08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬਿਖਰਦਾ ਸ਼ਿਰਾਜ਼ਾ

Ad Position 21
No active advertisement
ਅਜੀਤ ਡੈਸਕ 06-05-2026

ਪਿਛਲੇ ਦਿਨੀਂ 5 ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਜੋ ਮਹੱਤਵਪੂਰਨ ਗੱਲਾਂ ਉੱਭਰੀਆਂ ਹਨ, ਉਨ੍ਹਾਂ ਵਿਚ 'ਇੰਡੀਆ ਬਲਾਕ' ਦੇ ਬਿਖਰ ਰਹੇ ਸ਼ਿਰਾਜ਼ੇ ਦੀ ਗੱਲ ਵਧੇਰੇ ਉੱਭਰੀ ਹੈ। ਇਕ ਸਮਾਂ ਸੀ ਜਦੋਂ ਇਸ ਬਲਾਕ ਨੇ ਭਾਜਪਾ ਅਤੇ ਇਸ ਦੀ ਅਗਵਾਈ ਵਾਲੇ ਕੌਮੀ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਨੂੰ ਇਕ ਚੁਣੌਤੀ ਦਿੱਤੀ ਸੀ। ਸਾਲ 2024 ਵਿਚ ਲੋਕ ਸਭਾ ਦੀਆਂ ਚੋਣਾਂ ਵੇਲੇ ਇਸ ਬਲਾਕ ਦਾ ਪ੍ਰਭਾਵ ਵੀ ਸਾਹਮਣੇ ਆਇਆ ਸੀ, ਜਿਸ ਕਾਰਨ ਲੋਕ ਸਭਾ ਵਿਚ ਭਾਜਪਾ ਦੀਆਂ ਸੀਟਾਂ ਘਟੀਆਂ ਸਨ ਅਤੇ ਉਸ ਨੂੰ ਸਰਕਾਰ ਬਣਾਉਣ ਲਈ ਆਪਣੇ ਸਹਿਯੋਗੀਆਂ ਦਾ ਆਸਰਾ ਲੈਣਾ ਪਿਆ ਸੀ। ਉਸ ਸਮੇਂ ਕਾਂਗਰਸ ਵੀ 99 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਉੱਭਰੀ ਸੀ। ਲੋਕ ਸਭਾ ਵਿਚ ਰਾਹੁਲ ਗਾਂਧੀ ਨੂੰ ਵਿਰੋਧੀ ਦਲਾਂ ਦਾ ਆਗੂ ਚੁਣ ਲਿਆ ਗਿਆ ਸੀ। ਇੰਡੀਆ ਬਲਾਕ ਬਣਾਉਣ ਦੀ ਘਾੜਤ ਜੁਲਾਈ, 2023 ਨੂੰ ਪਟਨਾ ਵਿਖੇ ਘੜੀ ਗਈ ਸੀ।
ਕਾਂਗਰਸ ਦਾ ਵੀ ਉਸ ਸਮੇਂ ਰਾਜਸਥਾਨ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਚ ਰਾਜ ਸੀ। ਬੰਗਾਲ ਵਿਚ ਤ੍ਰਿਣਮੂਲ ਕਾਂਗਰਸ, ਬਿਹਾਰ ਵਿਚ ਰਾਸ਼ਟਰੀ ਜਨਤਾ ਦਲ, ਤਾਮਿਲਨਾਡੂ ਵਿਚ ਡੀ.ਐਮ.ਕੇ. (ਦ੍ਰਵਿੜ ਮੁਨੇਤਰਾ ਕੜਗਮ) ਅਤੇ ਦਿੱਲੀ ਵਿਚ 'ਆਪ' ਦੀ ਵੀ ਉਸ ਸਮੇਂ ਤੂਤੀ ਬੋਲਦੀ ਸੀ। ਓਡੀਸ਼ਾ ਵਿਚ ਵੀ ਬੀਜੂ ਜਨਤਾ ਦਲ ਦਾ ਪ੍ਰਸ਼ਾਸਨ ਸੀ। ਲੋਕਤੰਤਰ ਵਿਚ ਸਿਆਸੀ ਹਾਲਾਤ ਇਕੋ ਜਿਹੇ ਨਹੀਂ ਰਹਿੰਦੇ। ਇਨ੍ਹਾਂ ਵਿਚ ਲਗਾਤਾਰ ਬਦਲਾਅ ਆਉਂਦਾ ਰਹਿੰਦਾ ਹੈ। ਕਿਸੇ ਵੀ ਗੱਠਜੋੜ ਨੂੰ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਕਾਇਮ ਰੱਖਣ ਲਈ ਪਾਰਟੀਆਂ ਅੰਦਰ ਇਸ ਬਾਰੇ ਪ੍ਰਤੀਬੱਧਤਾ ਹੋਣੀ ਜ਼ਰੂਰੀ ਹੁੰਦੀ ਹੈ ਅਤੇ ਬਦਲਦੇ ਹਾਲਾਤ ਵਿਚ ਆਪਣੀ ਪਾਰਟੀ ਨੂੰ ਪਹਿਲ ਦੇਣ ਦੀ ਥਾਂ 'ਤੇ ਸਾਂਝੀ ਭਾਵਨਾ ਅਤੇ ਏਕਤਾ ਨੂੰ ਪਹਿਲ ਦੇਣੀ ਬਣਦੀ ਹੈ। ਸਿਆਸੀ ਆਗੂਆਂ ਲਈ ਵੀ ਆਪਣੀ ਹਉਮੈ ਅਤੇ ਮੌਕਾਪ੍ਰਸਤੀ ਦੀ ਸਿਆਸਤ ਨੂੰ ਦਰ ਕਿਨਾਰ ਕਰਨਾ ਜ਼ਰੂਰੀ ਹੁੰਦਾ ਹੈ। ਕਦੇ 26 ਪਾਰਟੀਆਂ ਵਲੋਂ ਦਿਖਾਈ ਗਈ ਇਕਜੁੱਟਤਾ ਅੱਜ ਕੁਝ ਸਾਲਾਂ ਬਾਅਦ ਹੀ ਹਫ਼ਦੀ ਅਤੇ ਬਿਖਰਦੀ ਨਜ਼ਰ ਆਉਣ ਲੱਗੀ ਹੈ। ਹੌਲੀ-ਹੌਲੀ ਇਸ ਦਾ ਦਮ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2004 ਵਿਚ ਯੂ.ਪੀ.ਏ. (ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ) ਦਾ ਸੰਗਠਨ ਬਣਿਆ ਸੀ, ਜਿਸ ਵਿਚ ਕਾਂਗਰਸ ਵੱਡੀ ਭਾਈਵਾਲ ਪਾਰਟੀ ਸੀ। ਉਸ ਤੋਂ ਬਾਅਦ ਹੀ ਉਸ ਦੀ ਤਰਜ਼ 'ਤੇ ਸਾਲ 2023 ਵਿਚ 'ਇੰਡੀਆ ਬਲਾਕ' ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਨਿਤਿਸ਼ ਦਾ ਜਨਤਾ ਦਲ (ਯੂ) ਵੀ ਉਸ ਵਿਚ ਸ਼ਾਮਿਲ ਸੀ, ਪਰ ਬਾਅਦ ਵਿਚ ਜਨਤਾ ਦਲ (ਯੂ) ਨੇ ਪਾਲਾ ਬਦਲ ਲਿਆ ਸੀ। ਕੁਝ ਸਮੇਂ ਬਾਅਦ 'ਆਪ' ਵੀ ਪਾਸੇ ਹੋ ਗਈ ਸੀ। ਇੰਡੀਆ ਬਲਾਕ ਦੀ ਇਕ ਹੋਰ ਭਾਈਵਾਲ ਰਾਸ਼ਟਰੀ ਲੋਕ ਦਲ ਨੇ ਵੀ ਇਸ ਨੂੰ ਛੱਡ ਦਿੱਤਾ ਸੀ।
ਪਿਛਲੇ ਸਾਲ ਹੋਈਆਂ ਦਿੱਲੀ ਦੀਆਂ ਚੋਣਾਂ ਵਿਚ ਚਾਹੇ ਮਮਤਾ, ਅਖਿਲੇਸ਼ ਯਾਦਵ, ਸ਼ਰਦ ਪਵਾਰ ਅਤੇ ਊਧਵ ਠਾਕਰੇ ਆਦਿ ਨੇ ਆਪਣੀਆਂ ਪਾਰਟੀਆਂ ਦੀ ਪੂਰੀ ਹਿਮਾਇਤ ਉਸ ਸਮੇਂ ਪ੍ਰਸ਼ਾਸਨ ਚਲਾ ਰਹੀ ਆਮ ਆਦਮੀ ਪਾਰਟੀ ਨੂੰ ਦਿੱਤੀ ਸੀ, ਪਰ ਕਾਂਗਰਸ ਉਸ ਨਾਲ ਮਿਲ ਕੇ ਚੋਣਾਂ ਲੜਨ ਦੀ ਥਾਂ 'ਤੇ ਇਕੱਲਿਆਂ ਚੋਣ ਮੈਦਾਨ ਵਿਚ ਉਤਰੀ ਸੀ। ਉਸ ਸਮੇਂ ਦਿੱਲੀ ਦੀਆਂ 70 ਵਿਚੋਂ ਭਾਜਪਾ 48 ਸੀਟਾਂ ਜਿੱਤ ਗਈ ਸੀ। 'ਆਪ' ਨੂੰ 22 ਸੀਟਾਂ ਮਿਲੀਆਂ ਸਨ ਅਤੇ ਕਾਂਗਰਸ ਨੂੰ ਇਕ ਸੀਟ ਵੀ ਪ੍ਰਾਪਤ ਨਹੀਂ ਸੀ ਹੋਈ। ਸੱਤਾ ਭਾਜਪਾ ਦੇ ਹੱਥ ਆ ਗਈ ਸੀ। ਪਿਛਲੇ ਸਾਲ ਉਮਰ ਅਬਦੁੱਲਾ ਨੇ ਚੋਣਾਂ ਦੌਰਾਨ 'ਇੰਡੀਆ ਬਲਾਕ' ਦੀਆਂ ਪਾਰਟੀਆਂ ਦੇ ਆਪਸੀ ਘਮਸਾਣ ਨੂੰ ਦੇਖਦਿਆਂ ਇਹ ਕਿਹਾ ਸੀ ਕਿ ਇਹ ਗੱਠਜੋੜ ਹੁਣ ਵੈਂਟੀਲੇਟਰ 'ਤੇ ਹੈ। ਇਸ ਸਮੇਂ ਇਸ ਦਾ ਹਾਲ ਇਹ ਹੈ ਜਿਵੇਂ ਕਿ ਇਸ ਨੂੰ ਵੈਂਟੀਲੇਟਰ ਤੋਂ ਵੀ ਚੁੱਕ ਲਿਆ ਗਿਆ ਹੋਵੇ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ 15 ਸਾਲਾਂ ਦੇ ਰਾਜ ਪਿੱਛੋਂ ਇਸ ਕਦਰ ਨਸ਼ਿਆ ਗਈ ਜਾਪਦੀ ਸੀ ਕਿ ਉਸ ਨੇ ਇੰਡੀਆ ਬਲਾਕ ਵਿਚ ਆਪਣੀ ਭਾਈਵਾਲ ਰਹੀ ਕਾਂਗਰਸ ਨਾਲ ਵੀ ਇਕੱਠਿਆਂ ਚੋਣ ਮੈਦਾਨ ਵਿਚ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ। ਤਾਮਿਲਨਾਡੂ ਵਿਚ ਐਮ.ਕੇ. ਸਟਾਲਿਨ ਨੇ ਜ਼ਰੂਰ ਕਾਂਗਰਸ ਨਾਲ ਰਲ ਕੇ ਚੋਣਾਂ ਲੜੀਆਂ ਸਨ। ਇਕ ਪਾਸੇ 'ਇੰਡੀਆ ਬਲਾਕ' ਪੂਰੇ ਬਿਖਰਾਅ ਦੀ ਸਥਿਤੀ ਵਿਚ ਹੈ, ਦੂਸਰੇ ਪਾਸੇ ਹੁਣ 5 ਰਾਜਾਂ ਦੀਆਂ ਹੋਈਆਂ ਚੋਣਾਂ ਵਿਚ ਭਾਜਪਾ ਹੋਰ ਵੀ ਤਕੜੀ ਅਤੇ ਮਜ਼ਬੂਤ ਹੋ ਕੇ ਨਿਕਲੀ ਹੈ। ਆਉਂਦੇ ਸਮੇਂ ਵਿਚ ਇਸ ਦਾ ਰਾਜ ਸਭਾ ਵਿਚ ਵੀ ਪ੍ਰਭਾਵ ਵਧਦਾ ਨਜ਼ਰ ਆਏਗਾ।
ਆਉਂਦੇ ਸਾਲ 2027 ਵਿਚ ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਗੋਆ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਆ ਰਹੀਆਂ ਹਨ। ਭਾਜਪਾ ਇਸ ਸਮੇਂ ਦੇਸ਼ ਵਿਚ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਸਿਆਸੀ ਪਾਰਟੀ ਵਜੋਂ ਉੱਭਰੀ ਹੈ। ਜੇਕਰ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਆਉਂਦੇ ਸਮੇਂ ਲਈ ਸਿਆਣੀ ਅਤੇ ਮਜ਼ਬੂਤ ਯੋਜਨਾਬੰਦੀ ਨਾ ਕੀਤੀ ਤਾਂ ਉਨ੍ਹਾਂ ਦੀ ਹਾਲਤ ਹੋਰ ਵੀ ਬਦਤਰ ਹੋਣ ਦਾ ਅੰਦਾਜ਼ਾ ਲਗਾਇਆ ਜਾਣਾ ਮੁਸ਼ਕਿਲ ਨਹੀਂ। ਅਜਿਹੀ ਸਥਿਤੀ ਵਿਚ ਮਜ਼ਬੂਤ ਤਾਕਤ ਬਣ ਕੇ ਉੱਭਰੀ ਭਾਜਪਾ ਨੂੰ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਅਗਵਾਈ 'ਚ ਆਪਣਾ ਸਿਧਾਂਤਕ ਏਜੰਡਾ ਲਾਗੂ ਕਰਨ ਵਿਚ ਕੋਈ ਵੱਡੀ ਮੁਸ਼ਕਿਲ ਪੇਸ਼ ਨਹੀਂ ਆਏਗੀ, ਜਿਸ ਦੇ ਹਰ ਤਰ੍ਹਾਂ ਦੇ ਨਤੀਜੇ ਭੁਗਤਣ ਲਈ ਦੇਸ਼ ਤੇ ਦੇਸ਼ਵਾਸੀਆਂ ਨੂੰ ਤਿਆਰ ਹੋਣਾ ਪਵੇਗਾ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਰਾਜਨੀਤਕ ਹਲਚਲ ਨੂੰ ਨਿਰਮਾਣ ਖੇਤਰ ਲਈ ਅਵਸਰ ਬਣਾਉਣ ਦੀ ਲੋੜ ਅਗਲੀ ਖ਼ਬਰ ਕੋਈ ਵੀ ਗੱਲ ਇਹੋ ਜਿਹੀ ਨਹੀਂ ਹੁੰਦੀ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ ਮਨੋਰਥ ਪੂਰਾ ਨਹੀਂ ਕਰ ਸਕਦੇ। ਜੇਮਸ ਹੈਲਨ
Ad Position 24