ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ 'ਤੇ ਵਿਸ਼ੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਅਤੇ ਚੰਡੀਗੜ੍ਹ ਦਾ ਦੌਰਾ ਸਿਰਫ਼ ਇੱਕ ਸਰਕਾਰੀ ਸਮਾਗਮ ਨਹੀਂ, ਸਗੋਂ ਇਸ ਦਾ ਡੂੰਘਾ ਅਰਥ ਅਤੇ ਵਿਆਪਕ ਉਦੇਸ਼ ਹੈ। ਇਹ ਉੱਤਰੀ ਭਾਰਤ ਦੇ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਨਵੀਂ ਰਫ਼ਤਾਰ ਦੇਣ ਵਾਲਾ ਇੱਕ ਇਤਿਹਾਸਕ ਪਲ ਹੈ। ਕਈ ਸੰਕਟਾਂ ਨਾਲ ਜੂਝ ਰਹੇ ਪੰਜਾਬ ਲਈ, ਜਦੋਂ ਸੂਬਾ ਨਵੀਆਂ ਉਮੀਦਾਂ ਦੀ ਭਾਲ ਵਿਚ ਹੈ, ਪ੍ਰਧਾਨ ਮੰਤਰੀ ਦੀ ਦਿਨ ਭਰ ਦੀ ਮੌਜੂਦਗੀ ਇਹ ਸਪੱਸ਼ਟ ਸੰਦੇਸ਼ ਦਿੰਦੀ ਹੈ, ਕਿ ਪੰਜਾਬ ਭਾਰਤ ਦੀ ਵਿਕਾਸ ਯਾਤਰਾ ਅਤੇ ਰਾਸ਼ਟਰੀ ਯੋਜਨਾਬੰਦੀ ਦੇ ਕੇਂਦਰ ਵਿਚ ਹੈ।
ਇਹ ਦੌਰਾ ਦੇਸ਼ ਨੂੰ ਸਮਰਪਿਤ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਕਰਕੇ ਅਹਿਮ ਹੈ। ਨਾਲ ਹੀ, ਇਹ ਇੱਕ ਸਰਹੱਦੀ ਸੂਬੇ ਵੱਲ ਮੁੜ ਕੇਂਦਰਿਤ ਹੋ ਰਹੇ ਰਾਸ਼ਟਰੀ ਧਿਆਨ ਦਾ ਵੀ ਪ੍ਰਤੀਕ ਹੈ, ਜਿਸ ਦੀਆਂ ਅਪਾਰ ਸੰਭਾਵਨਾਵਾਂ ਲੰਬੇ ਸਮੇਂ ਤੋਂ ਲਗਾਤਾਰ ਚੁਣੌਤੀਆਂ ਦੀ ਧੂੜ ਹੇਠ ਦੱਬੀਆਂ ਰਹੀਆਂ ਹਨ।
ਪ੍ਰਧਾਨ ਮੰਤਰੀ ਚੰਡੀਗੜ੍ਹ ਵਿਚ 6,600 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿਚ ਪੀ.ਜੀ.ਆਈ. ਐਮ.ਈ.ਆਰ. ਵਿਖੇ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋ ਸਾਇੰਸਿਜ਼ ਕੇਂਦਰ ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਕ ਨਵਾਂ ਕ੍ਰਿਟੀਕਲ ਕੇਅਰ ਬਲਾਕ ਵੀ ਹੈ, ਜੋ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰੇਗਾ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿਚ ਟ੍ਰਾਈ ਸਿਟੀ ਖੇਤਰ ਵਿਚ ਸੰਪਰਕ ਬਿਹਤਰ ਬਣਾਉਣ ਵਾਲੇ ਸੜਕੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਪਣ ਵੀ ਸ਼ਾਮਿਲ ਹੈ।
ਜਲੰਧਰ ਵਿਚ, ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ-ਪੱਥਰ ਰੱਖਣਗੇ, ਜਿਨ੍ਹਾਂ ਵਿਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਵਿਕਸਤ ਕੀਤੇ ਗਏ ਰੇਲਵੇ ਸਟੇਸ਼ਨ ਵੀ ਸ਼ਾਮਿਲ ਹਨ। ਇਹ ਨਿਵੇਸ਼ ਸਿਰਫ਼ ਢਾਂਚਾ ਬਣਾਉਣ ਬਾਰੇ ਨਹੀਂ ਹਨ, ਸਗੋਂ ਮਨੁੱਖੀ ਸਰੋਤਾਂ, ਮੌਕਿਆਂ ਤੇ ਭਵਿੱਖ ਲਈ ਸੰਪਤੀ ਸਿਰਜਣ ਬਾਰੇ ਹਨ।
ਪੰਜਾਬ ਲਈ, ਜੋ ਇੱਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੋਣ ਦੇ ਨਾਤੇ ਹਮੇਸ਼ਾ ਦੇਸ਼ ਦੀ ਸੁਰੱਖਿਆ ਦੀ ਪਹਿਲੀ ਕਤਾਰ ਵਿਚ ਖੜ੍ਹਾ ਰਿਹਾ ਹੈ, ਵਿਕਾਸ ਨੂੰ ਰਾਸ਼ਟਰੀ ਸੁਰੱਖਿਆ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਮਜ਼ਬੂਤ ਸੜਕੀ ਬੁਨਿਆਦੀ ਢਾਂਚਾ, ਬਿਹਤਰ ਰੇਲ ਸੰਪਰਕ ਅਤੇ ਆਧੁਨਿਕ ਸਿਹਤ ਸੇਵਾਵਾਂ ਨਾ ਸਿਰਫ਼ ਅਰਥ-ਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ, ਸਗੋਂ ਸੰਕਟਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਵਧਾਉਂਦੀਆਂ ਹਨ। ਪੰਜਾਬ ਵਿਚ ਕੀਤਾ ਗਿਆ ਹਰ ਨਿਵੇਸ਼, ਅਸਲ ਅਰਥਾਂ ਵਿਚ, ਭਾਰਤ ਦੀ ਰਣਨੀਤਕ ਤਾਕਤ ਨੂੰ ਹੋਰ ਮਜ਼ਬੂਤ ਕਰਨ ਵੱਲ ਕੀਤਾ ਗਿਆ ਨਿਵੇਸ਼ ਹੈ।
ਪੰਜਾਬ ਨੂੰ ਭਰੋਸੇ ਦੀ ਲੋੜ ਹੈ
ਅੱਜ ਪੰਜਾਬ ਇੱਕ ਗੁੰਝਲਦਾਰ ਮੋੜ 'ਤੇ ਖੜ੍ਹਾ ਹੈ। ਵਧਦਾ ਜਨਤਕ ਕਰਜ਼ਾ, ਗੰਭੀਰ ਦਬਾਅ ਹੇਠ ਖੇਤੀ ਅਰਥ-ਵਿਵਸਥਾ, ਵਧਦੀ ਬੇਰੁਜ਼ਗਾਰੀ, ਸੰਗਠਿਤ ਅਪਰਾਧ ਅਤੇ ਗੈਂਗਸਟਰਵਾਦ ਦਾ ਫੈਲਦਾ ਖ਼ਤਰਾ, ਨਸ਼ਿਆਂ ਦੀ ਲਗਾਤਾਰ ਚੁਣੌਤੀ ਅਤੇ ਸਰਹੱਦ ਪਾਰ ਤਸਕਰੀ ਵਰਗੀਆਂ ਸਮੱਸਿਆਵਾਂ ਸੂਬੇ ਸਾਹਮਣੇ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਮੁੱਦਿਆਂ ਨੇ ਇੱਕ ਅਜਿਹਾ ਬੇਯਕੀਨੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਦਾ ਅਸਰ ਨਿਵੇਸ਼ਕਾਂ, ਉੱਦਮੀਆਂ ਅਤੇ ਆਮ ਪਰਿਵਾਰਾਂ 'ਤੇ ਸਪੱਸ਼ਟ ਤੌਰ 'ਤੇ ਪੈਂਦਾ ਹੈ।
ਇਹ ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਇੱਕ ਇਕੱਲਾ ਦੌਰਾ ਰਾਤੋ-ਰਾਤ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ, ਪਰ ਇਸ ਦੌਰੇ ਦਾ ਸਭ ਤੋਂ ਵੱਡਾ ਮਹੱਤਵ ਇਸ ਵੱਲੋਂ ਦਿੱਤੇ ਜਾਣ ਵਾਲੇ ਭਰੋਸੇ ਅਤੇ ਦ੍ਰਿੜ੍ਹ ਇਰਾਦੇ ਦੇ ਮਜ਼ਬੂਤ ਸੰਦੇਸ਼ ਵਿਚ ਹੈ। ਜਦੋਂ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਹਨ, ਨਵੇਂ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦੇ ਹਨ ਅਤੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹਨ, ਤਾਂ ਇਹ ਇੱਕ ਸਪੱਸ਼ਟ ਅਤੇ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ, ਕਿ ਕੇਂਦਰ ਸਰਕਾਰ ਪੰਜਾਬ ਅਤੇ ਇਸ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਗੰਭੀਰਤਾ ਨਾਲ ਨਿਭਾ ਰਹੀ ਹੈ।
ਪੰਜਾਬ ਨੇ ਹਮੇਸ਼ਾ ਸਕਾਰਾਤਮਕ ਹੁੰਗਾਰਾ ਭਰਿਆ ਹੈ, ਜਦੋਂ ਵੀ ਸਰਕਾਰਾਂ ਨੇ ਸਿਰਫ਼ ਪ੍ਰਸ਼ਾਸਕ ਦੀ ਭੂਮਿਕਾ ਨਿਭਾਉਣ ਦੀ ਬਜਾਏ ਇਸ ਦੇ ਲੋਕਾਂ ਨਾਲ ਭਾਈਵਾਲੀ ਦਾ ਰਾਹ ਅਪਣਾਇਆ ਹੈ। ਸੂਬੇ ਦਾ ਇਤਿਹਾਸ ਲਚਕੀਲੇਪਣ ਅਤੇ ਜਜ਼ਬੇ ਦੀ ਮਿਸਾਲ ਰਿਹਾ ਹੈ। ਭਾਰਤ ਵਿਚ ਹਰੀ ਕ੍ਰਾਂਤੀ ਦੀ ਅਗਵਾਈ ਕਰਨ ਤੋਂ ਲੈ ਕੇ ਰਾਸ਼ਟਰੀ ਏਕਤਾ ਦੀ ਰਾਖੀ ਲਈ ਅਸਾਧਾਰਨ ਕੁਰਬਾਨੀਆਂ ਦੇਣ ਤੱਕ, ਪੰਜਾਬ ਨੇ ਹਰ ਔਖੇ ਦੌਰ ਵਿਚ ਮੁਸ਼ਕਲਾਂ 'ਤੇ ਕਾਬੂ ਪਾਉਣ ਦੀ ਆਪਣੀ ਸਮਰੱਥਾ ਦਾ ਸਬੂਤ ਦਿੱਤਾ ਹੈ। ਇਹ ਦੌਰਾ ਉਸੇ ਭਰੋਸੇ ਦੀ ਮੁੜ ਪੁਸ਼ਟੀ, ਉਸੇ ਜਜ਼ਬੇ ਦੀ ਮੁੜ ਪਛਾਣ ਅਤੇ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਵਿਕਾਸ, ਨਿਵੇਸ਼ ਅਤੇ ਨਵੇਂ ਮੌਕੇ ਇੱਕ ਵਾਰ ਫਿਰ ਪੰਜਾਬ ਵੱਲ ਪਰਤਣਗੇ।
ਪੀ.ਜੀ.ਆਈ. ਐਮ.ਈ.ਆਰ. ਦੇ ਸਿਹਤ ਪ੍ਰੋਜੈਕਟ ਸਿਰਫ਼ ਚੰਡੀਗੜ੍ਹ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹੋਰ ਨਾਲ ਲਗਦੇ ਖੇਤਰਾਂ ਦੇ ਲੱਖਾਂ ਮਰੀਜ਼ਾਂ ਲਈ ਵੀ ਵਰਦਾਨ ਸਾਬਤ ਹੋਣਗੇ। ਬਿਹਤਰ ਆਵਾਜਾਈ ਬੁਨਿਆਦੀ ਢਾਂਚਾ ਸਫ਼ਰ ਦਾ ਸਮਾਂ ਘਟਾਏਗਾ, ਲੌਜਿਸਟਿਕਸ ਨੂੰ ਹੋਰ ਕੁਸ਼ਲ ਬਣਾਏਗਾ ਤੇ ਪੰਜਾਬ ਨੂੰ ਉਦਯੋਗ ਤੇ ਵਪਾਰ ਲਈ ਹੋਰ ਵੱਧ ਵਧੀਆ ਮੰਜ਼ਿਲ ਵਜੋਂ ਸਥਾਪਿਤ ਕਰੇਗਾ। ਇਸੇ ਤਰ੍ਹਾਂ ਆਧੁਨਿਕ ਰੇਲਵੇ ਸਟੇਸ਼ਨ ਸਿਰਫ਼ ਦਿੱਖ ਵਿਚ ਸੁਧਾਰ ਤੱਕ ਸੀਮਤ ਨਹੀਂ ਹਨ; ਇਹ ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣ, ਆਰਥਿਕ ਸਰਗਰਮੀਆਂ ਨੂੰ ਗਤੀ ਦੇਣ ਅਤੇ ਖੇਤਰੀ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਸੂਬੇ ਦੇ ਕਿਸਾਨ ਵੀ ਨਵੇਂ ਸਿਰੇ ਤੋਂ ਠੋਸ ਨੀਤੀਆਂ ਅਤੇ ਵਿਸ਼ੇਸ਼ ਧਿਆਨ ਦੇ ਹੱਕਦਾਰ ਹਨ। ਖੇਤੀਬਾੜੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਪਰ ਖੇਤੀ ਦੇ ਲਗਾਤਾਰ ਵਧ ਰਹੇ ਖ਼ਰਚੇ, ਧਰਤੀ ਹੇਠਲੇ ਪਾਣੀ ਦਾ ਡਿਗ ਰਿਹਾ ਪੱਧਰ ਅਤੇ ਫ਼ਸਲੀ ਵੰਨ-ਸੁਵੰਨਤਾ (ਬਦਲਾਅ) ਦੀ ਘਾਟ ਵਰਗੀਆਂ ਗੰਭੀਰ ਚੁਣੌਤੀਆਂ ਅੱਜ ਸਾਡੇ ਸਾਹਮਣੇ ਖੜ੍ਹੀਆਂ ਹਨ। ਇਨ੍ਹਾਂ ਦੇ ਪੱਕੇ ਹੱਲ ਲਈ ਕੇਂਦਰ ਸਰਕਾਰ, ਸੂਬਾ ਸਰਕਾਰ, ਖੇਤੀ ਵਿਗਿਆਨੀਆਂ ਅਤੇ ਕਿਸਾਨ ਭਾਈਚਾਰੇ ਵਿਚਕਾਰ ਆਪਸੀ ਤਾਲਮੇਲ ਅਤੇ ਨੇੜਲੇ ਸਹਿਯੋਗ ਦੀ ਬਹੁਤ ਲੋੜ ਹੈ। ਸਾਡੇ ਕਿਸਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਪੰਜਾਬ ਦਾ ਵਿਕਾਸ ਅਧੂਰਾ ਹੈ।
ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਵਿਚ ਮੁੜ ਭਰੋਸਾ ਬਹਾਲ ਕਰਨਾ ਬੇਹੱਦ ਅਹਿਮ ਹੈ। ਅੱਜ ਬਹੁਤ ਸਾਰੇ ਹੋਣਹਾਰ ਨੌਜਵਾਨ ਵਿਦੇਸ਼ ਜਾਣ (ਪਰਵਾਸ) ਨੂੰ ਹੀ ਸਫ਼ਲਤਾ ਦਾ ਇੱਕੋ-ਇੱਕ ਰਾਹ ਸਮਝ ਰਹੇ ਹਨ। ਪੰਜਾਬ ਨੂੰ ਮੁੜ ਇੱਕ ਅਜਿਹੀ ਮੰਜ਼ਿਲ ਬਣਨਾ ਪਵੇਗਾ ਜਿੱਥੇ ਨਵੇਂ ਕਾਰੋਬਾਰਾਂ ਨੂੰ ਹੁਲਾਰਾ ਮਿਲੇ, ਉਦਯੋਗ ਵਧਣ-ਫੁੱਲਣ, ਵਿੱਦਿਅਕ ਸੰਸਥਾਵਾਂ ਦਾ ਮਿਆਰ ਉੱਚਾ ਹੋਵੇ ਤੇ ਨਵੇਂ ਵਿਚਾਰ ਸਾਰਥਕ ਰੁਜ਼ਗਾਰ ਪੈਦਾ ਕਰਨ। ਸਿਰਫ਼ ਬੁਨਿਆਦੀ ਢਾਂਚਾ ਹੀ ਸਭ ਕੁਝ ਨਹੀਂ ਹੈ, ਪਰ ਇਸ ਢਾਂਚੇ ਤੋਂ ਬਿਨਾਂ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।
ਇਸ ਲਈ ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਨੂੰ ਪੰਜਾਬ ਦੇ ਭਵਿੱਖ ਲਈ ਇੱਕ ਨਵੀਂ ਸਕਾਰਾਤਮਿਕ ਚਰਚਾ ਦੀ ਸ਼ੁਰੂਆਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਹ ਇਸ ਗੱਲ ਨੂੰ ਮੁੜ ਦੁਹਰਾਉਣ ਦਾ ਮੌਕਾ ਹੈ ਕਿ ਇਹ ਮਾਣਮੱਤਾ ਸਰਹੱਦੀ ਸੂਬਾ ਭਾਰਤ ਦੀ ਰਾਸ਼ਟਰੀ ਸੋਚ ਅਤੇ ਵਿਕਾਸ ਦੀਆਂ ਤਰਜੀਹਾਂ ਵਿਚ ਹਮੇਸ਼ਾ ਖ਼ਾਸ ਥਾਂ ਰੱਖਦਾ ਹੈ। ਪੰਜਾਬ ਨੇ ਕਦੇ ਹਮਦਰਦੀ ਨਹੀਂ ਮੰਗੀ, ਇਸ ਨੇ ਹਮੇਸ਼ਾ ਬਰਾਬਰੀ ਦੀ ਭਾਈਵਾਲੀ ਚਾਹੀ ਹੈ।
ਪੰਜਾਬ ਦੇ ਲੋਕ ਮਿਹਨਤੀ, ਦਲੇਰ ਅਤੇ ਦੇਸ਼ ਭਗਤ ਹਨ। ਜੇਕਰ ਉਨ੍ਹਾਂ ਨੂੰ ਢੁਕਵਾਂ ਮਾਹੌਲ ਮਿਲੇ, ਤਾਂ ਉਨ੍ਹਾਂ ਨੇ ਵਾਰ-ਵਾਰ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲਣ ਦੀ ਆਪਣੀ ਸਮਰੱਥਾ ਸਾਬਤ ਕੀਤੀ ਹੈ। ਇਸ ਦੌਰੇ ਦੌਰਾਨ ਸ਼ੁਰੂ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟ ਕੇਂਦਰ ਸਰਕਾਰ ਦੀ ਇਸੇ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਨੂੰ ਦਰਸਾਉਂਦੇ ਹਨ। ਇਸ ਦੌਰੇ ਦੀ ਅਸਲ ਸਫ਼ਲਤਾ ਸਿਰਫ਼ ਬਣਾਏ ਗਏ ਹਾਈਵੇਅ ਦੇ ਕਿਲੋਮੀਟਰਾਂ ਜਾਂ ਸ਼ੁਰੂ ਕੀਤੀਆਂ ਗਈਆਂ ਇਮਾਰਤਾਂ ਨਾਲ ਨਹੀਂ ਮਾਪੀ ਜਾਵੇਗੀ, ਸਗੋਂ ਇਹ ਇਸ ਗੱਲ ਨਾਲ ਮਾਪੀ ਜਾਵੇਗੀ ਕਿ, ਕੀ ਇਹ ਕਿਸਾਨਾਂ, ਵਿਦਿਆਰਥੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਆਮ ਨਾਗਰਿਕਾਂ ਵਿਚ ਇਹ ਵਿਸ਼ਵਾਸ ਪੈਦਾ ਕਰ ਸਕਦਾ ਹੈ, ਕਿ ਪੰਜਾਬ ਦੇ ਸੁਨਹਿਰੀ ਦਿਨ ਅਜੇ ਆਉਣੇ ਬਾਕੀ ਹਨ। ਇਹ ਭਰੋਸਾ ਹੀ ਕਿਸੇ ਵੀ ਸਰਕਾਰ ਵੱਲੋਂ ਕੀਤਾ ਜਾਣ ਵਾਲਾ ਸਭ ਤੋਂ ਕੀਮਤੀ ਨਿਵੇਸ਼ ਹੈ ਅਤੇ ਪੰਜਾਬ ਇਸ ਤੋਂ ਘੱਟ ਦਾ ਹੱਕਦਾਰ ਨਹੀਂ ਹੈ।
-ਮੈਂਬਰ ਪਾਰਲੀਮੈਂਟ (ਰਾਜ ਸਭਾ)
ਈ-ਮੇਲ : satnam.sandhu@sansad.nic.in