08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਥਾਨਕ ਸਰਕਾਰਾਂ ਦੀਆਂ ਚੋਣਾਂ, ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣੋ

Ad Position 21
No active advertisement
ਅਜੀਤ ਡੈਸਕ 26-05-2026

ਅੱਜ 26 ਮਈ ਨੂੰ ਪੰਜਾਬ ਦੇ ਸ਼ਹਿਰੀ ਨਾਗਰਿਕ ਵੱਖ-ਵੱਖ ਥਾਵਾਂ 'ਤੇ ਆਪਣੀਆਂ ਛੋਟੀਆਂ ਸਰਕਾਰਾਂ ਭਾਵ ਆਪਣੇ ਮੁਹੱਲੇ ਅਤੇ ਆਪਣੇ ਵਾਰਡ ਦੇ ਵਿਕਾਸ ਲਈ ਆਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ। ਉਂਝ ਤਾਂ ਸ਼ਹਿਰੀ ਵਰਗ ਆਪਣੇ-ਆਪ 'ਚ ਸਿੱਖਿਅਤ ਨਾਗਰਿਕ ਹੈ ਤੇ ਆਪਣਾ ਚੰਗਾ-ਮਾੜਾ ਚੰਗੀ ਤਰ੍ਹਾਂ ਜਾਣਦਾ ਹੈ ਪਰ ਰਾਜਨੀਤਕ ਗੰਧਲੇਪਣ ਨੇ ਹਰ ਪਾਸੇ ਆਪਣਾ ਅਸਰ ਬਣਾ ਰੱਖਿਆ ਹੈ। ਹਰ ਰਾਜਨੀਤਕ ਪਾਰਟੀ ਇਨ੍ਹਾਂ ਚੋਣਾਂ ਨੂੰ ਹਰ ਹਾਲ ਜਿੱਤਣਾ ਚਾਹੁੰਦੀ ਹੈ ਤਾਂ ਕਿ ਹੇਠਲੇ ਪੱਧਰ 'ਤੇ ਉਸ ਦਾ ਆਧਾਰ ਮਜ਼ਬੂਤ ਹੋ ਸਕੇ। ਹਰ ਨਗਰ ਦਾ ਪਹਿਲਾ ਫ਼ਰਜ਼ ਹੈ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਜ਼ਰੂਰ ਕਰੇ, ਦੂਜਾ ਬੈਲਟ ਪੇਪਰ ਦੀ ਵਰਤੋਂ ਕਰਕੇ ਆਪਣਾ ਵੋਟ ਪਾਉਣ ਤੋਂ ਪਹਿਲਾਂ ਸੱਚੇ ਮਨੋਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਵੀ ਜ਼ਰੂਰ ਸੁਣੇ, ਨਾ ਕਿ ਕਿਸੇ ਦੇ ਬਹਿਕਾਵੇ 'ਚ ਆ ਕੇ ਜਾਂ ਕਿਸੇ ਲਾਲਚ ਵੱਸ ਆ ਕੇ ਬਹਿਕ ਜਾਵੇ, ਕਿਉਂਕਿ ਹਰ ਚੋਣ ਵਾਂਗ ਇਨ੍ਹਾਂ ਚੋਣਾਂ 'ਚ ਵੀ ਸੁਪਨੇ ਬਹੁਤ ਵਿਖਾਏ ਜਾਂਦੇ ਹਨ, ਪਰ ਬਹੁਤੇ ਸੁਪਨੇ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਵਾਂਗ ਹਕੀਕਤ ਤੋਂ ਪਰ੍ਹੇ ਹੀ ਹੁੰਦੇ ਹਨ।
ਵੋਟ ਪਾਉਣ ਤੋਂ ਪਹਿਲਾਂ ਸੋਚਣਾ ਜ਼ਰੂਰ ਕਿ ਕਿਹੜਾ ਉਮੀਦਵਾਰ ਸੇਵਾ ਭਾਵਨਾ ਨਾਲ ਰਾਜਨੀਤੀ 'ਚ ਆਇਆ ਹੈ ਤੇ ਕਿਹੜਾ ਸਿਰਫ਼ ਆਪਣੀ ਪੈਂਠ ਵਧਾਉਣ ਲਈ, ਲਾਲਚ ਲਈ ਅਤੇ ਸਿਰਫ਼ ਚੌਧਰ ਲਈ ਚੋਣ ਲੜ ਰਿਹਾ ਹੈ। ਰਾਜਨੀਤਕ ਪਾਰਟੀਆਂ ਨੇ ਅੱਜ ਰਾਜਨੀਤੀ ਨੂੰ ਬੇਹੱਦ ਗੰਧਲਾ ਬਣਾ ਦਿੱਤਾ ਹੈ।
ਅੱਜ ਵੋਟਾਂ ਨਿਰਪੱਖ ਭਾਵਨਾ ਨਾਲ ਨਹੀਂ ਲੜੀਆਂ ਜਾਂਦੀਆਂ ਤੇ ਨਾ ਹੀ ਟਿਕਟ ਯੋਗਤਾ ਪਰਖ ਕੇ ਦਿੱਤੀਆਂ ਜਾਂਦੀਆਂ ਹਨ, ਸਗੋਂ ਅੱਜ ਜਾਤ-ਪਾਤ, ਧਰਮ ਤੇ ਸਭ ਤੋਂ ਵੱਡੀ ਗੱਲ ਆਰਥਿਕ ਪੱਖੋਂ ਸਮਰੱਥ ਅਤੇ ਜਿੱਤ ਸਕਣ ਵਾਲੇ ਉਮੀਦਵਾਰ 'ਤੇ ਹੀ ਦਾ ਖੇਡਿਆ ਜਾਂਦਾ ਹੈ। ਹੋਰ ਤਾਂ ਹੋਰ ਇਨ੍ਹਾਂ ਸਥਾਨਕ ਚੋਣਾਂ 'ਚ ਵੱਡੇ ਆਗੂ ਸਿਰਫ਼ ਆਪਣੇ ਵਫ਼ਾਦਾਰਾਂ ਨੂੰ ਹੀ ਚੋਣ ਲੜਾਉਂਦੇ ਹਨ ਤਾਂ ਕਿ ਉੱਪਰਲੀਆਂ ਚੋਣਾਂ 'ਚ ਇਨ੍ਹਾਂ ਲੋਕਾਂ ਤੋਂ ਫ਼ਾਇਦਾ ਲਿਆ ਜਾ ਸਕੇ। ਭਾਵੇਂ ਕਿ ਇਹ ਚੋਣਾਂ ਸਥਾਨਕ ਹੀ ਹਨ ਪਰ ਸਰਕਾਰ ਦੀ ਅਸਲ ਨੀਂਹ ਤਾਂ ਇਹ ਚੋਣਾਂ ਹੀ ਹੁੰਦੀਆਂ ਹਨ ਤਾਂ ਹੀ ਇਸ ਨੂੰ 'ਛੋਟੀ ਸਰਕਾਰ' ਦਾ ਨਾਂਅ ਦਿੱਤਾ ਜਾਂਦਾ ਹੈ। ਹਰ ਨਾਗਰਿਕ ਦਾ ਮੁੱਢਲਾ ਫ਼ਰਜ਼ ਹੈ ਕਿ ਵੋਟ ਪਾਉਣ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਲਈ ਜਾਵੇ ਤੇ ਉਸ ਵਲੋਂ ਕੀਤੇ ਗਏ ਕਾਰਜਾਂ ਬਾਰੇ ਜਾਣੇ। ਇਹ ਜ਼ਰੂਰ ਵੇਖਿਆ ਜਾਵੇ ਕੀ ਤੁਹਾਡਾ ਉਮੀਦਵਾਰ ਅਪਰਾਧਿਕ ਅਕਸ ਵਾਲਾ ਤਾਂ ਨਹੀਂ, ਕੀ ਉਹ ਚੋਣ ਜਿੱਤਣ ਲਈ ਲੋਕਾਂ ਨੂੰ ਲਾਲਚ ਤਾਂ ਨਹੀਂ ਦੇ ਰਿਹਾ, ਕੀ ਉਹ ਨਸ਼ੇ ਤਾਂ ਨਹੀਂ ਵੰਡ ਰਿਹਾ, ਕੀ ਉਹ ਵੋਟਾਂ ਲਈ ਧਮਕੀਆਂ ਤਾਂ ਨਹੀਂ ਦੇ ਰਿਹਾ ਆਦਿ। ਨਸ਼ੇ ਵੰਡਣ ਵਾਲੇ ਉਮੀਦਵਾਰਾਂ ਦਾ ਦਲੇਰ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ।
ਉਮੀਦਵਾਰ ਨੂੰ ਪੁੱਛੋ ਕਿ ਜਿੱਤਣ ਤੋਂ ਬਾਅਦ ਉਹ ਤੁਹਾਡੇ ਵਾਰਡ ਜਾਂ ਮੁਹੱਲੇ ਦਾ ਵਿਕਾਸ ਕਿਸ ਤਰ੍ਹਾਂ ਕਰੇਗਾ, ਕਿਸ ਤਰ੍ਹਾਂ ਗ੍ਰਾਂਟਾਂ ਦਾ ਪ੍ਰਬੰਧ ਕਰੇਗਾ, ਕੀ ਉਹ ਜਿੱਤਣ ਤੋਂ ਬਾਅਦ ਹਰ ਨਗਰਿਕ ਨਾਲ ਬਿਨਾਂ ਕਿਸੇ ਵੈਰ-ਵਿਰੋਧ ਤੋਂ ਚੰਗੇ ਸਬੰਧ ਬਣਾ ਕੇ ਰੱਖੇਗਾ, ਕੀ ਉਹ ਤੁਹਾਡੇ ਦੁੱਖ-ਸੁੱਖ 'ਚ ਸ਼ਰੀਕ ਹੋਵੇਗਾ, ਕੀ ਨਿੱਜੀ ਤੌਰ 'ਤੇ ਤੁਹਾਡੇ ਮੁਹੱਲੇ ਦੀ ਸਾਫ਼-ਸਫ਼ਾਈ ਬਾਰੇ ਯਤਨ ਕਰੇਗਾ, ਸਟ੍ਰੀਟ ਲਾਈਟਾਂ, ਸੀਵਰੇਜ, ਗਲੀਆਂ-ਨਾਲੀਆਂ ਆਦਿ ਦੀ ਜ਼ਰੂਰਤ ਸਮੇਂ ਮੁਰੰਮਤ ਕਰਵਾ ਸਕੇਗਾ? ਇਹ ਵੀ ਖਿਆਲ ਰੱਖਣਾ ਕਿ, ਕੀ ਵਿਕਾਸ ਸਿਰਫ਼ ਵੋਟਾਂ ਵੇਲੇ ਹੀ ਤਾਂ ਨਹੀਂ ਹੁੰਦਾ? ਕੀ ਪੀਣ ਵਾਲਾ ਪਾਣੀ ਸਾਫ਼-ਸੁਥਰਾ ਤੇ ਪੂਰੀ ਮਾਤਰਾ 'ਚ ਸਿਰਫ਼ ਵੋਟਾਂ ਵੇਲੇ ਹੀ ਮਿਲਣਾ ਹੈ ਜਾਂ ਬਾਅਦ 'ਚ ਵੀ ਮਿਲੇਗਾ? ਆਪਣੇ ਉਮੀਦਵਾਰ ਤੋਂ ਉਸ ਦਾ ਚੋਣ ਮਨੋਰਥ ਪੱਤਰ ਲਿਖਤੀ ਰੂਪ 'ਚ ਲਓ ਤਾਂ ਕਿ ਚੋਣ ਜਿੱਤਣ ਪਿੱਛੋਂ ਉਸ ਨੂੰ ਵਾਅਦੇ ਨਾ ਪੂਰੇ ਕਰਨ 'ਤੇ ਯਾਦ ਕਰਵਾ ਸਕੋਂ। ਜੇ ਉਮੀਦਵਾਰ ਪਹਿਲਾਂ ਵਾਲਾ ਹੀ ਹੈ ਤਾਂ ਜ਼ਰੂਰ ਪੁੱਛਣਾ ਕਿ ਪਾਣੀ-ਸੀਵਰੇਜ ਦੇ ਇੰਨੇ ਭਾਰੀ ਬਿੱਲਾਂ ਦਾ ਵਿਰੋਧ ਉਸ ਨੇ ਕਿਉਂ ਨਹੀਂ ਕੀਤਾ? ਆਪਣੇ ਹੀ ਬੜੀ ਮੁਸ਼ਕਿਲ ਨਾਲ ਬਣਾਏ ਘਰਾਂ 'ਤੇ ਲਾਏ ਗਏ ਟੈਕਸਾਂ ਰਾਹੀਂ ਲੋਕਾਂ ਨੂੰ ਆਪਣੇ ਹੀ ਘਰਾਂ 'ਚ ਕਿਰਾਏਦਾਰ ਬਣਾਉਣ ਵੇਲੇ ਉਸ ਨੇ ਆਵਾਜ਼ ਕਿਉਂ ਨਹੀਂ ਚੁੱਕੀ? ਇਕ ਨਗਰ ਨੂੰ ਇਹ ਸਭ ਪੁੱਛਣ ਦਾ ਅਧਿਕਾਰ ਹੈ ਕਿਉਂਕਿ ਸਾਡੇ ਵਲੋਂ ਦਿੱਤੇ ਗਏ ਟੈਕਸਾਂ ਦੇ ਪੈਸੇ ਨਾਲ ਹੀ ਇਹ ਸਰਕਾਰਾਂ ਚਲਦੀਆਂ ਹਨ। ਇਕ ਜਾਗਰੂਕ ਨਾਗਰਿਕ ਹੋਣ ਸਦਕਾ ਆਪਣੀ ਵੋਟ ਸਮਰੱਥ, ਇਮਾਨਦਾਰ ਤੇ ਸੇਵਾ ਭਾਵਨਾ ਵਾਲੇ ਉਮੀਦਵਾਰ ਨੂੰ ਹੀ ਦਿੱਤੀ ਜਾਵੇ, ਵੋਟ ਜ਼ਰੂਰ ਪਾਈ ਜਾਵੇ ਪਰ ਧਿਆਨ ਰੱਖਣਾ ਕਿ ਜੇ ਵੋਟਾਂ ਵੇਲੇ ਕੋਈ ਉਮੀਦਵਾਰ ਜਿੱਤਣ ਲਈ ਧੱਕਾ ਕਰਦਾ ਹੈ ਤਾਂ ਇਕੱਠੇ ਹੋ ਕੇ ਅਜਿਹੇ ਉਮੀਦਵਾਰਾਂ ਵਿਰੁੱਧ ਆਵਾਜ਼ ਵੀ ਚੁੱਕਣੀ ਚਾਹੀਦੀ ਹੈ।
ਆਖਰ ਤੁਸੀਂ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹੋ, ਆਪਣੇ ਨੁਮਾਇੰਦੇ ਨੂੰ ਚੁਣ ਰਹੇ ਹੋ, ਸਹੀ ਉਮੀਦਵਾਰ ਚੁਣੋ, ਕਿਉਂਕਿ ਇਹ ਤੁਹਾਡੇ ਮੁਹੱਲੇ ਦੇ ਭਵਿੱਖ ਦਾ ਸਵਾਲ ਹੈ, ਵਿਕਾਸ ਦਾ ਸਵਾਲ ਹੈ, ਸਾਫ਼-ਸਫ਼ਾਈ, ਸਹੀ ਸੀਵਰੇਜ, ਸਾਫ਼-ਸੁਥਰੇ ਪਾਣੀ, ਲਾਈਟਾਂ ਤੇ ਸਿਹਤਮੰਦ ਵਾਤਾਵਰਨ ਦਾ ਸਵਾਲ ਹੈ। ਸੋ ਵੋਟ ਪਾਉਣ ਤੋਂ ਪਹਿਲਾਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਜ਼ਰੂਰ ਸੁਣੋ।

ਪੱਤਰਕਾਰ, 'ਅਜੀਤ' ਸੁਨਾਮ ਊਧਮ ਸਿੰਘ ਵਾਲਾ।
ਮੋਬਾਈਲ : 94179-20753

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸ਼ਹਿਰੀ ਭਵਿੱਖ ਦੀਆਂ ਚੁਣੌਤੀਆਂ ਅਗਲੀ ਖ਼ਬਰ ਕਾਕਰੋਚਾਂ ਨੂੰ ਸਰਕਾਰ ਹਲਕੇ ਵਿਚ ਨਾ ਲਵੇ
Ad Position 24