31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਡੋਬਿਆ ਜਾ ਰਿਹਾ ਹੈ ਐੱਲ. ਆਈ. ਸੀ. ਦਾ ਪੈਸਾ!

Ad Position 21
No active advertisement
ਅਜੀਤ ਡੈਸਕ 15-06-2026

ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇਸ਼ ਦੀਆਂ ਸਭ ਤੋਂ ਵੱਡੀਆਂ ਸਰਕਾਰੀ ਕੰਪਨੀਆਂ 'ਚੋਂ ਇਕ ਹੈ, ਜਿਸ ਕੋਲ ਕਰੋੜਾਂ ਲੋਕਾਂ ਦਾ ਪੈਸਾ ਹੈ। ਲੋਕ ਬੜੀ ਮੁਸ਼ਕਿਲ ਨਾਲ ਬੀਮਾ ਕਰਾਉਂਦੇ ਹਨ, ਫਿਰ ਵੀ ਐੱਲ.ਆਈ.ਸੀ. ਨੂੰ ਸ਼ੱਕੀ ਕੰਪਨੀਆਂ 'ਚ ਨਿਵੇਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਹਿਲਾਂ ਦੱਬੇ ਸੁਰ 'ਚ ਖ਼ਬਰਾਂ ਆਉਂਦੀਆਂ ਸਨ ਕਿ ਸਰਕਾਰ ਐੱਲ.ਆਈ.ਸੀ. ਵਰਗੇ ਜਨਤਕ ਅਦਾਰੇ ਦੇ ਪੈਸੇ ਨਾਲ ਸਟਾਕ ਮਾਰਕੀਟ ਨੂੰ ਕੰਟਰੋਲ ਕਰਦੀ ਸੀ। ਪਰ ਹੁਣ ਨਿੱਤ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਐੱਲ. ਆਈ. ਸੀ. ਨੇ ਰਾਜੇਸ਼ ਐਕਸਪੋਰਟਸ ਦੇ 10.8 ਫ਼ੀਸਦੀ ਸ਼ੇਅਰ ਖਰੀਦੇ ਹਨ ਤੇ ਪਿਛਲੇ 10 ਸਾਲਾਂ ਦੌਰਾਨ ਇਸ ਕੰਪਨੀ ਵਿਚ ਐੱਲ.ਆਈ.ਸੀ. ਦਾ ਨਿਵੇਸ਼ ਪੰਜ ਗੁਣਾ ਵਧਿਆ ਹੈ। ਜਦਕਿ ਦੂਜੇ ਪਾਸੇ ਮਿਊਚੁਅਲ ਫੰਡ ਕੰਪਨੀਆਂ ਨੇ ਇਨ੍ਹਾਂ 10 ਸਾਲਾਂ ਦੌਰਾਨ ਰਾਜੇਸ਼ ਐਕਸਪੋਰਟਸ ਵਿਚ ਆਪਣਾ ਨਿਵੇਸ਼ ਲਗਭਗ ਜ਼ੀਰੋ ਕਰ ਦਿੱਤਾ ਹੈ। ਮਤਲਬ ਪੇਸ਼ੇਵਰਾਂ ਦੀ ਸਲਾਹ ਹੇਠ ਕੰਮ ਕਰਨ ਵਾਲੀਆਂ ਕੰਪਨੀਆਂ ਨੇ ਰਾਜੇਸ਼ ਐਕਸਪੋਰਟਸ ਵਿਚ ਨਿਵੇਸ਼ ਨਹੀਂ ਕੀਤਾ, ਜਦੋਂ ਕਿ ਐੱਲ.ਆਈ.ਸੀ. ਦਾ ਨਿਵੇਸ਼ ਪੰਜ ਗੁਣਾ ਵਧਿਆ ਹੈ। ਹੁਣ ਇਕ ਘੁਟਾਲੇ ਦਾ ਖੁਲਾਸਾ ਹੋਇਆ ਹੈ ਕਿ ਗੁਜਰਾਤ ਨਿਵਾਸੀ ਰਾਜੇਸ਼ ਮਹਿਤਾ ਦੀ ਮਾਲਕੀ ਵਾਲੀ ਇਸ ਕੰਪਨੀ ਨੇ 15 ਲੱਖ ਕਰੋੜ ਤੋਂ ਵੱਧ ਦੀ ਧੋਖਾਧੜੀ ਕੀਤੀ ਸੀ। ਇਹ ਖ਼ਬਰ ਆਉਣ ਵਾਲੇ ਦਿਨ ਰਾਜੇਸ਼ ਐਕਸਪੋਰਟਸ ਦੇ ਸ਼ੇਅਰ 5 ਫ਼ੀਸਦੀ ਤੇ ਐੱਲ.ਆਈ.ਸੀ. ਦੇ ਸ਼ੇਅਰ 1 ਫ਼ੀਸਦੀ ਡਿੱਗ ਗਏ। ਦੱਸਣਯੋਗ ਹੈ ਕਿ ਐੱਲ.ਆਈ.ਸੀ. ਪਹਿਲਾਂ ਅਡਾਨੀ ਦੀ ਕੰਪਨੀ 'ਚ ਆਪਣਾ ਨਿਵੇਸ਼ ਲਗਾਤਾਰ ਵਧਾਉਂਦੀ ਰਹੀ ਤੇ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਦੇ ਸ਼ੇਅਰ ਤੇਜ਼ੀ ਨਾਲ ਡਿਗਣ ਨਾਲ ਲੱਖਾਂ ਐੱਲ.ਆਈ.ਸੀ. ਪਾਲਿਸੀਧਾਰਕਾਂ ਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਉਠਾਉਣਾ ਪਿਆ ਸੀ।
ਬਹੁਤ ਮਾੜੇ ਸਮੇਂ ਦਾ ਸੰਕੇਤ
ਪੱਛਮੀ ਬੰਗਾਲ 'ਚ ਸਰਕਾਰ ਬਦਲਣ ਤੋਂ ਬਾਅਦ ਬਹੁਤ ਕੁਝ ਅਜਿਹਾ ਹੋ ਰਿਹਾ ਹੈ ਜੋ ਲੋਕਤੰਤਰ ਵਿਚ ਬਿਲਕੁਲ ਨਹੀਂ ਹੁੰਦਾ ਹੈ। ਪਿਛਲੇ ਹਫ਼ਤੇ 9 ਜੂਨ ਨੂੰ ਮਮਤਾ ਬੈਨਰਜੀ ਤੇ ਉਨ੍ਹਾਂ ਦਾ ਭਤੀਜਾ ਤ੍ਰਿਣਮੂਲ ਕਾਂਗਰਸ ਦਾ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੀ ਦਿੱਲੀ 'ਚ ਸਨ। ਪੱਛਮੀ ਬੰਗਾਲ ਪੁਲਿਸ ਤੇ ਪ੍ਰਸ਼ਾਸਨ ਨੂੰ ਇਸ ਬਾਰੇ ਸਭ ਪਤਾ ਸੀ, ਫਿਰ ਵੀ ਉਸ ਦਿਨ ਇਕ ਸੀ.ਆਈ.ਡੀ. ਦੀ ਟੀਮ ਮਮਤਾ ਬੈਨਰਜੀ ਦੇ ਜੱਦੀ ਨਿਵਾਸ 'ਤੇ ਪਹੁੰਚੀ। ਜਦੋਂ ਮਮਤਾ ਦੇ ਪਰਿਵਾਰ ਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਵੱਡੀ ਗਿਣਤੀ 'ਚ ਪੁਲਿਸ ਫੋਰਸ ਬੁਲਾਈ ਗਈ। ਹੁਣ ਸਵਾਲ ਇਹ ਹੈ ਕਿ ਸੀ.ਆਈ.ਡੀ. ਟੀਮ ਮਮਤਾ ਦੇ ਘਰ ਤੇ ਨਾਲ ਲਗਦੇ ਪਾਰਟੀ ਦੇ ਕੇਂਦਰੀ ਦਫ਼ਤਰ 'ਤੇ ਕੀ ਲੱਭਣ ਗਈ ਸੀ? ਦਰਅਸਲ ਸ਼ਰਤਾਬ੍ਰਤ ਬੈਨਰਜੀ ਤੇ ਸੰਦੀਪਨ ਸਾਹਾ ਨੇ ਦੋਸ਼ ਲਗਾਇਆ ਹੈ ਕਿ ਸ਼ੋਭਨਦੇਵ ਚਟੋਪਾਧਿਆਏ ਨੂੰ ਵਿਰੋਧੀ ਧਿਰ ਦੇ ਨੇਤਾ ਚੁਣਨ ਦੇ ਪ੍ਰਸਤਾਵ ਦੀ ਕਾਪੀ 'ਤੇ ਉਨ੍ਹਾਂ ਦੇ ਜਾਅਲੀ ਦਸਤਖ਼ਤ ਹਨ, ਜੋ ਕਾਪੀ ਸਪੀਕਰ ਨੂੰ ਸੌਂਪੀ ਗਈ ਸੀ। ਜੇਕਰ ਅਜਿਹਾ ਹੈ ਤਾਂ ਸੀ.ਆਈ.ਡੀ. ਨੂੰ ਇਨ੍ਹਾਂ ਦੋਹਾਂ ਦੇ ਅਸਲ ਦਸਤਖ਼ਤ ਪ੍ਰਾਪਤ ਕਰਕੇ ਇਕ ਹੱਥ ਲਿਖਤ ਮਾਹਰ ਤੋਂ ਇਸ ਦੀ ਤਸਦੀਕ ਕਰਵਾ ਕੇ ਅਗਲੇਰੀ ਕਾਰਵਾਈ ਕਰਨੀ ਚਾਹੀਦੀ ਸੀ। ਪਰ ਅਜਿਹਾ ਕਰਨ ਦੀ ਬਜਾਏ ਪੁਲਿਸ ਮਮਤਾ ਬੈਨਰਜੀ ਦੇ ਘਰ ਤੇ ਕੇਂਦਰੀ ਦਫ਼ਤਰ 'ਤੇ ਛਾਪਾ ਮਾਰਨ ਚਲੀ ਗਈ, ਪੁਲਿਸ ਨੂੰ ਉੱਥੇ ਕੀ ਮਿਲਿਆ? ਕੀ ਉੱਥੇ ਜਾਅਲੀ ਦਸਤਖ਼ਤਾਂ ਦਾ ਰਿਕਾਰਡ ਰੱਖਿਆ ਗਿਆ ਹੋਵੇਗਾ? ਬਿਨਾਂ ਸ਼ੱਕ ਪੁਲਿਸ ਉੱਥੇ ਕੁਝ ਹੋਰ ਹੀ ਲੱਭਣ ਗਈ ਹੋਵੇਗੀ, ਵਿਰੋਧੀ ਆਗੂਆਂ ਦੇ ਘਰਾਂ 'ਤੇ ਅਜਿਹੀਆਂ ਤਲਾਸ਼ੀਆਂ ਲੋਕਤੰਤਰ ਲਈ ਬਹੁਤ ਮਾੜੇ ਸਮੇਂ ਦੇ ਸੰਕੇਤ ਹਨ।
ਨਿਤਿਸ਼ ਦੇ 'ਲੇਖ' ਦੀ ਸਚਾਈ
ਸਿਆਸੀ ਨੇਤਾਵਾਂ ਦੇ ਨਾਮ 'ਤੇ ਲੇਖ ਪ੍ਰਕਾਸ਼ਤ ਕਰਨਾ ਕੋਈ ਨਵੀਂ ਗੱਲ ਨਹੀਂ ਹੈ, ਪਰ ਅੱਜਕਲ੍ਹ ਇਹ ਰੁਝਾਨ ਕੁਝ ਜ਼ਿਆਦਾ ਹੀ ਵਧ ਗਿਆ ਹੈ। ਅਕਸਰ ਸਿਆਸਤਦਾਨਾਂ ਦੇ ਨਾਮ 'ਤੇ ਲਿਖੇ ਜਾਂਦੇ ਲੇਖ ਉਨ੍ਹਾਂ ਦੀ ਪਾਰਟੀ ਦੀਆਂ ਨੀਤੀਆਂ ਨੂੰ ਉਤਸ਼ਾਹਿਤ ਕਰਨ ਜਾਂ ਆਪਣੇ ਸੀਨੀਅਰ ਨੇਤਾਵਾਂ ਨੂੰ ਖੁਸ਼ ਕਰਨ ਲਈ ਹੁੰਦੇ ਹਨ। ਕੁਝ ਕੁ ਨੇਤਾ ਹੀ ਆਪਣੇ ਲੇਖ ਖ਼ੁਦ ਲਿਖਦੇ ਹਨ। ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ 12 ਸਾਲ ਪੂਰੇ ਹੋਣ 'ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਨਾਮ 'ਤੇ ਅਖ਼ਬਾਰਾਂ ਵਿਚ ਇਕ ਲੇਖ ਪ੍ਰਕਾਸ਼ਿਤ ਹੋਇਆ ਹੈ। ਪਰ ਅੰਗਰੇਜ਼ੀ ਦੇ ਅਖਬਾਰ 'ਇੰਡੀਅਨ ਐਕਸਪ੍ਰੈਸ' 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਨਾਂਅ 'ਤੇ ਇਕ ਲੇਖ ਛਪਿਆ ਹੈ, ਜਿਸ ਵਿਚ ਨਰਿੰਦਰ ਮੋਦੀ ਦੇ ਸ਼ਾਸਨ ਤੇ ਰਾਜਨੀਤਕ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਗਈ ਸੀ। ਪਰ ਅਸਲੀਅਤ 'ਚ ਨਿਤਿਸ਼ ਕੁਮਾਰ ਦੀ ਮਾਨਸਿਕ ਸਥਿਤੀ ਅਜਿਹੀ ਜਾਣਕਾਰੀ ਸਾਂਝੀ ਕਰਨ ਯੋਗ ਨਹੀਂ ਹੈ, ਉਨ੍ਹਾਂ ਦੇ ਨਜ਼ਦੀਕੀਆਂ ਅਨੁਸਾਰ ਨਿਤਿਸ਼ ਕੁਮਾਰ ਨੂੰ ਜੇਕਰ ਕੋਈ ਦੋ ਦਿਨ ਬਾਅਦ ਮਿਲਣ ਆਉਂਦਾ ਹੈ ਤਾਂ ਉਨ੍ਹਾਂ ਨੂੰ ਉਸ ਦਾ ਚਿਹਰਾ ਜਾਂ ਨਾਂਅ ਯਾਦ ਨਹੀਂ ਆਉਂਦਾ ਹੈ। ਇਹ ਸਚਾਈ 'ਇੰਡੀਅਨ ਐਕਸਪ੍ਰੈਸ' ਦੇ ਪਟਨਾ ਬਿਊਰੋ ਮੁਖੀ ਤੋਂ ਲੈ ਕੇ ਨਵੀਂ ਦਿੱਲੀ ਵਿਚ ਮੁੱਖ ਸੰਪਾਦਕ ਤੱਕ ਸਾਰਿਆਂ ਨੂੰ ਪਤਾ ਹੈ, ਫਿਰ ਵੀ ਨਿਤਿਸ਼ ਕੁਮਾਰ ਦਾ ਲੇਖ ਪ੍ਰਕਾਸ਼ਿਤ ਹੋਇਆ ਹੈ। ਨਿਤਿਸ਼ ਦੇ ਕਿਸੇ ਨੇੜਲੇ ਨੇਤਾ ਨੇ ਉਕਤ ਲੇਖ ਨੂੰ ਪੜ੍ਹਨ ਤੋਂ ਬਾਅਦ ਕੀ ਸੋਚਿਆ ਹੋਵੇਗਾ, ਤਾਂ 'ਇੰਡੀਅਨ ਐਕਸਪ੍ਰੈਸ' ਦੀ ਕੀ ਭਰੋਸੇਯੋਗਤਾ ਰਹੀ ਹੋਵੇਗੀ!
ਬਿਹਾਰ ਦੇ ਮੰਤਰੀ ਦਾ ਵਿਲੱਖਣ ਰਿਕਾਰਡ
ਬਿਹਾਰ ਸਰਕਾਰ ਦੇ ਮੰਤਰੀ ਦੀਪਕ ਪ੍ਰਕਾਸ਼ ਦੇ ਨਾਂਅ ਇਕ ਵਿਲੱਖਣ ਰਿਕਾਰਡ ਦਰਜ ਹੋ ਗਿਆ ਹੈ। ਉਹ ਦੋ ਵਾਰ ਮੰਤਰੀ ਤਾਂ ਬਣੇ, ਪਰ ਕਿਸੇ ਵੀ ਸਦਨ ਦੇ ਮੈਂਬਰ ਨਾ ਬਣ ਸਕੇ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਨਵੰਬਰ 2025 'ਚ ਐਨ.ਡੀ.ਏ. ਸਰਕਾਰ ਬਣੀ ਤਾਂ ਰਾਸ਼ਟਰੀ ਲੋਕ ਮੋਰਚਾ ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਆਪਣੇ ਪੁੱਤਰ ਨੂੰ ਮੰਤਰੀ ਬਣਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਹ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਸੀ ਅਤੇ ਭਰੋਸਾ ਦਿੱਤਾ ਗਿਆ ਕਿ ਮੰਗਲ ਪਾਂਡੇ ਆਪਣੀ ਵਿਧਾਨ ਪ੍ਰੀਸ਼ਦ ਸੀਟ ਦੀਪਕ ਪ੍ਰਕਾਸ਼ ਲਈ ਖ਼ਾਲੀ ਕਰ ਦੇਵੇਗਾ। ਪਰ ਭਾਜਪਾ ਨੇ ਆਪਣੇ ਕੋਟੇ ਦੀ ਇਹ ਸੀਟ ਰਾਸ਼ਟਰੀ ਲੋਕ ਮੋਰਚਾ ਨੂੰ ਨਹੀਂ ਦਿੱਤੀ। ਨਿਤਿਸ਼ ਕੁਮਾਰ ਵਲੋਂ 14 ਅਪ੍ਰੈਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਸਾਰੇ ਮੰਤਰੀ-ਮੰਡਲ ਨੇ ਅਸਤੀਫਾ ਦੇ ਦਿੱਤਾ। ਜਦੋਂ 7 ਮਈ ਨੂੰ ਸਮਰਾਟ ਚੌਧਰੀ ਦੀ ਕੈਬਨਿਟ ਬਣਾਈ ਗਈ ਤਾਂ ਦੀਪਕ ਪ੍ਰਕਾਸ਼ ਨੂੰ ਦੁਬਾਰਾ ਮੰਤਰੀ ਨਿਯੁਕਤ ਕਰ ਦਿੱਤਾ ਗਿਆ। ਇਸ ਵਾਰ ਦੀਪਕ ਪ੍ਰਕਾਸ਼ ਨੂੰ ਵਿਧਾਨ ਸਭਾ ਮੈਂਬਰਾਂ ਦੁਆਰਾ ਚੁਣੀਆਂ ਜਾਣ ਵਾਲੀਆਂ 9 ਵਿਧਾਨ ਪ੍ਰੀਸ਼ਦ ਸੀਟਾਂ 'ਚੋਂ ਇਕ ਦੇਣ ਦਾ ਵਾਅਦਾ ਕੀਤਾ ਗਿਆ, ਪਰ ਉਸ ਨੂੰ ਉਨ੍ਹਾਂ 9 ਉਮੀਦਵਾਰਾਂ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਹਾਲਾਂਕਿ ਦੀਪਕ ਪ੍ਰਕਾਸ਼ 7 ਨਵੰਬਰ ਤੱਕ ਮੰਤਰੀ ਰਹਿ ਸਕਦੇ ਹਨ, ਜੇਕਰ ਉਦੋਂ ਤੱਕ ਕੋਈ ਸੀਟ ਖਾਲੀ ਨਾ ਹੋਈ ਤਾਂ ਉਸ ਨੂੰ ਅਸਤੀਫ਼ਾ ਦੇਣਾ ਪਵੇਗਾ। ਦੀਪਕ ਪ੍ਰਕਾਸ਼ ਦੇ ਵਿਲੱਖਣ ਰਿਕਾਰਡ ਦਾ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ ਹੈ।
ਹਿਟਲਰ ਤੋਂ ਪ੍ਰੇਰਨਾ ਲੈਂਦੇ ਨੇ ਰੇਵੰਤ ਰੈਡੀ!
ਰਾਹੁਲ ਗਾਂਧੀ ਅਕਸਰ ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਾਨਾਸ਼ਾਹੀ ਤੇ ਫਾਸ਼ੀਵਾਦ ਦਾ ਦੋਸ਼ ਲਗਾਉਂਦੇ ਹਨ, ਪਰ ਉਨ੍ਹਾਂ ਦੇ ਆਪਣੇ ਚਹੇਤੇ ਮੁੱਖ ਮੰਤਰੀ ਰੇਵੰਤ ਰੈਡੀ ਦਾ ਕਹਿਣਾ ਹੈ ਕਿ ਉਹ ਹਿਟਲਰ ਤੋਂ ਪ੍ਰੇਰਨਾ ਲੈਂਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕੋਈ ਵੀ ਵਿਅਕਤੀ ਹਿਟਲਰ ਤੋਂ ਪ੍ਰੇਰਨਾ ਕਿਵੇਂ ਲੈ ਸਕਦਾ ਹੈ? ਹਿਟਲਰ ਨੂੰ ਇਤਿਹਾਸ ਵਿਚ ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਣਾਂ 'ਚੋਂ ਇਕ ਮੰਨਿਆ ਜਾਂਦਾ ਹੈ ਤੇ ਉਸ ਨੇ ਆਪਣੇ ਪੂਰੇ ਸ਼ਾਸਨ ਦੌਰਾਨ ਕੁਝ ਵੀ ਪ੍ਰੇਰਣਾਦਾਇਕ ਨਹੀਂ ਕੀਤਾ ਸੀ। ਇਸੇ ਲਈ ਜਰਮਨੀ 'ਚ ਹਿਟਲਰ ਦਾ ਨਾਮ ਲੈਣਾ ਵੀ ਗੁਨਾਹ ਮੰਨਿਆ ਜਾਂਦਾ ਹੈ। ਪਰ ਲੋਕਤੰਤਰੀ ਭਾਰਤ ਵਿਚ ਇਕ ਮੁੱਖ ਮੰਤਰੀ ਨੂੰ ਹਿਟਲਰ ਤੋਂ ਪ੍ਰੇਰਨਾ ਮਿਲਦੀ ਹੈ! ਰੇਵੰਤ ਰੈਡੀ ਨੇ ਹੈਦਰਾਬਾਦ ਜਲ ਪ੍ਰੋਜੈਕਟ ਦਾ ਨਾਂਅ 'ਹਾਈਡਰਾ' ਰੱਖਿਆ ਹੈ। ਜ਼ਿਕਰਯੋਗ ਹੈ ਕਿ ਹਿਟਲਰ ਨੇ ਹਾਈਡਰਾ ਪ੍ਰੋਜੈਕਟ ਮਾਸੂਮ ਲੋਕਾਂ ਨੂੰ ਮਨਮਾਨੇ ਢੰਗ ਨਾਲ ਮਾਰਨ ਲਈ ਤਿਆਰ ਕੀਤਾ ਸੀ। ਦੱਸਣਯੋਗ ਹੈ ਕਿ ਰੇਵੰਤ ਰੈਡੀ ਆਰ.ਐੱਸ.ਐੱਸ. ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨਾਲ ਜੁੜੇ ਰਹੇ ਹਨ। ਹਾਲਾਂਕਿ ਆਰ.ਐੱਸ.ਐੱਸ ਵੀ ਜਨਤਕ ਤੌਰ 'ਤੇ ਕਦੇ ਵੀ ਹਿਟਲਰ ਜਾਂ ਮੁਸੋਲਿਨੀ ਦੀ ਵਿਚਾਰਧਾਰਾ ਤੋਂ ਕੋਈ ਪ੍ਰੇਰਨਾ ਲੈਣ ਦਾ ਜ਼ਿਕਰ ਨਹੀਂ ਕਰਦਾ ਹੈ। ਪਰ ਹਿੰਦੂ ਮਹਾਂਸਭਾ ਦੇ ਨੇਤਾ ਬੀ.ਐਸ. ਮੂੰਜੇ ਨੇ ਇਟਲੀ ਵਿਚ ਮੁਸੋਲਿਨੀ ਦੇ ਸੰਗਠਨ ਦਾ ਅਧਿਐਨ ਕਰਕੇ ਆਰ.ਐੱਸ.ਐੱਸ. ਦੇ ਸੰਸਥਾਪਕ ਤੇ ਆਪਣੇ ਗੁਰੂ ਹੇਡਗੇਵਾਰ ਨੂੰ ਇਸ ਬਾਰੇ ਦੱਸਿਆ ਸੀ।

-੦-

Ad Position 22
No active advertisement
ਪਿਛਲੀ ਖ਼ਬਰ ਦੂਰਦਰਸ਼ਨ ਕੇਂਦਰ ਜਲੰਧਰ ਦੀ ਵਾਗਡੋਰ ਨਵੇਂ ਹੱਥਾਂ ਵਿਚ ਅਗਲੀ ਖ਼ਬਰ ਡੀਜ਼ਲ ਦੀ ਸਪਲਾਈ ਯਕੀਨੀ ਬਣਾਏ ਸਰਕਾਰ
Ad Position 24