08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕਾਕਰੋਚਾਂ ਨੂੰ ਸਰਕਾਰ ਹਲਕੇ ਵਿਚ ਨਾ ਲਵੇ

Ad Position 21
No active advertisement
ਅਜੀਤ ਡੈਸਕ 26-05-2026

5 ਦਿਨਾਂ ਵਿਚ 2 ਕਰੋੜ ਤੋਂ ਵੱਧ ਸਮਰਥਕ, ਕੀ ਇਹ ਚਮਤਕਾਰ ਹੈ ਜਾਂ ਭਵਿੱਖ ਦਾ ਕੋਈ ਸੰਕੇਤ? ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦਾ ਖਾਤਾ ਕਿਉਂ ਬੰਦ ਕੀਤਾ? ਕਾਕਰੋਚ ਜਨਤਾ ਪਾਰਟੀ ਕਿਸ ਨੇ ਤੇ ਕਿਉਂ ਬਣਾਈ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੀ ਸਾਜਿਸ਼ ਹੈ, ਇਸ ਬਾਰੇ ਬਹਿਸ ਪੂਰੀ ਤਰ੍ਹਾਂ ਬੇਕਾਰ, ਤਰਕਹੀਣ ਤੇ ਨਿਰਾਸ਼ਾਜਨਕ ਹੋਵੇਗੀ। ਦੁਨੀਆ ਦੀ ਕੋਈ ਵੀ ਤਾਕਤ ਭਾਵੇਂ ਉਹ ਕਿੰਨੀ ਵੀ ਸ਼ਕਤੀਸ਼ਾਲੀ ਹੋਵੇ, 5 ਦਿਨਾਂ ਵਿਚ ਸੋਸ਼ਲ ਮੀਡੀਆ 'ਤੇ ਇੰਨੇ ਜ਼ਿਆਦਾ ਸਮਰਥਕ ਇਕੱਠੇ ਨਹੀਂ ਕਰ ਸਕਦੀ। ਜੇਕਰ ਕਿਸੇ ਨੂੰ ਆਪਣੇ ਆਪ 'ਤੇ ਬਹੁਤ ਜ਼ਿਆਦਾ ਭਰੋਸਾ ਹੋਵੇ ਤਾਂ ਉਹ ਕੋਸ਼ਿਸ਼ ਕਰਕੇ ਦੇਖ ਸਕਦਾ ਹੈ। ਮੇਰੇ ਵਿਚਾਰ ਵਿਚ ਇਹ ਇਕ ਵਿਲੱਖਣ ਸਮਾਜਿਕ ਬੇਭਰੋਸਗੀ ਦਾ ਨਤੀਜਾ ਹੈ ਤੇ ਕੋਈ ਵੀ ਸਰਕਾਰ ਸਿਰਫ਼ ਆਪਣੇ ਨੁਕਸਾਨ ਦੀ ਕੀਮਤ 'ਤੇ ਹੀ ਇਸ ਬੇਭਰੋਸਗੀ ਨੂੰ ਨਜ਼ਰਅੰਦਾਜ਼ ਕਰ ਸਕਦੀ ਹੈ। ਮੌਜੂਦਾ ਸਰਕਾਰ ਜੋ ਹਰ ਛੋਟੀ ਤੋਂ ਛੋਟੀ ਗੱਲ 'ਤੇ ਨਜ਼ਰ ਰੱਖਦੀ ਹੈ, ਉਹ ਯਕੀਨਨ ਇਸ 'ਸਮਾਜਿਕ ਘਟਨਾ' ਨੂੰ ਨਜ਼ਰਅੰਦਾਜ਼ ਨਹੀਂ ਕਰੇਗੀ। ਉਹ ਇਸ ਦਾ ਹੱਲ ਲੱਭੇਗੀ ਜਾਂ ਨਹੀਂ, ਇਹ ਇਕ ਵੱਖਰਾ ਸਵਾਲ ਹੈ। ਮੈਨੂੰ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਕਾਕਰੋਚਾਂ ਨੂੰ ਮੈਂ ਕਿਵੇਂ ਪਰਿਭਾਸ਼ਿਤ ਕਰਾਂਗਾ?। ਮੇਰਾ ਮੰਨਣਾ ਹੈ ਕਿ ਸਮਾਜ ਵਿਚ ਬਹੁਤ ਬੇਚੈਨੀ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਉਨ੍ਹਾਂ ਦੀਆਂ ਉਮੀਦਾਂ, ਇੱਛਾਵਾਂ ਤੇ ਮੁੱਦਿਆਂ ਨੂੰ ਹੱਲ ਨਹੀਂ ਕਰ ਰਹੀਆਂ। ਇਹ ਅਸੰਤੁਸ਼ਟੀ ਕਿਸੇ ਇਕ ਸਰਕਾਰ, ਇਕ ਪਾਰਟੀ ਜਾਂ ਕਿਸੇ ਇਕ ਨੇਤਾ ਪ੍ਰਤੀ ਨਹੀਂ ਹੈ।
ਇਹ ਬੇਚੈਨੀ ਬਿਲਕੁਲ ਉਵੇਂ ਦੀ ਹੈ ਜੋ 2010- 2011 'ਚ ਦੇਖੀ ਗਈ ਸੀ। ਜੋ ਭਾਰਤ ਵਿਚ ਅੰਨਾ ਅੰਦੋਲਨ ਦੇ ਰੂਪ 'ਚ ਪ੍ਰਗਟ ਹੋਈ ਤੇ ਅਰਬ ਦੇਸ਼ਾਂ 'ਚ ਅਜਿਹੇ ਜਨ ਅੰਦੋਲਨਾਂ ਨੇ ਕਈ ਤਾਨਾਸ਼ਾਹਾਂ ਦੀ ਸੱਤਾ ਖੋਹ ਲਈ ਸੀ। ਅਮਰੀਕਾ ਤੇ ਵਿਕਸਤ ਦੇਸ਼ਾਂ 'ਚ ਆਮ ਲੋਕਾਂ ਦੀ ਨਾਰਾਜ਼ਗੀ 'ਵਾਲ ਸਟਰੀਟ 'ਤੇ ਕਬਜ਼ਾ ਕਰੋ' ਅੰਦੋਲਨ ਦੇ ਰੂਪ ਵਿਚ ਭੜਕ ਉੱਠੀ ਸੀ। ਕੁਦਰਤੀ ਉਸੇ ਸਮੇਂ ਦੇ ਆਸਪਾਸ ਸੱਜੇ-ਪੱਖੀ ਜਾਂ 'ਸਟਰਾਂਗਮੈਨ ਪਾਲਟਿਕਸ' ਦਾ ਉਭਾਰ ਵੀ ਵਿਸ਼ਵ ਪੱਧਰ 'ਤੇ ਦੇਖਿਆ ਗਿਆ। ਜੇਕਰ ਭਾਰਤ 'ਚ ਨਰਿੰਦਰ ਮੋਦੀ ਤੇ ਹਿੰਦੂਤਵ ਰਾਜਨੀਤੀ ਦੀ ਚੜ੍ਹਤ ਹੋਈ ਤਾਂ ਹੰਗਰੀ ਵਰਗੇ ਦੇਸ਼ 'ਚ ਵਿਕਟਰ ਓਰਬਨ ਦਾ ਉਭਾਰ ਹੋਇਆ, ਜੋ ਖੁੱਲ੍ਹੇਆਮ ਗੈਰ-ਉਦਾਰਵਾਦੀ ਲੋਕਤੰਤਰ ਦੀ ਵਕਾਲਤ ਕਰਦਾ ਸੀ। ਉਹ ਲੰਬੇ ਸਮੇਂ ਤੱਕ ਸੱਤਾ 'ਚ ਰਹਿਣ ਬਾਅਦ ਹਾਲ ਹੀ ਵਿਚ ਚੋਣ ਹਾਰ ਕੇ ਸੱਤਾ ਤੋਂ ਬੇਦਖਲ ਹੋਇਆ ਹੈ। ਉਸ ਦੌਰ ਵਿਚ ਹੀ ਅਮਰੀਕਾ ਵਿਚ ਡੋਨਾਲਡ ਟਰੰਪ× ਪਹਿਲੀ ਵਾਰ ਸੱਤਾ ਵਿਚ ਆਏ ਸਨ। ਇਹ ਇਕ ਵੱਖਰੀ ਕਿਸਮ ਦੀ 'ਸਮਾਜਿਕ ਅਸ਼ਾਂਤੀ' ਸੀ, ਜਿਸ ਦੀ ਸ਼ੁਰੂਆਤ ਟਿਊਨੀਸ਼ੀਆ 'ਚ ਇਕ ਛੋਟੀ ਜਿਹੀ ਘਟਨਾ ਤੋਂ ਹੋਈ ਸੀ। 'ਮੁਹੰਮਦ ਬੂਆਜ਼ੀਜ਼ੀ' ਨਾਮਕ ਇਕ ਸਬਜ਼ੀ ਤੇ ਫਲ ਵਿਕਰੇਤਾ ਨੇ ਖ਼ੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਸੀ, ਜਦੋਂ ਇਕ ਪੁਲਿਸ ਕਰਮਚਾਰੀ ਨੇ ਰਿਸ਼ਵਤ ਨਾ ਦੇਣ 'ਤੇ ਉਸ ਦੇ ਠੇਲੇ ਨੂੰ ਪਲਟਦਿਆਂ ਥੱਪੜ ਮਾਰਿਆ ਤੇ ਉਸ ਦੇ ਪਿਤਾ ਦੀ ਬੇਇੱਜ਼ਤੀ ਕੀਤੀ ਸੀ। ਬੂਆਜ਼ੀਜ਼ੀ ਦੀ ਖੁਦਕੁਸ਼ੀ ਨੇ ਬੇਰੁਜ਼ਗਾਰੀ ਤੋਂ ਪੀੜਤ ਸਮਾਜ ਵਿਚ ਇੰਨਾ ਗੁੱਸਾ ਭਰ ਦਿੱਤਾ ਕਿ ਦੇਸ਼ ਦੇ ਤਾਨਾਸ਼ਾਹ ਰਾਸ਼ਟਰਪਤੀ ਜ਼ੀਨ ਅਲ ਅਬੀਦੀਨ ਬੇਨ ਅਲੀ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਇਹ ਅੰਦੋਲਨ 'ਜੈਸਮੀਨ ਅੰਦੋਲਨ' ਵਜੋਂ ਜਾਣਿਆ ਜਾਂਦਾ ਹੈ। ਲੀਬੀਆ ਦੇ ਤਾਨਾਸ਼ਾਹ ਗੱਦਾਫੀ ਦੀ ਸੱਤਾ ਵੀ ਅਜਿਹੇ ਅੰਦੋਲਨ ਦੀ ਭੇਟ ਚੜ੍ਹੀ ਸੀ।
ਭਾਰਤ 'ਚ ਅੰਨਾ ਅੰਦੋਲਨ ਦੇ ਪ੍ਰਭਾਵ ਕਰ ਕੇ 2014 'ਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਅਤੇ 2015 'ਚ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੀ ਸੀ। ਆਮ ਆਦਮੀ ਪਾਰਟੀ (ਆਪ) ਜਿਸ ਦਾ ਚੋਣਾਂ ਲੜਨ ਦਾ ਕੋਈ ਇਤਿਹਾਸ ਨਹੀਂ ਸੀ, ਉਸ ਨੇ 2022 ਵਿਚ ਪੰਜਾਬ ਵਿਚ ਵੀ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਸੀ। ਭਾਵੇਂ ਇਹ ਇਕ ਵੱਖਰੀ ਕਹਾਣੀ ਹੈ ਕਿ 'ਆਪ' ਬਾਅਦ ਵਿਚ ਆਪਣਾ ਅਸਲ ਰਸਤਾ ਭੁੱਲ ਕੇ ਦੂਜੀਆਂ ਪਾਰਟੀਆਂ ਵਾਂਗ ਵਿਵਹਾਰ ਕਰਨ ਲੱਗ ਪਈ ਹੈ। ਹਾਲ ਹੀ ਦੀਆਂ ਚੋਣਾਂ ਦੌਰਾਨ ਸੁਪਰਸਟਾਰ ਵਿਜੇ ਦੀ ਪਾਰਟੀ ਟੀ.ਵੀ.ਕੇ. ਤਾਮਿਲਨਾਡੂ 'ਚ ਡੀ.ਐਮ.ਕੇ. ਅਤੇ ਅੰਨਾ.ਡੀ.ਐਮ.ਕੇ. ਜਿਹੀਆਂ ਮਜ਼ਬੂਤ ਦ੍ਰਾਵਿੜ ਪਾਰਟੀਆਂ ਨੂੰ ਹਰਾ ਕੇ ਸੱਤਾ ਵਿਚ ਆਈ ਹੈ, ਜੋ ਭਾਰਤੀ ਰਾਜਨੀਤੀ 'ਚ ਇਕ ਵਿਲੱਖਣ ਅਧਿਆਇ ਬਣ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਵਿਜੇ 'ਆਪ' ਦੇ ਉਲਟ ਕਿਸੇ ਵੀ ਅੰਦੋਲਨ ਦੀ ਉਪਜ ਨਹੀਂ ਹੈ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿਚ ਇਸ ਤਰੀਕੇ ਨਾਲ ਸਿਰਫ਼ ਐਨ.ਟੀ. ਰਾਮਾ ਰਾਓ ਦੀ ਹੀ ਸਰਕਾਰ ਬਣੀ ਸੀ। ਵਿਜੇ ਦੀ ਪ੍ਰਾਪਤੀ ਬੇਮਿਸਾਲ ਹੈ, ਕਿਉਂਕਿ ਤਾਮਿਲਨਾਡੂ ਵਿਚ ਦ੍ਰਾਵਿੜ ਰਾਜਨੀਤੀ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹਨ ਕਿ ਕਾਂਗਰਸ 1967 ਤੋਂ ਬਾਅਦ ਉੱਥੇ ਕਦੇ ਸਰਕਾਰ ਨਹੀਂ ਬਣਾ ਸਕੀ, ਜਦਕਿ ਭਾਜਪਾ ਆਪਣੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਤਾਮਿਲਨਾਡੂ ਦੇ ਲੋਕਾਂ ਦਾ ਭਰੋਸਾ ਜਿੱਤਣ ਵਿਚ ਨਾਕਾਮ ਰਹੀ ਹੈ।
ਮੇਰਾ ਇਹ ਕਹਿਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ ਕਿ ਭਾਰਤ 'ਚ ਲੋਕ ਸਭਾ ਚੋਣਾਂ ਦੌਰਾਨ ਕੋਈ ਵੱਡਾ ਉਲਟਫੇਰ ਹੋ ਸਕਦਾ ਹੈ। ਉਂਜ ਵੀ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਕਹਿਣਾ ਨਾ ਸਿਰਫ਼ ਜਲਦਬਾਜ਼ੀ ਸਗੋਂ ਮੂਰਖਤਾ ਵੀ ਹੋਵੇਗੀ। ਰਾਜਨੀਤੀ ਵਿਚ ਕਦੋਂ ਕੀ ਹੋ ਜਾਵੇ, ਇਹ ਕੋਈ ਨਹੀਂ ਕਹਿ ਸਕਦਾ। ਜਿਵੇਂ ਅਪ੍ਰੈਲ ਵਿਚ ਕੋਈ ਯਕੀਨ ਨਾਲ ਨਹੀਂ ਕਹਿ ਸਕਦਾ ਸੀ ਕਿ ਵਿਜੇ ਤਾਮਿਲਨਾਡੂ ਦੇ ਮੁੱਖ ਮੰਤਰੀ ਹੋਣਗੇ, ਪਰ ਅੱਜ ਇਹ ਇਕ ਹਕੀਕਤ ਹੈ। ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਦੇਸ਼ 'ਚ ਬੇਚੈਨੀ ਵਧ ਰਹੀ ਹੈ, ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧਣ ਦੇ ਨਾਲ-ਨਾਲ ਮਹਿੰਗਾਈ ਵੀ ਅਸਮਾਨ ਨੂੰ ਛੂਹ ਰਹੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੋ ਹਫ਼ਤਿਆਂ ਵਿਚ ਚਾਰ ਵਾਰ ਵਧ ਚੁੱਕੀਆਂ ਹਨ। ਦੁੱਧ ਦੀਆਂ ਕੀਮਤਾਂ 'ਚ ਵੀ ਵਾਧਾ ਜਾਰੀ ਹੈ। ਅਜਿਹੇ 'ਚ ਮਹੀਨਾ ਭਰ ਸਖ਼ਤ ਮਿਹਨਤ ਕਰ ਕੇ 15 ਤੋਂ 20 ਹਜ਼ਾਰ ਰੁਪਏ ਕਮਾਉਣ ਵਾਲਾ ਵਿਅਕਤੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚਲਾ ਸਕਦਾ ਹੈ?
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਈਰਾਨ ਯੁੱਧ ਤੋਂ ਪਹਿਲਾਂ ਹੀ ਭਾਰਤੀ ਅਰਥਵਿਵਸਥਾ ਦੀ ਹਾਲਤ ਠੀਕ ਨਹੀਂ ਸੀ, ਬਾਜ਼ਾਰ ਵਿਚ ਮੰਗ ਨਹੀਂ ਵਧ ਰਹੀ ਹੈ। ਨਿਰਮਾਣ ਖੇਤਰ ਵਿਚ ਵਿਕਾਸ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ ਹਨ। ਪਿਛਲੇ ਇਕ ਦਹਾਕੇ ਤੋਂ ਪਿੰਡਾਂ 'ਚ ਕਿਸਾਨਾਂ ਦੀ ਆਮਦਨ ਨਹੀਂ ਵਧੀ ਹੈ, ਮਨਰੇਗਾ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਨੌਕਰੀਆਂ ਦੀ ਭਾਲ 'ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਬੱਚੇ ਪੇਪਰਾਂ ਦੇ ਲੀਕ ਹੋਣ ਤੋਂ ਪ੍ਰੇਸ਼ਾਨ ਹਨ, ਹੁਣ ਨੀਟ ਦਾ ਪੇਪਰ ਲੀਕ ਹੋਣ ਕਾਰਨ 22 ਲੱਖ ਬੱਚੇ ਬੇਹਾਲ ਹਨ। ਜਦੋਂ ਇਹ ਬੱਚੇ ਪੇਪਰ ਲੀਕ ਹੋਣ ਦੇ ਖ਼ਿਲਾਫ਼ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਪੁਲਿਸ ਡੰਡਿਆਂ ਨਾਲ ਕਰਦੀ ਹੈ। ਦੇਸ਼ 'ਚ 19 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ 'ਚ ਬੇਰੁਜ਼ਗਾਰੀ ਦਰ ਲਗਾਤਾਰ ਵਧ ਰਹੀ ਹੈ।
ਸਰਕਾਰ ਕੋਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਾਂ ਤਾਂ ਦੀ ਕੋਈ ਯੋਜਨਾ ਨਹੀਂ ਹੈ ਜਾਂ ਫਿਰ ਉਸ ਦੀ ਦਿਲਚਸਪੀ ਸਿਰਫ਼ ਚੋਣਾਂ ਜਿੱਤਣ ਵਿਚ ਹੈ। ਭਾਵੇਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਹੀ ਰਿਹਾ, ਪਰ ਉਸ ਤੋਂ ਬਾਅਦ ਪਾਰਟੀ ਨੇ ਜ਼ਿਆਦਾਤਰ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ ਹਨ। ਇਸ ਦੀ ਤਾਜ਼ਾ ਉਦਾਹਰਨ ਪੱਛਮੀ ਬੰਗਾਲ ਹੈ, ਜਿੱਥੇ ਮਮਤਾ ਬੈਨਰਜੀ ਵਰਗੀ ਸ਼ਕਤੀਸ਼ਾਲੀ ਨੇਤਾ ਲਗਾਤਾਰ ਦੂਜੀ ਵਾਰ ਆਪਣੇ ਚੋਣ ਹਲਕੇ ਤੋਂ ਹਾਰੀ ਹੈ।
ਦਰਅਸਲ ਲੋਕਤੰਤਰ ਸਿਰਫ਼ ਚੋਣਾਂ ਜਿੱਤਣ ਬਾਰੇ ਨਹੀਂ ਹੈ, ਲੋਕਤੰਤਰ ਚੋਣਾਂ ਤੋਂ ਕਿਤੇ ਅੱਗੇ ਦੀ ਚੀਜ਼ ਹੈ। ਭਾਰਤ ਵਿਚ ਲੋਕਤੰਤਰ ਦੀ ਜਗ੍ਹਾ ਸੁੰਗੜ ਰਹੀ ਹੈ, ਸਮਾਜਿਕ ਪੱਧਰ 'ਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਦੁੱਖ ਝੱਲਣਾ ਪੈ ਰਿਹਾ ਹੈ। ਰਾਜਨੀਤੀ ਤੋਂ ਲੈ ਕੇ ਰੁਜ਼ਗਾਰ ਤੱਕ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਲੋਕਾਂ ਦਾ ਬੇਚੈਨ ਹੋਣਾ ਸੁਭਾਵਿਕ ਹੈ।
ਸ੍ਰੀਲੰਕਾ, ਬੰਗਲਾਦੇਸ਼ ਤੇ ਨਿਪਾਲ ਦੇ ਜਨ ਅੰਦੋਲਨਾਂ ਨੇ ਤਾਕਤਵਰ ਨੇਤਾਵਾਂ ਤੇ ਸਰਕਾਰਾਂ ਨੂੰ ਉਖਾੜ ਦਿੱਤਾ ਹੈ। ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਤੇ ਰਾਜਪਕਸ਼ੇ ਪਰਿਵਾਰ ਨੂੰ ਸ੍ਰੀਲੰਕਾ ਛੱਡ ਕੇ ਭੱਜਣਾ ਪਿਆ ਹੈ। ਇਸ ਲਈ ਸਰਕਾਰ ਲਈ ਕਾਕਰੋਚ ਵਰਤਾਰੇ ਨੂੰ ਹਲਕੇ ਵਿਚ ਲੈਣਾ ਠੀਕ ਨਹੀਂ ਹੋਵੇਗਾ। ਉਂਜ ਵੀ ਕਾਕਰੋਚਾਂ ਦੇ ਬਾਰੇ ਵਿਚ ਇਕ ਮਿੱਥ ਹੈ ਕਿ ਉਹ 'ਨਿਊਕਲੀਅਰ ਵਿੰਟਰ' ਵਿਚ ਵੀ ਆਸਾਨੀ ਨਾਲ ਨਹੀਂ ਮਰਦੇ।

ਈ-ਮੇਲ : ashutosh83b@gmail.com

Ad Position 22
No active advertisement
ਪਿਛਲੀ ਖ਼ਬਰ ਸਥਾਨਕ ਸਰਕਾਰਾਂ ਦੀਆਂ ਚੋਣਾਂ, ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣੋ ਅਗਲੀ ਖ਼ਬਰ ਅਮਰੀਕੀ ਵਿਦੇਸ਼ ਮੰਤਰੀ ਦੀ ਫੇਰੀ ਦਾ ਮਹੱਤਵ
Ad Position 24