੇ ਵੀ 'ਮਹਾਰਾਜਾ ਰਣਜੀਤ ਸਿੰਘ ਪੁਰਸਕਾਰ' ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ। ਆਮ ਤੌਰ 'ਤੇ ਖਿਡਾਰੀ ਆਪਣੀ ਖੇਡ ਦੇ ਹੀ ਮਾਹਿਰ ਹੁੰਦੇ ਹਨ, ਪਰ ਰਾਜਾ ਰਣਧੀਰ ਸਿੰਘ ਕੁਸ਼ਲ ਖੇਡ ਪ੍ਰਬੰਧਕ ਤੌਰ 'ਤੇ ਵੀ ਨਾਮਣਾ ਖੱਟ ਚੁੱਕੇ ਸਨ। 1987 ਤੋਂ 2014 ਤੱਕ ਉਹ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਹੇ। 1991 ਤੋਂ 2015 ਤੱਕ ਉਹ ਉਲੰਪਿਕ ਕੌਂਸਲ ਆਫ਼ ਏਸ਼ੀਆ ਦੇ ਵੀ ਜਨਰਲ ਸਕੱਤਰ ਰਹੇ। ਐਫਰੋ ਏਸ਼ੀਅਨ ਗੇਮਜ਼ ਕੌਂਸਲ ਦੇ ਉਹ ਪਹਿਲੇ ਫਾਊਂਡਰ ਸਕੱਤਰ ਜਨਰਲ ਸਨ, ਜਿਹੜੇ 1998 ਤੋਂ 2007 ਤੱਕ ਇਸ ਅਹੁਦੇ 'ਤੇ ਰਹੇ। ਉਨ੍ਹਾਂ ਨੇ 2003 'ਚ ਹੈਦਰਾਬਾਦ ਵਿਚ ਹੋਈਆਂ ਐਫਰੋ ਏਸ਼ੀਅਨ ਗੇਮਜ਼ ਦੀ ਅਗਵਾਈ ਕੀਤੀ ਸੀ। 2010 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਵਿਚ ਕਰਵਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਨੂੰ 6ਵੀਂ ਵਾਰ ਓ.ਸੀ.ਏ. ਦਾ ਸਕੱਤਰ ਜਨਰਲ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਉਹ ਵਰਲਡ ਐਂਟੀ ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦੇ 2003 ਤੋਂ 2005 ਤੱਕ, ਉਲੰਪਿਕ ਗੇਮਜ਼ ਸਟੱਡੀ 2002 ਤੋਂ 2003, ਸਪੋਰਟ ਫਾਰ ਆਲ 2004, ਵੂਮੈਨ ਐਂਡ ਸਪੋਰਟ 2006, ਕੋਆਰਡੀਨੇਸ਼ਨ ਫਾਰ ਫਸਟ ਸਮਰ ਯੂਥ ਗੇਮਜ਼ ਸਿੰਗਾਪੁਰ 2010 ਅਤੇ ਉਲੰਪਿਕ ਟਰੂਸ ਫਾਊਂਡੇਸ਼ਨ 2007 ਦੇ ਉਹ ਮੈਂਬਰ ਰਹੇ ਸਨ। 2006 ਵਿਚ ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ ਫ਼ਿਜ਼ੀਕਲ ਐਜੂਕੇਸ਼ਨ ਗਵਾਲੀਅਰ ਨੇ ਉਨ੍ਹਾਂ ਨੂੰ 'ਡੀ.ਲਿਟ. ਇਨ ਸਪੋਰਟਸ ਸਾਇੰਸ' ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ। 26 ਅਗਸਤ 2011 ਨੂੰ ਉਨ੍ਹਾਂ ਨੇ ਖੇਡਾਂ ਤੋਂ ਸੇਵਾਮੁਕਤੀ ਲੈ ਲਈ ਸੀ, ਪਰ ਉਹ ਖੇਡਾਂ ਦੇ ਪ੍ਰਬੰਧ ਤੇ ਆਯੋਜਨ 'ਚ ਸਲਾਹਕਾਰ ਦੀਆਂ ਸੇਵਾਵਾਂ ਪ੍ਦਾਨ ਕਰਦੇ ਰਹੇ। ਉਹ ਕੌਮਾਂਤਰੀ ਉਲੰਪਿਕ ਸੰਘ ਦੇ ਲੰਮਾ ਸਮਾਂ ਮੈਂਬਰ ਰਹੇ। ਉਲੰਪਿਕ ਸੰਘ ਵਲੋਂ 'ਉਲੰਪਿਕ ਆਰਡਰ' ਨਾਲ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਉਮਰ ਭਰ ਲਈ ਪ੍ਰਧਾਨ ਬਣਾ ਕੇ ਸਨਮਾਨ ਦਿੱਤਾ ਸੀ। ਉਨ੍ਹਾਂ ਨੂੰ ਏਸ਼ੀਆਈ ਉਲੰਪਿਕ ਪ੍ਰੀਸ਼ਦ ਨੇ 2022 'ਚ ਚੀਨ ਵਿਚ ਹੋਈਆਂ ਏਸ਼ੀਆਈ ਖੇਡਾਂ ਦੀ ਤਾਲਮੇਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਉਹ 1991 ਤੋਂ 2015 ਤੱਕ 24 ਸਾਲ ਏਸ਼ੀਆਈ ਉਲੰਪਿਕ ਪ੍ਰੀਸ਼ਦ ਦੇ ਜਨਰਲ ਸਕੱਤਰ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਕਰਨੀ ਸਿੰਘ ਤੋਂ ਬਾਅਦ ਮਿਕਸਡ ਟਰੈਪ ਵਿਚ ਉਨ੍ਹਾਂ ਦਾ ਨਾਂਅ ਆਉਂਦਾ ਹੈ।
ਰਾਜਾ ਰਣਧੀਰ ਸਿੰਘ ਭਾਵੇਂ ਸ਼ਾਹੀ ਪਰਿਵਾਰ ਤੋਂ ਸਨ, ਪਰ ਉਹ ਬਹੁਤ ਹੀ ਨਿਮਰਤਾ, ਮਿਲਾਪੜੇ, ਖ਼ੁਸ਼ਦਿਲ ਤੇ ਹਲੀਮੀ ਵਾਲੇ ਸਨ। ਉਨ੍ਹਾਂ ਦਾ ਚਚੇਰਾ ਭਰਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਦੋ ਵਾਰ ਮੁੱਖ ਮੰਤਰੀ ਰਿਹਾ, ਭਰਜਾਈ ਮਹਾਰਾਣੀ ਪਰਨੀਤ ਕੌਰ ਕੇਂਦਰੀ ਮੰਤਰੀ ਰਹੇ, ਪਰ ਉਨ੍ਹਾਂ ਨੇ ਸਿਆਸਤ ਵਿਚ ਬਿਲਕੁਲ ਹੀ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਵੀ ਖੇਡ ਪ੍ਰੇਮੀ ਸਨ, ਜਿਨ੍ਹਾਂ ਨੇ ਦਿੱਲੀ ਵਿਖੇ ਪਹਿਲੀਆਂ ਏਸ਼ੀਅਨ ਖੇਡਾਂ 1951 'ਚ ਕਰਵਾਈਆਂ ਸਨ। ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੀ ਇਮਾਰਤ ਵੀ ਸ਼ਾਹੀ ਪਰਿਵਾਰ ਨੇ ਮੁਫ਼ਤ ਵਿਚ ਕੇਂਦਰ ਸਰਕਾਰ ਨੂੰ ਇਹ ਸਪੋਰਟਸ ਸੰਸਥਾ ਸਥਾਪਤ ਕਰਨ ਲਈ ਦਿੱਤੀ ਸੀ। ਅੰਗਰੇਜ਼ਾਂ ਦੇ ਰਾਜ ਸਮੇਂ ਵੀ ਇਹ ਪਰਿਵਾਰ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਾ ਰਿਹਾ ਹੈ। ਰੁਸਤਮੇ ਹਿੰਦ ਰਹੇ ਕੇਸਰ ਸਿੰਘ ਪਹਿਲਵਾਨ ਵਰਗੇ ਅਨੇਕਾਂ ਖਿਡਾਰੀ ਇਸੇ ਪਰਿਵਾਰ ਦੀ ਦੇਣ ਸਨ। ਸਾਈਕਲ, ਕ੍ਰਿਕਟ, ਸ਼ੂਟਿੰਗ ਤੇ ਹੌਰਸ ਪੋਲੋ ਖੇਡਾਂ 'ਚ ਪਟਿਆਲਾ ਸ਼ਾਹੀ ਘਰਾਣੇ ਦੀ ਸਰਪਰਸਤੀ ਨੇ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਰਾਜਾ ਰਣਧੀਰ ਸਿੰਘ ਇਸ ਸਮੇਂ ਦਿੱਲੀ ਵਿਖੇ ਰਹਿੰਦੇ ਸਨ ਤੇ ਉਨ੍ਹਾਂ ਦੀ ਉਮਰ 80 ਸਾਲ ਸੀ। ਉਨ੍ਹਾਂ ਦੀਆਂ ਚਾਰ ਲੜਕੀਆਂ ਹਨ। ਉਹ 27 ਮਈ 2026 ਨੂੰ ਦਿੱਲੀ ਵਿਖੇ ਆਪਣੇ ਘਰ 'ਚ ਲੰਬੀ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਏ।

-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ,
ਮੋਬਾਈਲ : 94178-13072
ਈਮੇਲ : ujagarsingh48@yahoo.com

Ad Position 22
No active advertisement
ਪਿਛਲੀ ਖ਼ਬਰ 30-05-26 ਅਗਲੀ ਖ਼ਬਰ ਹਿੰਦੀ ਪੱਤਰਕਾਰੀ ਕਦੇ ਮਿਸ਼ਨ ਹੁੰਦੀ ਸੀ
Ad Position 24
No active advertisement