ਜਦੋਂ ਦੇਸ਼ 30 ਮਈ ਨੂੰ ਹਿੰਦੀ ਪੱਤਰਕਾਰੀ ਦਿਵਸ ਮਨਾਉਂਦਾ ਹੈ ਤਾਂ ਇਹ 1826 'ਚ ਉਦੰਤ ਮਾਰਤੰਡ ਨਾਲ ਸ਼ੁਰੂ ਹੋਈ ਯਾਤਰਾ ਦੀ ਯਾਦ ਦਿਵਾਉਂਦਾ ਹੈ, ਜੋ ਹੁਣ ਮੋਬਾਈਲ ਸਕ੍ਰੀਨ, ਯੂਟਿਊਬ ਚੈਨਲਾਂ ਤੇ ਡਿਜੀਟਲ ਸਟੂਡੀਓ ਤੱਕ ਪਹੁੰਚ ਗਈ ਹੈ।
ਤਕਨੀਕ ਦਾ ਨਹੀਂ, ਵਿਸ਼ਵਾਸ ਦਾ ਸੰਕਟ
ਇਕ ਵੱਡਾ ਸਵਾਲ ਹੈ: ਕੀ ਹਿੰਦੀ ਪੱਤਰਕਾਰੀ ਅਜੇ ਵੀ ਓਨੀ ਹੀ ਸੁਤੰਤਰ, ਨਿਡਰ ਤੇ ਲੋਕ-ਪੱਖੀ ਹੈ, ਜਿੰਨੀ ਇਹ ਆਪਣੇ ਸ਼ੁਰੂਆਤੀ ਦਿਨਾਂ ਵਿਚ ਸੀ? ਸਚਾਈ 'ਤੇ ਆਧਾਰਿਤ ਲੇਖ ਤੇ ਖ਼ਬਰਾਂ, ਸੱਚ ਨਾਲ ਖੜੋ ਕੇ ਸੱਤਾ ਨਾਲ ਟਕਰਾਉਂਦਿਆਂ ਲੋਕਾਂ ਲਈ ਕੰਮ ਕਰਨਾ, ਪਹਿਲਾਂ ਹਿੰਦੀ ਪੱਤਰਕਾਰੀ ਦੀ ਪਛਾਣ ਸੀ। ਕਿਸੇ ਨਿਰਪੱਖ ਪੱਤਰਕਾਰ ਨੂੰ ਸੱਤਾ ਦੇ ਗ਼ਲਤ ਪੱਖ ਨੂੰ ਉਜਾਗਰ ਕਰਨ ਜਾਂ ਕਿਸੇ ਨੇਤਾ ਦਾ ਪਰਦਾਫਾਸ਼ ਕਰਨ 'ਤੇ ਉਸ ਦੇ ਭੜਕਾਏ ਲੋਕਾਂ ਦੀ ਗੁੰਡਾਗਰਦੀ ਦਾ ਪੱਤਰਕਾਰਾਂ ਨੂੰ ਅਕਸਰ ਸਾਹਮਣਾ ਕਰਨਾ ਪੈਂਦਾ ਸੀ। ਪਰ ਪਾਠਕਾਂ ਦੇ ਦਿਲਾਂ ਨੂੰ ਛੂਹਣ ਵਾਲੀਆਂ ਉਨ੍ਹਾਂ ਦੀਆਂ ਲਿਖਤਾਂ ਬਲਦੇ ਅੰਗਿਆਰਾਂ ਵਾਂਗ ਹਵਾ ਦੇ ਬੁੱਲਿਆਂ ਨਾਲ ਸਚਾਈ ਨੂੰ ਸਾਹਮਣੇ ਲੈ ਹੀ ਆਉਂਦੀਆਂ ਸਨ। ਗਣੇਸ਼ ਸ਼ੰਕਰ ਵਿਦਿਆਰਥੀ, ਮੱਖਣ ਲਾਲ ਚਤੁਰਵੇਦੀ ਤੇ ਬਾਬੂਰਾਓ ਵਿਸ਼ਨੂੰ ਪਰਾਡਕਰ ਸਾਨੂੰ ਉਸ ਸਮੇਂ ਦੀ ਯਾਦ ਦਿਵਾਉਂਦੇ ਹਨ, ਜਦੋਂ ਪੱਤਰਕਾਰੀ ਕੋਈ ਪੇਸ਼ਾ ਨਹੀਂ, ਸਗੋਂ ਰਾਸ਼ਟਰੀ ਚੇਤਨਾ ਦੀ ਇਕ ਮੁਹਿੰਮ ਹੁੰਦੀ ਸੀ। ਪੱਤਰਕਾਰ ਜੇਲ੍ਹਾਂ 'ਚ ਜਾਂਦੇ, ਅਖ਼ਬਾਰਾਂ ਬੰਦ ਹੁੰਦੀਆਂ ਪਰ ਕਲਮ ਨਹੀਂ ਸੀ ਰੁਕਦੀ। ਹਿੰਦੀ ਦੀ ਲੋਕਾਂ ਵਿਚ ਪਹੁੰਚ ਸੀ ਤੇ ਅੱਜ ਵੀ ਕਾਇਮ ਹੈ। ਅੰਗਰੇਜ਼ੀ ਵਿਚ ਲਿਖਣ ਵਾਲੇ ਲੇਖਕ ਖੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਵਰਗੇ ਪੱਤਰਕਾਰ ਵੀ ਅੰਗਰੇਜ਼ੀ ਦੀ ਬਜਾਏ ਅਨੁਵਾਦਾਂ ਤੇ ਰੂਪਾਂਤਰਾਂ ਰਾਹੀਂ ਹਿੰਦੀ 'ਚ ਛਪਣ ਕਾਰਨ ਆਮ ਪਾਠਕਾਂ ਵਿਚ ਪ੍ਰਸਿੱਧ ਹੋ ਸਕੇ ਸਨ। ਲਾਲਾ ਜਗਤ ਨਾਰਾਇਣ ਦੀ ਲੇਖਣੀ, ਪ੍ਰਭਾਸ਼ ਜੋਸ਼ੀ ਦੀ ਤਿੱਖੀ ਆਲੋਚਨਾ, ਰਾਜੇਂਦਰ ਮਾਥੁਰ ਦੀ ਡੂੰਘਾਈ ਤੱਕ ਜਾਣ ਦੀ ਪ੍ਰਤਿਭਾ ਅਤੇ ਵੇਦ ਪ੍ਰਤਾਪ ਵੈਦਿਕ ਦੀ ਸੰਤੁਲਿਤ ਸ਼ੈਲੀ ਨੇ ਹਿੰਦੀ ਪੱਤਰਕਾਰੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਪਰ ਹੁਣ ਪੱਤਰਕਾਰੀ ਸੰਸਥਾਵਾਂ ਤੋਂ ਨਿਕਲ ਕੇ ਸ਼ਖਸੀਅਤ-ਅਧਾਰਿਤ ਬਣ ਗਈ ਹੈ। ਪੱਤਰਕਾਰ ਘਰਾਣਿਆਂ ਨੂੰ ਉਦਯੋਗਪਤੀਆਂ ਨੇ ਆਪਣੇ ਉਦਯੋਗਿਕ ਸਾਮਰਾਜਾਂ 'ਚ ਸ਼ਾਮਿਲ ਕਰ ਲਿਆ ਹੈ। ਸੰਪਾਦਕ ਦੀ ਮਹੱਤਤਾ ਘਟ ਕੇ ਸੰਪਾਦਕੀ ਦਫ਼ਤਰ ਦੀ ਇਕ ਸਰਗਰਮੀ ਬਣ ਗਈ ਹੈ ਅਤੇ ਪੱਤਰਕਾਰ ਉਸ ਦੀ ਮਰਜ਼ੀ ਅਨੁਸਾਰ ਲਿਖਣ ਲੱਗੇ ਹਨ। ਅਖ਼ਬਾਰ ਸਮੂਹ ਜਿਨ੍ਹਾਂ ਲਈ ਅੰਗਰੇਜ਼ੀ 'ਚ ਰਸਾਲੇ ਪ੍ਰਕਾਸ਼ਿਤ ਕਰਨਾ ਸੱਤਾ ਤੱਕ ਪਹੁੰਚ ਬਣਾਉਣ ਦਾ ਇਕ ਸਾਧਨ ਹੁੰਦਾ ਸੀ, ਜਦਕਿ ਹਿੰਦੀ ਅਖ਼ਬਾਰ ਪ੍ਰਕਾਸ਼ਿਤ ਕਰਨਾ ਜਨਤਾ ਤੱਕ ਪਹੁੰਚਣ ਦਾ ਇਕ ਰਸਤਾ ਸੀ। ਹਿੰਦੀ ਦਾ ਕਦੇ ਵੀ ਭਾਰਤੀ ਭਾਸ਼ਾਵਾਂ ਨਾਲ ਕੋਈ ਮੁਕਾਬਲਾ ਨਹੀਂ ਰਿਹਾ, ਪਰ ਅੰਗਰੇਜ਼ੀ ਅਕਸਰ ਦੋ ਬਿੱਲੀਆਂ ਵਿਚਕਾਰ ਲੜਾਈ ਕਰਵਾ ਕੇ ਬਾਂਦਰ ਦੀ ਭੂਮਿਕਾ ਨਿਭਾਉਣ ਵਿਚ ਸਫਲ ਹੋ ਜਾਂਦੀ ਸੀ। ਜਿਸ ਕਰਕੇ ਅੰਗਰੇਜ਼ੀ ਅਖ਼ਬਾਰ 24, 28 ਤੇ 40 ਪੰਨਿਆਂ ਤੱਕ ਵਧ ਗਏ, ਜਦਕਿ ਹਿੰਦੀ ਵਾਲੇ 4, 8 ਜਾਂ 12 ਪੰਨਿਆਂ ਤੱਕ ਸੀਮਤ ਹੋ ਗਏ। ਕਈ ਹਿੰਦੀ ਅਖ਼ਬਾਰ ਸਮੂਹ ਤਾਂ ਅੰਗਰੇਜ਼ੀ ਪ੍ਰਕਾਸ਼ਨਾਂ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਸਮਰੱਥ ਸਨ, ਫਿਰ ਵੀ ਹਿੰਦੀ ਅਖ਼ਬਾਰ ਹੀ ਸਭ ਤੋਂ ਪਹਿਲਾਂ ਬੰਦ ਕੀਤੇ ਗਏ। ਅੰਗਰੇਜ਼ੀ ਰਸਾਲਿਆਂ 'ਤੇ ਹਾਵੀ ਦਿਨਮਾਨ ਵਰਗੇ ਹਿੰਦੀ ਰਸਾਲੇ ਬੰਦ ਕਰ ਦਿੱਤੇ ਗਏ। ਇਸ ਤੋਂ ਬਾਅਦ ਵੱਡੇ ਸਮੂਹਾਂ ਨੇ ਸੰਪਾਦਕ ਦੀ ਜ਼ਰੂਰਤ ਨੂੰ ਘਟਾਉਂਦਿਆ ਬਾਜ਼ਾਰ ਦੇ ਦਬਦਬੇ ਵਾਲੇ ਮਾਡਲ ਨੂੰ ਅਪਣਾਇਆ ਤੇ ਸੰਪਾਦਕ ਲਈ ਸੰਪਾਦਕੀ ਲਿਖਣ ਸਮੇਂ ਸਮੱਗਰੀ ਦੀ ਚੋਣ ਕਰਨ ਸਮੇਂ ਉਕਤ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਗਿਆ। ਨਤੀਜੇ ਵਜੋਂ ਇਕ ਜੁਝਾਰੂ ਪੱਤਰਕਾਰ ਤੇ ਇਕ ਮਿਹਨਤੀ ਸੰਪਾਦਕ ਦੀ ਭੂਮਿਕਾ ਸਿਰਫ਼ ਉਸ ਦਾ ਨਾਂਅ ਛਪਣ ਤੱਕ ਸੀਮਤ ਹੋ ਗਈ। ਅਜਿਹੇ ਸਮੇਂ ਦੌਰਾਨ ਵੀ ਕੁਝ ਹਿੰਦੀ ਅਖ਼ਬਾਰਾਂ ਦੇ ਮਾਲਕਾਂ ਵਲੋਂ ਪੱਤਰਕਾਰਾਂ ਦੀ ਲੇਖਣੀ ਦਾ ਸਮਰਥਨ ਕਰਨ ਕਰਕੇ ਸੁਤੰਤਰ ਤੇ ਤੱਥ-ਅਧਾਰਿਤ ਪੱਤਰਕਾਰੀ ਜੀਵਤ ਰਹੀ। ਅੱਜ ਹਿੰਦੀ ਵਿਚ ਸਭ ਤੋਂ ਵੱਧ ਅਖ਼ਬਾਰਾਂ ਤੇ ਰਸਾਲੇ ਜ਼ਿਆਦਾਤਰ ਪੇਂਡੂ ਖੇਤਰਾਂ, ਛੋਟੇ ਜ਼ਿਲ੍ਹਿਆਂ ਤੇ ਕਸਬਿਆਂ ਵਿਚ ਉਨ੍ਹਾਂ ਵਿਅਕਤੀਆਂ ਦੁਆਰਾ ਪ੍ਰਕਾਸ਼ਿਤ ਹੁੰਦੇ ਹਨ, ਜਿਸ ਦੇ ਸੰਪਾਦਕ, ਪ੍ਰਿੰਟਰ, ਪ੍ਰਕਾਸ਼ਕ ਤੇ ਵਿਗਿਆਪਨ ਇੱਕਤਰ ਕਰਨ ਵਾਲੇ ਉਹ ਖ਼ੁਦ ਹੁੰਦੇ ਹਨ। ਬਹੁਤ ਸਾਰੇ ਚਲਾਕ ਵਿਅਕਤੀ ਇਕ ਪੱਤਰਕਾਰ ਦੀ ਆੜ ਵਿਚ ਪ੍ਰਸ਼ਾਸਨ ਤਕ ਉੱਚੀ ਪਹੁੰਚ ਹੋਣ ਕਰਕੇ ਇੰਨੀ ਸਫਾਈ ਨਾਲ ਬਲੈਕਮੇਲਿੰਗ ਕਰਦੇ ਹਨ ਕਿ ਉਹ ਕਦੇ ਫੜੇ ਨਹੀਂ ਜਾਂਦੇ ਹਨ। ਫਿਰ ਵੀ ਸੁਹਿਰਦ ਪੱਤਰਕਾਰ ਆਪਣੀਆਂ ਜਾਨਾਂ ਨੂੰ ਜੋਖਮ ਵਿਚ ਪਾ ਕੇ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਤੋਂ ਲੈ ਕੇ ਮਾਫੀਆ ਨੈੱਟਵਰਕ ਤੱਕ ਦਾ ਪਰਦਾਫਾਸ਼ ਕਰਦੇ ਰਹਿੰਦੇ ਹਨ।
ਮੀਡੀਆ 'ਚ ਪਾੜਾ
ਅੰਗਰੇਜ਼ੀ ਪੱਤਰਕਾਰੀ ਨੂੰ ਸੱਤਾ, ਕਾਰਪੋਰੇਟ ਤੇ ਅੰਤਰਰਾਸ਼ਟਰੀ ਪਲੇਟਫਾਰਮਾਂ ਤੱਕ ਮੁਕਾਬਲਤਨ ਆਸਾਨ ਪਹੁੰਚ ਪ੍ਰਾਪਤ ਸੀ, ਜਦੋਂ ਕਿ ਹਿੰਦੀ ਤੇ ਖੇਤਰੀ ਪੱਤਰਕਾਰੀ ਨੂੰ ਸਿੱਧੇ ਤੌਰ 'ਤੇ ਪੇਂਡੂ ਸਮੱਸਿਆਵਾਂ ਤੇ ਸਥਾਨਕ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹੀ ਸਥਿਤੀ ਅੱਜ ਡਿਜੀਟਲ ਯੁੱਗ ਵਿਚ ਚੈਨਲਾਂ ਦੀ ਹੈ, ਜਿੱਥੇ ਕਿਸੇ ਛੋਟੇ ਜ਼ਿਲ੍ਹੇ ਦਾ ਪੱਤਰਕਾਰ ਕਿਸੇ ਹਿੰਦੀ ਚੈਨਲ ਲਈ ਬੜੀ ਲਗਨ ਤੇ ਮਿਹਨਤ ਨਾਲ ਗੈਰ-ਕਾਨੂੰਨੀ ਜ਼ਮੀਨੀ ਹੜੱਪਣ, ਪੰਚਾਇਤੀ ਭ੍ਰਿਸ਼ਟਾਚਾਰ ਜਾਂ ਹੋਰ ਧਾਂਦਲੀਆਂ ਦਾ ਪਰਦਾਫਾਸ਼ ਕਰਨ ਮੌਕੇ ਇਕੱਲਾ ਪੈ ਜਾਂਦਾ ਹੈ, ਜਦਕਿ ਅੰਗਰੇਜ਼ੀ ਪੱਤਰਕਾਰਤਾ ਆਪਣੇ ਮਹਿੰਗੇ ਕੈਮਰਿਆਂ ਤੇ ਹੋਰ ਸਹੂਲਤਾਂ ਨਾਲ ਬਾਜ਼ੀ ਮਾਰ ਜਾਂਦੀ ਹੈ। ਇਹ ਕੋਈ ਆਲੋਚਨਾ ਜਾਂ ਦੋਸ਼ ਨਹੀਂ ਹੈ, ਸਗੋਂ ਇਕ ਹਕੀਕਤ ਹੈ ਜਿਸ ਵੱਲ ਨਾ ਤਾਂ ਮਾਲਕ ਤੇ ਨਾ ਹੀ ਸਰਕਾਰ ਧਿਆਨ ਦਿੰਦੀ ਹੈ। ਅੱਜ ਮੋਬਾਈਲ ਫੋਨਾਂ ਨੇ ਹਰ ਕਿਸੇ ਨੂੰ ਇਕ ਸੰਭਾਵੀ ਪੱਤਰਕਾਰ ਬਣਾ ਦਿੱਤਾ ਹੈ। ਯੂਟਿਊਬ ਤੇ ਸੋਸ਼ਲ ਮੀਡੀਆ ਨੇ ਪੱਤਰਕਾਰੀ ਦਾ ਲੋਕਤੰਤਰੀਕਰਨ ਕੀਤਾ ਹੈ, ਪਰ ਜਦੋਂ ਇਸ 'ਚ ਨਿੱਜੀ ਹਿੱਤ ਸ਼ਾਮਿਲ ਹੋ ਜਾਂਦੇ ਹਨ ਤਾਂ ਇਹ ਦਾਗ਼ੀ ਹੋ ਜਾਂਦੀ ਹੈ। ਹੁਣ ਵੱਡੇ ਮੀਡੀਆ ਅਦਾਰਿਆਂ ਤੋਂ ਬਾਹਰ ਵੀ ਸੋਸ਼ਲ ਮੀਡੀਆ ਰਾਹੀਂ ਆਵਾਜ਼ਾਂ ਉੱਭਰ ਕੇ ਆਪਣੀ ਪਹੁੰਚ ਵਧਾ ਰਹੀਆਂ ਹਨ। ਪਰ ਡਿਜੀਟਲ ਯੁੱਗ ਆਪਣੇ ਨਾਲ ਨਵੀਆਂ ਸਮੱਸਿਆਵਾਂ- ਜਾਅਲੀ ਖ਼ਬਰਾਂ, ਟ੍ਰੋਲ ਸੱਭਿਆਚਾਰ, ਐਲਗੋਰਿਦਮ-ਸੰਚਾਲਿਤ ਸਨਸਨੀਆਂ, ਵਿਚਾਰਧਾਰਕ ਧਰੁਵੀਕਰਨ ਵੀ ਲੈ ਆਇਆ ਹੈ, ਹੁਣ ਖ਼ਬਰਾਂ ਪਹਿਲਾਂ ਵਾਇਰਲ ਹੁੰਦੀਆਂ ਹਨ ਤੇ ਉਨ੍ਹਾਂ ਦੀ ਪੁਸ਼ਟੀ ਬਾਅਦ ਵਿਚ ਹੁੰਦੀ ਹੈ।
ਮੀਡੀਆ ਸੂਚਨਾ ਉਦਯੋਗ ਬਣਿਆ
ਪਹਿਲਾਂ ਖ਼ਬਰਾਂ ਜਨਤਾ ਤੱਕ ਪਹੁੰਚਦੀਆਂ ਸਨ, ਪਰ ਹੁਣ ਜਨਤਕ ਵਿਵਹਾਰ ਖ਼ੁਦ ਖ਼ਬਰ ਉਦਯੋਗ ਤੱਕ ਪਹੁੰਚਦਾ ਹੈ। ਡਿਜੀਟਲ ਪਲੇਟਫਾਰਮ ਫ਼ੈਸਲਾ ਕਰਦੇ ਹਨ ਕਿ ਕਿਹੜੀ ਖ਼ਬਰ ਕਿੰਨੇ ਸਮੇਂ ਲਈ ਤੇ ਕਿਵੇਂ ਦਿਖਾਉਣੀ ਹੈ। ਹੁਣ ਸਿਰਫ਼ ਸੰਪਾਦਕ ਦੀ ਮਰਜ਼ੀ ਨਹੀਂ ਚਲਦੀ, ਕਿਉਂਕਿ ਡੇਟਾ ਤੇ ਇਸ਼ਤਿਹਾਰਬਾਜ਼ੀ ਨਵੇਂ 'ਅਦਿੱਖ ਸੰਪਾਦਕ' ਬਣ ਗਏ ਹਨ। ਇਹ ਆਧੁਨਿਕ ਪੱਤਰਕਾਰੀ ਦਾ ਸਭ ਤੋਂ ਵੱਡਾ ਅਤੇ ਘੱਟ ਚਰਚਾ ਵਾਲਾ ਸੱਚ ਹੈ। ਕੀ ਅੱਜ ਕੋਈ ਪੱਤਰਕਾਰ ਸੱਚਮੁੱਚ ਕਹਿ ਸਕਦਾ ਹੈ: 'ਨਾ ਕਿਸੇ ਨਾਲ ਦੋਸਤੀ, ਨਾ ਕਿਸੇ ਨਾਲ ਵੈਰ'? ਸ਼ਾਇਦ ਇਹ ਪੂਰੀ ਹਕੀਕਤ ਨਾ ਹੋਵੇ, ਪਰ ਪੱਤਰਕਾਰੀ ਦਾ ਆਦਰਸ਼ ਜ਼ਰੂਰ ਹੈ ਅਤੇ ਜਿੰਨਾ ਚਿਰ ਇਹ ਆਦਰਸ਼ ਰਹੇਗਾ ਤਾਂ ਲੋਕਤੰਤਰ ਵਿਚ ਵਿਸ਼ਵਾਸ ਵੀ ਜ਼ਿੰਦਾ ਰਹੇਗਾ। ਪੱਤਰਕਾਰੀ ਦਾ ਉਦੇਸ਼ ਸੱਤਾ ਦੇ ਨਾਲ ਖੜ੍ਹਾ ਹੋਣਾ ਨਹੀਂ ਹੈ, ਸਗੋਂ ਸਮਾਜ ਨੂੰ ਸੱਚ ਦੇ ਨਾਲ ਖੜ੍ਹਾ ਕਰਨਾ ਹੈ।
ਈ-ਮੇਲ : pooranchandsarin@gmail.com