08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਮਰੀਕੀ ਵਿਦੇਸ਼ ਮੰਤਰੀ ਦੀ ਫੇਰੀ ਦਾ ਮਹੱਤਵ

Ad Position 21
No active advertisement
ਅਜੀਤ ਡੈਸਕ 26-05-2026

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ ਦੌਰੇ 'ਤੇ ਹਨ। ਇਸ ਦੇ ਨਾਲ ਹੀ ਉਹ ਭਾਰਤ ਵਿਚ ਹੋ ਰਹੀ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਵੀ ਸ਼ਾਮਿਲ ਹੋਣਗੇ। ਅੱਜ ਜਿਸ ਤਰ੍ਹਾਂ ਦੇ ਕੌਮਾਂਤਰੀ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਵੇਖਦਿਆਂ ਰੂਬੀਓ ਦਾ ਇਹ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਭਾਰਤ ਦੀ ਯਾਤਰਾ 'ਤੇ ਆਏ ਹਨ। ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਵਿਚ ਖੜੋਤ ਆਈ ਲਗਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਟੈਰਿਫ ਦੇ ਮਾਮਲੇ 'ਤੇ ਧਾਰਨ ਕੀਤੀ ਗਈ ਨੀਤੀ ਨਾਲ ਵੀ ਭਾਰਤ ਨਾਲ ਦੂਰੀਆਂ ਵਧੀਆਂ ਸਨ। ਦੋਹਾਂ ਦੇਸ਼ਾਂ ਵਿਚ ਹੋਣ ਵਾਲਾ ਵਪਾਰਕ ਸਮਝੌਤਾ ਵੀ ਕਾਫੀ ਚਿਰ ਤੋਂ ਅਟਕਿਆ ਹੋਇਆ ਹੈ। ਚਾਹੇ ਰਾਸ਼ਟਰਪਤੀ ਟਰੰਪ ਅਕਸਰ ਆਪਣੇ ਬਿਆਨਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦੇ ਰਹੇ ਹਨ, ਪਰ ਇਸ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਪਹਿਲਾਂ ਵਰਗੇ ਨਹੀਂ ਰਹੇ।
ਫਰਵਰੀ ਮਹੀਨੇ ਵਿਚ ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ ਕਰਨ ਦੇ ਨਾਲ ਇਹ ਦੂਰੀਆਂ ਹੋਰ ਵੀ ਵਧੀਆਂ ਜਾਪਦੀਆਂ ਹਨ। ਭਾਰਤ ਨਾਲ ਈਰਾਨ ਦੇ ਸੰਬੰਧ ਲੰਮੇ ਸਮੇਂ ਤੋਂ ਸੁਖਾਵੇਂ ਹੀ ਰਹੇ ਹਨ। ਇੱਥੋਂ ਤੱਕ ਕਿ ਪਾਕਿਸਤਾਨ ਦੀਆਂ ਸੜਕੀ ਰੁਕਾਵਟਾਂ ਦੇ ਹੁੰਦਿਆਂ ਭਾਰਤ ਨੇ ਈਰਾਨ ਨਾਲ ਉਸਦੀ ਗਵਾਦਰ ਬੰਦਰਗਾਹ ਰਾਹੀਂ ਅਤੇ ਅੱਗੇ ਅਫ਼ਗਾਨਿਸਤਾਨ ਨਾਲ ਸੜਕੀ ਮਾਰਗ ਰਾਹੀਂ ਨਾਤਾ ਜੋੜ ਲਿਆ ਸੀ। ਇਸ ਤੋਂ ਅੱਗੇ ਉਹ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਵੀ ਆਪਣੇ ਚਿਰਾਂ ਪੁਰਾਣੇ ਵਪਾਰਕ ਸੰਬੰਧਾਂ ਨੂੰ ਹੋਰ ਅੱਗੇ ਵਧਾ ਸਕਦਾ ਸੀ, ਪਰ ਅਮਰੀਕਾ ਦੀ ਈਰਾਨ ਨਾਲ ਲੜਾਈ ਕਾਰਨ ਭਾਰਤ ਦੀ ਇਹ ਵੱਡੀ ਯੋਜਨਾ ਅੱਧਵਾਟੇ ਹੀ ਖੜ੍ਹੀ ਹੋ ਗਈ ਹੈ। ਈਰਾਨ ਵਲੋਂ ਹੋਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਆਵਾਜਾਈ ਰੋਕਣ ਨਾਲ ਤੇਲ ਦੇ ਮਾਮਲੇ ਵਿਚ ਵੀ ਭਾਰਤ ਨੂੰ ਵੱਡਾ ਖਸਾਰਾ ਪਿਆ ਹੈ। ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਇਸ ਦੀ ਚਿੰਤਾ ਨੂੰ ਹੋਰ ਵੀ ਵਧਾ ਦਿੱਤਾ ਹੈ। ਅਮਰੀਕਾ ਵਲੋਂ ਈਰਾਨ ਨਾਲ ਆਪਣੀ ਚਲਦੀ ਲੜਾਈ ਵਿਚ ਪਾਕਿਸਤਾਨ ਤੋਂ ਵਿਚੋਲਗੀ ਕਰਵਾਉਣਾ ਤੇ ਉਸ ਦੀ ਪਿੱਠ ਥਾਪੜਨਾ ਵੀ ਭਾਰਤ ਨੂੰ ਰਾਸ ਨਹੀਂ ਆ ਰਿਹਾ। ਇਸ ਤਰ੍ਹਾਂ ਦੇ ਮਾਹੌਲ ਵਿਚ ਰੂਬੀਓ ਦੀ ਯਾਤਰਾ ਦਾ ਮਹੱਤਵ ਜ਼ਰੂਰ ਵਧ ਜਾਂਦਾ ਹੈ। ਰੂਬੀਓ ਨੇ ਇਹ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਵੱਧ ਤੋਂ ਵੱਧ ਤੇਲ ਬਰਾਮਦ ਕਰਨ ਦਾ ਚਾਹਵਾਨ ਹੈ ਤਾਂ ਜੋ ਭਾਰਤ ਦੀ ਇਸ ਮਾਮਲੇ 'ਤੇ ਰੂਸ 'ਤੇ ਨਿਰਭਰਤਾ ਘਟਾਈ ਜਾ ਸਕੇ। ਉਸ ਨੇ ਤੇਲ ਦੇ ਨਾਲ-ਨਾਲ ਭਾਰਤ ਨੂੰ ਹਥਿਆਰ ਅਤੇ ਛੋਟੇ ਪ੍ਰਮਾਣੂ ਰਿਐਕਟਰ ਦੇਣ ਦੀ ਵੀ ਗੱਲ ਕੀਤੀ ਹੈ। ਚਾਹੇ ਅਮਰੀਕੀ ਰਾਸ਼ਟਰਪਤੀ ਨੇ ਚੀਨ ਨਾਲ ਆਪਣੇ ਦੇਸ਼ ਦੇ ਸੰਬੰਧਾਂ ਨੂੰ ਤਰਜੀਹ ਜ਼ਰੂਰ ਦਿੱਤੀ ਹੈ, ਪਰ ਇਸ ਦੇ ਨਾਲ-ਨਾਲ ਉਹ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਵਧਦੇ ਸੈਨਿਕ ਪ੍ਰਭਾਵ ਅਤੇ ਆਰਥਿਕ ਵਿਸਥਾਰਵਾਦੀ ਨੀਤੀਆਂ ਵਿਚ ਵੀ ਸੰਤੁਲਨ ਬਣਾਉਣਾ ਚਾਹੁੰਦਾ ਹੈ ਅਤੇ ਦੱਖਣੀ ਚੀਨ ਸਾਗਰ ਵਿਚ ਵੀ ਉਸ ਦੀ ਵਧਦੀ ਸ਼ਕਤੀ ਨੂੰ ਰੋਕਣਾ ਚਾਹੁੰਦਾ ਹੈ। ਇਸੇ ਲਈ ਰੂਬੀਓ ਦੀ ਭਾਰਤ ਯਾਤਰਾ ਦੌਰਾਨ ਹੋ ਰਹੀ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਵੀ ਵੱਡਾ ਮਹੱਤਵ ਨਜ਼ਰ ਆਉਂਦਾ ਹੈ। ਕੁਆਡ ਵਿਚ ਭਾਰਤ, ਜਪਾਨ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਿਲ ਹਨ, ਜੋ ਸਾਂਝੀ ਰਣਨੀਤੀ ਰਾਹੀਂ ਇਸ ਖੇਤਰ ਵਿਚ ਵਧਦੇ ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਕੰਮ ਕਰ ਰਹੇ ਹਨ।
ਇਸੇ ਹੀ ਸਮੇਂ ਭਾਰਤ ਨੇ ਰੂਸ ਨਾਲ ਆਪਣੇ ਸੰਬੰਧਾਂ 'ਚ ਸੰਤੁਲਨ ਬਣਾਈ ਰੱਖਿਆ ਹੈ। ਈਰਾਨ ਦੇ ਨਾਲ-ਨਾਲ ਖਾੜੀ ਦੇ ਦੇਸ਼ਾਂ ਨਾਲ ਵੀ ਭਾਰਤ ਦਾ ਨਾਤਾ ਜੁੜਿਆ ਰਿਹਾ ਹੈ। ਖਾੜੀ ਦੇਸ਼ਾਂ ਵਿਚ ਭਾਰਤ ਦੇ ਲੱਖਾਂ ਹੀ ਕਾਮੇ ਕੰਮ ਕਰ ਰਹੇ ਹਨ। ਇਸੇ ਹੀ ਸਮੇਂ ਵਿਚ ਭਾਰਤ ਨੂੰ ਵੀ ਪਾਕਿਸਤਾਨ ਅਤੇ ਚੀਨ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਦੁਨੀਆ ਦੇ ਵੱਡੇ ਵਿਕਸਿਤ ਦੇਸ਼ਾਂ ਨਾਲ ਆਪਣੇ ਵਪਾਰਕ ਸਹਿਯੋਗ ਵਿਚ ਸੰਤੁਲਨ ਬਣਾਈ ਰੱਖਣਾ ਭਾਰਤ ਦੀ ਵਿਦੇਸ਼ ਨੀਤੀ ਦੀ ਸਫ਼ਲਤਾ ਹੀ ਮੰਨਿਆ ਜਾ ਸਕਦਾ ਹੈ। ਰੂਬੀਓ ਦਾ ਇਹ ਦੌਰਾ ਦੋਹਾਂ ਦੇਸ਼ਾਂ ਵਿਚ ਵਧੀਆਂ ਦੂਰੀਆਂ ਨੂੰ ਘਟਾਉਣ ਵਿਚ ਕਿੰਨਾ ਕੁ ਸਹਾਈ ਹੋ ਸਕੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ, ਪਰ ਇਹ ਗੱਲ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਕੌਮਾਂਤਰੀ ਮੰਚ 'ਤੇ ਭਾਰਤ ਦੇ ਪ੍ਰਭਾਵ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਕਾਕਰੋਚਾਂ ਨੂੰ ਸਰਕਾਰ ਹਲਕੇ ਵਿਚ ਨਾ ਲਵੇ ਅਗਲੀ ਖ਼ਬਰ ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। ਗੇਟੇ
Ad Position 24