ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਚੋਣਾਂ ਦਾ ਸੰਦੇਸ਼

Ad Position 21
No active advertisement
ਅਜੀਤ ਡੈਸਕ 30-05-2026

26 ਮਈ ਨੂੰ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ, ਜਿਨ੍ਹਾਂ ਵਿਚ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸ਼ਾਮਿਲ ਸਨ, ਦੇ ਨਤੀਜਿਆਂ ਨੂੰ ਪੰਜਾਬ ਵਿਚ ਬੜੀ ਹੀ ਦਿਲਚਸਪੀ ਤੇ ਉਤਸੁਕਤਾ ਨਾਲ ਦੇਖਿਆ ਗਿਆ ਹੈ। ਸਥਾਨਕ ਚੋਣਾਂ ਵਿਚ ਸਥਾਨਕ ਮਸਲਿਆਂ ਦੀ ਗੱਲ ਚਲਦੀ ਹੈ, ਇਸ ਲਈ ਆਮ ਲੋਕਾਂ ਵਿਚ ਇਨ੍ਹਾਂ ਦੇ ਨਤੀਜਿਆਂ ਲਈ ਵਧੇਰੇ ਦਿਲਚਸਪੀ ਹੁੰਦੀ ਹੈ। ਭਾਵੇਂ ਕਿ ਆਮ ਤੌਰ 'ਤੇ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਸਥਾਨਕ ਚੋਣਾਂ ਵਿਚ ਕਈ ਪੱਖਾਂ ਤੋਂ ਪ੍ਰਸ਼ਾਸਨ ਚਲਾ ਰਹੀ ਪਾਰਟੀ ਦਾ ਪੱਲੜਾ ਭਾਰੀ ਰਹਿੰਦਾ ਹੈ। ਅਜਿਹਾ ਅਕਸਰ ਵੇਖਣ ਵਿਚ ਵੀ ਆਇਆ ਹੈ। ਪੰਜਾਬ ਵਿਚ ਪਿਛਲੀਆਂ ਸਥਾਨਕ ਚੋਣਾਂ ਸਾਲ 2021 ਵਿਚ ਹੋਈਆਂ ਸਨ, ਉਸ ਸਮੇਂ ਸੂਬੇ ਵਿਚ ਕਾਂਗਰਸ ਦੀ ਹਕੂਮਤ ਸੀ ਅਤੇ ਉਸ ਸਮੇਂ ਉਸ ਨੇ ਉਪਰੋਕਤ 8 ਨਗਰ ਨਿਗਮਾਂ ਵਿਚ ਜਿੱਤ ਪ੍ਰਾਪਤ ਕੀਤੀ ਸੀ, ਜਿਨ੍ਹਾਂ ਵਿਚ ਪਠਾਨਕੋਟ, ਬਟਾਲਾ, ਬਠਿੰਡਾ, ਹੁਸ਼ਿਆਰਪੁਰ, ਮੋਗਾ, ਕਪੂਰਥਲਾ, ਅਬੋਹਰ ਅਤੇ ਮੁਹਾਲੀ ਆਦਿ ਸ਼ਾਮਿਲ ਸਨ।
ਇਸ ਵਾਰ ਹੋਈਆਂ ਇਨ੍ਹਾਂ ਚੋਣਾਂ ਵਿਚ ਇਕ ਵਿਸ਼ੇਸ਼ ਦਿਲਚਸਪੀ ਵਾਲੀ ਗੱਲ ਇਹ ਸੀ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ, ਜਿਸ ਕਰਕੇ ਇਨ੍ਹਾਂ ਚੋਣਾਂ ਦੇ ਨਤੀਜੇ ਲੋਕਾਂ ਦੀ ਨਬਜ਼ ਟਟੋਲਣ ਵਿਚ ਵੀ ਸਹਾਈ ਹੋਣਗੇ। ਚਾਹੇ ਸਥਾਨਕ ਅਤੇ ਸੂਬੇ ਦੀਆਂ ਚੋਣਾਂ ਦੇ ਪ੍ਰਭਾਵ ਵੱਖੋ-ਵੱਖਰੇ ਜ਼ਰੂਰ ਹੁੰਦੇ ਹਨ, ਚਾਹੇ ਇਨ੍ਹਾਂ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਜ਼ਰੂਰ ਲਗਾਏ ਜਾਂਦੇ ਰਹੇ ਹਨ, ਪਰ ਰਾਜ ਦੇ ਚੋਣ ਕਮਿਸ਼ਨ ਨੇ ਵਾਰ-ਵਾਰ ਇਸ ਗੱਲ ਨੂੰ ਦੁਹਰਾਇਆ ਸੀ ਕਿ ਇਹ ਚੋਣਾਂ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਿਰੇ ਚੜ੍ਹਾਈਆਂ ਜਾਣਗੀਆਂ। ਚੋਣਾਂ ਦੀ ਪ੍ਰਤੀਸ਼ਤਤਾ ਤਾਂ 64 ਫ਼ੀਸਦੀ ਦੇ ਲਗਭਗ ਰਹੀ, ਪਰ ਸਾਰੀਆਂ ਪਾਰਟੀਆਂ ਵਲੋਂ ਇਸ ਗੱਲ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਸੀ ਕਿ ਬੈਲੇਟ ਪੇਪਰਾਂ ਰਾਹੀਂ ਹੋਈਆਂ ਇਨ੍ਹਾਂ ਚੋਣਾਂ ਵਿਚ ਕੋਈ ਧਾਂਦਲੀ ਨਾ ਹੋਵੇ। ਚਾਹੇ ਚੋਣਾਂ ਤੋ ਪਹਿਲਾਂ ਹੀ ਸਮੁੱਚੇ ਕੁੱਲ 1977 ਵਾਰਡਾਂ 'ਚੋਂ 80 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲੇ ਹੀ ਚੁਣੇ ਗਏ ਸਨ ਪਰ ਪ੍ਰਸ਼ਾਸਨ ਵਲੋਂ ਵੀ ਵਾਰ-ਵਾਰ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਇਹ ਚੋਣਾਂ ਹਰ ਹੀਲੇ ਪਾਰਦਰਸ਼ੀ ਹੋਣਗੀਆਂ ਅਤੇ ਇਸ ਅਮਲ ਲਈ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਸਿਰੇ ਚੜ੍ਹਾਏ ਜਾਣਗੇ। ਚੋਣਾਂ ਲਈ ਨਤੀਜੇ ਵਾਲੇ ਦਿਨ ਵੀ ਚੋਣ ਕਮਿਸ਼ਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਕਾਫੀ ਥਾਵਾਂ 'ਤੇ ਅਰਧ ਸੈਨਿਕ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਸੁਰੱਖਿਆ ਦੇ ਨਾਲ-ਨਾਲ ਜ਼ਿਲ੍ਹਿਆਂ ਵਿਚ ਪੈਨੀ ਨਜ਼ਰ ਰੱਖਣ ਲਈ ਆਬਜ਼ਰਵਰ ਅਤੇ ਮਾਈਕ੍ਰੋ-ਆਬਜ਼ਰਬਰ ਵੀ ਲਗਾਏ ਗਏ ਸਨ। ਵੋਟਾਂ ਦੀ ਗਿਣਤੀ ਵਿਚ ਕੋਈ ਅਣਗਹਿਲੀ ਜਾਂ ਬਾਹਰੀ ਦਬਾਅ ਨਾ ਹੋਵੇ, ਇਸ ਲਈ ਚੋਣ ਕੇਂਦਰਾਂ ਵਿਚ ਬਾਹਰੀ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਸੀ। ਸਾਰੇ ਕੇਂਦਰਾਂ 'ਤੇ ਕਾਊਂਟਿੰਗ ਸੁਪਰਵਾਈਜ਼ਰ ਅਤੇ ਉਨ੍ਹਾਂ ਦੇ ਮਤੈਹਤ ਅਧਿਕਾਰੀ ਤਾਇਨਾਤ ਕੀਤੇ ਗਏ ਸਨ। ਉਮੀਦਵਾਰ ਦਾ ਇਕ ਪ੍ਰਤੀਨਿਧ ਚੋਣ ਮੇਜ਼ 'ਤੇ ਅਧਿਕਾਰਤ ਤੌਰ 'ਤੇ ਨਜ਼ਰ ਰੱਖ ਰਿਹਾ ਸੀ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਅਤੇ ਵੱਡੇ ਫਰਕ ਨਾਲ ਦੂਸਰੇ ਨੰਬਰ 'ਤੇ ਕਾਂਗਰਸ ਦੇ ਉਮੀਦਵਾਰ ਜਿੱਤੇ ਹਨ।
ਆਮ ਆਦਮੀ ਪਾਰਟੀ ਵਿਚ ਇਨ੍ਹਾਂ ਨਤੀਜਿਆਂ ਤੋਂ ਬਾਅਦ ਵੱਡਾ ਉਤਸ਼ਾਹ ਪੈਦਾ ਹੋਣਾ ਕੁਦਰਤੀ ਹੈ। ਪਾਰਟੀ ਦੇ ਵੱਡੇ ਆਗੂ ਮਨੀਸ਼ ਸਿਸੋਦੀਆ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਦਿਵਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ। ਇਸ ਜਿੱਤ ਨਾਲ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਅਤੇ ਲੋਕਾਂ ਪ੍ਰਤੀ ਉਸ ਦੀ ਜਵਾਬਦੇਹੀ ਹੋਰ ਵੀ ਵਧ ਗਈ ਹੈ। ਸੂਬੇ ਦੀਆਂ ਆਮ ਚੋਣਾਂ ਵਿਚ ਕੁਝ ਮਹੀਨੇ ਦਾ ਸਮਾਂ ਹੀ ਬਾਕੀ ਹੈ। ਇਸ ਵਿਚ ਸੂਬੇ ਦੀਆਂ ਸਾਰੀਆਂ ਹੀ ਮੁੱਖ ਪਾਰਟੀਆਂ ਨੂੰ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਲਈ ਮੁੜ ਤੋਂ ਆਪਣੀਆਂ ਨੀਤੀਆਂ ਦਾ ਵਿਸ਼ਲੇਸ਼ਣ ਕਰਨ ਦਾ ਮੌਕਾ ਮਿਲੇਗਾ। ਲੋਕਤੰਤਰ ਵਿਚ ਲੋਕ ਵਿਸ਼ਵਾਸ ਨੂੰ ਜਿੱਤਣਾ ਜ਼ਰੂਰੀ ਹੁੰਦਾ ਹੈ। ਇਹੀ ਵਿਸ਼ਵਾਸ ਕਿਸੇ ਵੀ ਸੰਭਾਵੀ ਸਰਕਾਰ ਦੀ ਸ਼ਕਤੀ ਬਣਦਾ ਹੈ। ਅਜਿਹੀ ਸ਼ਕਤੀ ਜੋ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਤੋਰਨ ਵਿਚ ਸਹਾਈ ਹੋ ਸਕਦੀ ਹੈ। ਅਸੀਂ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਇਸ ਵੱਡੀ ਜਿੱਤ ਲਈ ਵਧਾਈ ਅਤੇ ਸ਼ੁਭਕਾਮਨਾ ਦਿੰਦੇ ਹਾਂ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਹਿੰਦੀ ਪੱਤਰਕਾਰੀ ਕਦੇ ਮਿਸ਼ਨ ਹੁੰਦੀ ਸੀ ਅਗਲੀ ਖ਼ਬਰ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਮਨ ਨੂੰ ਸੁਤੰਤਰ ਰੱਖਣਾ ਵੀ ਇਕ ਕਲਾ ਹੈ। ਅਗਿਆਤ
Ad Position 24
No active advertisement