ਕੌਨ ਸਾ 'ਲਾਲ' ਸਜਾਊਂ ਤੇਰੇ ਸਿਹਰੇ ਮੇਂ ਭਲਾ,
ਇਸ ਸ਼ਸ਼-ਓ-ਪੰਜ ਮੇਂ ਤੋ ਰਾਤ ਗੁਜ਼ਰ ਜਾਏਗੀ।
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਸੰਬੰਧੀ ਆਖ਼ਰੀ ਫ਼ੈਸਲਾ ਲੈਣ ਦੇ ਮਾਮਲੇ ਵਿਚ ਕਾਂਗਰਸ ਹਾਈਕਮਾਨ ਵੀ ਬੁਰੀ ਤਰ੍ਹਾਂ ਸ਼ਸ਼ੋਪੰਜ (ਭੰਬਲਭੂਸੇ) ਵਿਚ ਫਸੀ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਕਿਤੇ ਕਾਂਗਰਸ ਹਾਈਕਮਾਨ ਹਰਿਆਣਾ ਕਾਂਗਰਸ ਵਾਂਗ ਪੰਜਾਬ ਕਾਂਗਰਸ ਵਿਚ ਵੀ ਏਕਤਾ ਕਰਵਾਉਣ 'ਚ ਏਨੀ ਦੇਰ ਨਾ ਕਰ ਦੇਵੇ ਕਿ ਰਾਤ ਹੀ ਗੁਜ਼ਰ ਜਾਵੇ। ਨਤੀਜੇ ਵਜੋਂ ਮੁੱਖ ਮੰਤਰੀ ਦੇ ਅਹੁਦੇ ਲਈ ਲੜਦੇ ਕਾਂਗਰਸੀ ਨੇਤਾ ਵਿਧਾਇਕ ਬਣਨ ਤੋਂ ਵੀ ਨਾ ਰਹਿ ਜਾਣ। ਕਈ ਵਾਰ ਕਾਂਗਰਸ ਹਾਈਕਮਾਨ ਫ਼ੈਸਲਾ ਲੈਣ ਵਿਚ ਏਨੀ ਦੇਰੀ ਕਰ ਦਿੰਦੀ ਰਹੀ ਹੈ, ਕਿ ਉਸ ਵਲੋਂ ਲਿਆ ਫ਼ੈਸਲਾ ਆਪਣੀ ਮਹੱਤਤਾ ਹੀ ਗੁਆ ਬੈਠਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਵੇਲੇ ਵੀ ਅਜਿਹਾ ਕੁਝ ਹੀ ਵਾਪਰਿਆ ਸੀ। ਕਈ ਵਾਰ ਇੰਜ ਲਗਦਾ ਹੈ ਕਿ ਜਿਵੇਂ ਕਾਂਗਰਸ ਦੀ ਅੰਦਰੂਨੀ ਸੱਤਾ ਵਿਚ ਬੈਠੇ ਲੋਕ ਜਿਵੇਂ ਕਿਸੇ ਹੋਰ ਪਾਰਟੀ ਦੇ ਹਿੱਤਾਂ ਦਾ ਧਿਆਨ ਰੱਖ ਰਹੇ ਹੋਣ, ਜੋ ਪਾਰਟੀ ਨੂੰ ਸਹੀ ਸਮੇਂ 'ਤੇ ਸਹੀ ਫ਼ੈਸਲੇ ਹੀ ਨਹੀਂ ਲੈਣ ਦਿੰਦੇ।
ਸਾਡੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਵੱਖ-ਵੱਖ ਨੇਤਾਵਾਂ ਨੂੰ ਬੁਲਾ ਕੇ ਗੱਲਬਾਤ ਕਰ ਰਹੀ ਹੈ। ਪਹਿਲਾਂ ਪ੍ਰਤਾਪ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ ਗਿਆ ਸੀ। ਹੁਣ ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਨੂੰ ਬੁਲਾਇਆ ਗਿਆ ਹੈ। ਹੋਰਾਂ ਨੂੰ ਵੀ ਬੁਲਾਏ ਜਾਣ ਦੀਆਂ 'ਸਰਗੋਸ਼ੀਆਂ' ਹਨ। ਇਸ ਤਰ੍ਹਾਂ ਬੁਲਾ ਕੇ ਰਾਏ ਲੈਣੀ ਤੇ ਅਸਲੀਅਤ ਸਮਝਣੀ ਚੰਗੀ ਗੱਲ ਹੈ ਪਰ ਬਹੁਤ ਹੌਲੀ-ਹੌਲੀ ਕਿਸੇ ਫ਼ੈਸਲੇ 'ਤੇ ਪਹੁੰਚਣਾ ਕਾਂਗਰਸ ਹਾਈਕਮਾਨ ਦੀ ਆਦਤ ਹੀ ਬਣ ਚੁੱਕੀ ਹੈ ਤੇ ਬਹੁਤੀ ਵਾਰੀ ਕਾਂਗਰਸ ਹਾਈਕਮਾਨ ਦੀ ਹਾਲਤ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਗੱਡੀ ਨਿਕਲ ਜਾਣ ਵਾਲੀ ਹੋ ਜਾਂਦੀ।
ਖ਼ੈਰ, ਜਿਸ ਤਰ੍ਹਾਂ ਦੀਆਂ 'ਸਰਗੋਸ਼ੀਆਂ' ਸਾਨੂੰ ਸੁਣਾਈ ਦੇ ਰਹੀਆਂ ਹਨ, ਉਨ੍ਹਾਂ ਅਨੁਸਾਰ ਹਾਈਕਮਾਨ ਪੰਜਾਬ ਨੂੰ ਲੈ ਕੇ ਸ਼ਸ਼ੋਪੰਜ ਵਿਚ ਹੈ ਤੇ ਪੰਜਾਬ ਬਾਰੇ ਫ਼ੈਸਲਾ ਇਕ-ਦੋ ਦਿਨ ਵਿਚ ਹੀ ਹੋਣ ਦੇ ਆਸਾਰ ਨਾਂਹ ਦੇ ਬਰਾਬਰ ਹਨ। ਚਰਚਾ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਉਮੀਦਵਾਰ ਫਿਰ ਵਧਦੇ ਜਾ ਰਹੇ ਹਨ, ਜੋ ਪੰਜਾਬ ਕਾਂਗਰਸ ਵਿਚ ਫੁੱਟ ਦਾ ਇਕ ਨਵਾਂ ਦੌਰ ਉਭਾਰ ਸਕਦੇ ਹਨ। ਪਰ ਇਸ ਵੇਲੇ ਪ੍ਰਧਾਨਗੀ ਲਈ ਜਿਨ੍ਹਾਂ ਨਾਵਾਂ ਦੀ ਚਰਚਾ ਹੈ, ਉਨ੍ਹਾਂ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪ੍ਰਧਾਨਗੀ ਸਲਾਮਤ ਰੱਖਣ ਲਈ ਯਤਨਸ਼ੀਲ ਹਨ, ਜਦੋਂ ਕਿ ਹੋਰ ਦਾਅਵੇਦਾਰਾਂ ਵਿਚ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੈ ਇੰਦਰ ਸਿੰਗਲਾ, ਪ੍ਰਗਟ ਸਿੰਘ ਤੇ ਚੰਨੀ ਸਮਰਥਕ ਬਣ ਚੁੱਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂਅ ਸ਼ਾਮਿਲ ਹਨ। ਪਰ ਚਰਚਾ ਹੈ ਕਿ ਜੇਕਰ ਇਨ੍ਹਾਂ ਵਿਚੋਂ ਕਿਸੇ ਦੇ ਨਾਂਅ 'ਤੇ ਸਹਿਮਤੀ ਨਾ ਬਣੀ ਤਾਂ ਕਾਂਗਰਸ ਹਾਈਕਮਾਨ ਇਨ੍ਹਾਂ ਸਾਰਿਆਂ ਨੂੰ ਹੀ ਦਰਕਿਨਾਰ ਕਰਕੇ ਕਿਸੇ ਬਲੈਕ ਹਾਰਸ (ਕਾਲੇ ਘੋੜੇ) ਭਾਵ ਅਜਿਹੇ ਆਦਮੀ ਨੂੰ ਵੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੌਂਪ ਸਕਦੀ ਹੈ, ਜਿਸ ਦੇ ਨਾਂਅ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਵਿਚ ਚਰਚਾ ਹੀ ਨਾ ਹੋਵੇ। ਇਸ ਵੇਲੇ ਤਾਂ ਕਾਂਗਰਸ ਦੀ ਹਾਲਤ ਮੁਮਤਾਜ਼ ਮਲਿਕ ਦੇ ਇਸ ਸ਼ਿਅਰ ਵਰਗੀ ਹੀ ਹੈ:
ਅਬ ਸ਼ਸ਼-ਓ-ਪੰਜ ਮੇਂ ਮੁਝੇ ਰਹਿਨਾ ਨਹੀਂ
ਹੋ ਕੋਈ ਫ਼ੈਸਲਾ ਸਖ਼ਤ ਮੁਸ਼ਕਿਲ ਮੇਂ ਹੂੰ।
ਭੂਲ ਬੈਠੇ ਹੈਂ ਪ੍ਰਵਾਜ਼ ਕੀ ਜਬ ਆਦਤ,
ਦਰ ਕਫ਼ਸ ਕਾ ਖੁਲਾ ਸਖ਼ਤ ਮੁਸ਼ਕਿਲ ਮੇਂ ਹੂੰ।
(ਪ੍ਰਵਾਜ਼-ਉਡਾਣ, ਕਫ਼ਸ-ਪਿੰਜਰਾ, ਦਰ-ਦਰਵਾਜ਼ਾ)
'ਸਤਲੁਜ' ਫ਼ਿਲਮ ਦਾ ਹਾਸਿਲ
ਫ਼ਿਲਮ 'ਸਤਲੁਜ' 'ਤੇ ਭਾਵੇਂ ਕਿੰਨੀ ਵੀ ਬਹਿਸ ਚੱਲ ਰਹੀ ਹੈ ਤੇ ਇਸ ਦੀ ਭਾਵੇਂ ਕਿੰਨੀ ਵੀ ਤਾਰੀਫ਼ ਹੋ ਰਹੀ ਹੈ ਤੇ ਬੇਸ਼ੱਕ ਇਸ ਦਾ ਵਿਰੋਧ ਕਰਨ ਵਾਲੇ ਵੀ ਹੌਲੀ-ਹੌਲੀ ਚੁੱਪ ਹੁੰਦੇ ਜਾ ਰਹੇ ਹਨ। ਪਰ ਇਸ ਫ਼ਿਲਮ ਨੇ ਪੰਜਾਬ ਦੇ ਕਾਲੇ ਸਿਆਹ ਦੌਰ ਦੇ ਇਕ ਖ਼ਤਰਨਾਕ ਕਾਂਡ ਨੂੰ ਫਿਰ ਦੁਬਾਰਾ ਸਾਹਮਣੇ ਹੀ ਨਹੀਂ ਲਿਆਂਦਾ, ਸਗੋਂ ਅੱਜ ਦੇ ਦੌਰ ਵਿਚ ਫਿਰ ਤੋਂ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਦੇ ਖਤਰੇ ਅਤੇ ਨੁਕਸਾਨ ਪ੍ਰਤੀ ਵੀ ਸੁਚੇਤ ਕਰਵਾਇਆ ਹੈ। ਇਸ ਨੇ ਇਹ ਅਹਿਸਾਸ ਕਰਵਾਇਆ ਹੈ ਕਿ ਪੁਲਿਸ ਰਾਜ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਫ਼ਿਲਮ ਨੂੰ ਸੈਂਸਰ ਬੋਰਡ ਨੇ ਗ਼ੈਰ ਵਾਜਿਬ ਸ਼ਰਤਾਂ ਲਾ ਕੇ ਪਾਸ ਨਹੀਂ ਕੀਤਾ। ਜਦੋਂ ਕਿ ਇਸ ਤੋਂ ਪਹਿਲਾਂ ਗੁਲਜ਼ਾਰ ਦੀ ਫ਼ਿਲਮ 'ਮਾਚਿਸ' ਵੀ ਆਪ੍ਰੇਸ਼ਨ ਬਲਿਊ ਸਟਾਰ ਅਤੇ ਸਿੱਖ ਕਤਲੇਆਮ ਤੇ ਖਾੜਕੂਵਾਦ ਬਾਰੇ ਸੀ, ਚੱਲ ਚੁੱਕੀ ਹੈ। ਫਿਰ ਕੁਝ ਹੋਰ ਫ਼ਿਲਮਾਂ ਵੀ ਬਣੀਆਂ, ਜੇ ਉਹ ਨਹੀਂ ਰੋਕੀਆਂ ਗਈਆਂ ਤਾਂ ਇਸ ਫ਼ਿਲਮ ਨੂੰ ਰੋਕਣਾ ਕਿਸੇ ਡੂੰਘੀ ਰਾਜਨੀਤੀ ਦਾ ਹਿੱਸਾ ਹੀ ਲਗਦਾ ਹੈ।
ਸੈਂਸਰ ਬੋਰਡ ਦੀ ਮਨਜ਼ੂਰੀ ਨਾ ਮਿਲਣ 'ਤੇ ਫ਼ਿਲਮ ਓ.ਟੀ.ਟੀ. ਜੀ-5 'ਤੇ ਰਿਲੀਜ਼ ਕੀਤੀ ਗਈ ਪਰ ਦੋ ਦਿਨ ਵਿਚ ਹੀ ਬੈਨ ਕਰ ਦਿੱਤੀ ਗਈ, ਬਾਅਦ ਵਿਚ ਵਿਸ਼ਵ ਭਰ ਵਿਚ ਰੋਕ ਦਿੱਤੀ ਗਈ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਵਰਜਨ ਵਾਰ-ਵਾਰ ਯੂ-ਟਿਊਬ 'ਤੇ ਚੱਲਣ ਤੋਂ ਨਹੀਂ ਰੋਕੇ ਗਏ, ਲੱਖਾਂ ਦੀ ਗਿਣਤੀ ਵਿਚ ਡਾਊਨਲੋਡ ਵੀ ਹੋਏ ਤੇ ਪਬਲਿਕ ਸਕਰੀਨਿੰਗ ਵੀ ਸ਼ਰੇਆਮ ਜਾਰੀ ਹੈ। ਇਸ ਪਿੱਛੇ ਜ਼ਰੂਰ ਕੋਈ ਗਹਿਰੀ ਰਾਜਨੀਤੀ ਹੋਵੇਗੀ, ਨਹੀਂ ਤਾਂ ਜੇ ਸਰਕਾਰ ਨੇ ਲੋਕਾਂ ਨੂੰ ਵੇਖਣ ਤੋਂ ਰੋਕਣਾ ਹੀ ਸੀ, ਤਾਂ ਕਿਸਦੀ ਮਜ਼ਾਲ ਸੀ ਕਿ ਯੂ-ਟਿਊਬ ਤੇ ਹੋਰ ਪਲੇਟਫਾਰਮਾਂ 'ਤੇ ਇਹ ਫ਼ਿਲਮ ਵਾਰ-ਵਾਰ ਉਪਲਬੱਧ ਰਹਿੰਦੀ।
ਹਾਂ, ਇਸ ਫ਼ਿਲਮ 'ਤੇ ਪਾਬੰਦੀ ਨੇ ਦਿਲਜੀਤ ਦੋਸਾਂਝ ਨੂੰ ਤਾਂ ਸਿਖ਼ਰ 'ਤੇ ਪਹੁੰਚਾ ਦਿੱਤਾ ਹੈ ਤੇ ਪਤਾ ਲੱਗਾ ਹੈ ਕਿ ਸ਼ਾਇਦ ਉਨ੍ਹਾਂ ਨੇ ਫ਼ਿਲਮ ਰਿਲੀਜ਼ ਨਾ ਹੋਣ ਕਾਰਨ ਆਪਣਾ ਮਿਹਨਤਾਨਾ ਵੀ ਨਹੀਂ ਲਿਆ। ਪਰ ਇਸ ਦੇ ਨਿਰਮਾਤਾ ਰੌਨੀ ਸਕਰੂਵਾਲਾ, ਹਨੀ ਤ੍ਰੇਹਨ ਤੇ ਮੈਕਗਫਨ ਪਿਕਚਰਜ਼ ਵਾਲੇ ਤਾਂ ਸਿੱਖ ਨਹੀਂ ਹਨ। ਅਸਲ ਵਿਚ ਇਹ ਫ਼ਿਲਮ ਹਿੰਦੂ ਸਿੱਖ ਝਗੜੇ ਬਾਰੇ ਹੈ ਵੀ ਨਹੀਂ। ਇਹ ਤਾਂ ਇਕ ਦੌਰ ਵਿਚ ਪੁਲਿਸ ਦੀ ਗੁੰਡਾਗਰਦੀ ਤੇ ਲਾਲਚ ਤੋਂ ਪਰਦਾ ਹਟਾਉਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਆਧਾਰਿਤ ਫ਼ਿਲਮ ਹੈ। ਇਹ ਫ਼ਿਲਮ ਗ਼ੈਰ-ਸਿੱਖ ਫ਼ਿਲਮ ਨਿਰਮਾਤਾ ਦਾ ਸਿੱਖਾਂ 'ਤੇ ਇਕ ਅਹਿਸਾਨ ਵਾਂਗ ਹੈ। ਭਾਵੇਂ ਉਨ੍ਹਾਂ ਨੇ ਇਹ ਵਪਾਰਕ ਨਜ਼ਰੀਏ ਤੋਂ ਕਮਾਈ ਲਈ ਹੀ ਬਣਾਈ ਹੋਵੇ। ਉਨ੍ਹਾਂ ਨੇ ਇਸ ਫ਼ਿਲਮ 'ਤੇ 30-40 ਕਰੋੜ ਰੁਪਿਆ ਖਰਚ ਕੀਤਾ ਹੈ, ਹੁਣ ਉਨ੍ਹਾਂ ਨੂੰ ਵਾਹ-ਵਾਹ ਤਾਂ ਮਿਲ ਰਹੀ ਹੈ ਪਰ ਉਨ੍ਹਾਂ ਦਾ ਮੂਲ ਪੈਸਾ ਵੀ ਡੁਬਦਾ ਜਾਪਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਸਾਖੀ ਯਾਦ ਆ ਰਹੀ ਹੈ। ਇਕ ਜੈਨ ਕਲਾਕਾਰ 'ਹੰਸਾ' ਗੁਰੂ ਜੀ ਕੋਲ ਇਕ ਚਿੱਤਰ ਲੈ ਕੇ ਆਇਆ। ਗੁਰੂ ਸਾਹਿਬ ਨੇ ਉਸ ਦੀ ਕਲਾ ਦੀ ਤਾਰੀਫ਼ ਕੀਤੀ, ਪਰ ਕਲਾਕਾਰ ਦੀ ਸੋਚ ਦੇ ਕੁਝ ਹਨੇਰੇ ਪੱਖ ਵੀ ਉਜਾਗਰ ਕੀਤੇ। ਪਰ ਨਾਲ ਹੀ ਇਨਾਮ ਵਜੋਂ ਕਲਾਕਾਰ ਨੂੰ ਕੁਝ ਮੋਹਰਾਂ ਵੀ ਦਿੱਤੀਆਂ। ਇਸ ਵੇਲੇ ਗੁਰੂ ਸਾਹਿਬ ਦੇ ਬਚਨ ਸਨ ਕਿ, ਜੋ ਵਿਅਕਤੀ ਕਿਸੇ ਦੀ ਕਲਾ ਵੇਖ ਕੇ ਸਿਰਫ਼ 'ਵਾਹ ਵਾਹ' ਕਰਦਾ ਹੈ ਤੇ ਜੇਬ ਵਿਚੋਂ ਕੁਝ ਨਹੀਂ ਦਿੰਦਾ, ਉਸ 'ਤੇ ਲਾਹਨਤ ਹੈ। ਸੋ ਸਾਡਾ ਸਿੱਖਾਂ ਦਾ ਫ਼ਰਜ਼ ਬਣਦਾ ਹੈ ਕਿ ਸਿੱਖਾਂ 'ਤੇ ਜ਼ੁਲਮ ਦੀ ਇਸ ਦਾਸਤਾਨ 'ਤੇ ਫ਼ਿਲਮ ਬਣਾਉਣ 'ਤੇ ਖਰਚਾ ਕਰਨ ਵਾਲੇ ਗ਼ੈਰ-ਸਿੱਖਾਂ ਦੀ ਮੂਲ ਲਾਗਤ ਵਾਪਸ ਕਰਵਾਉਣ ਲਈ ਦੇਸ਼-ਵਿਦੇਸ਼ ਬੈਠੇ ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਸੋਚਣਾ ਚਾਹੀਦਾ ਹੈ। ਇਸ ਫ਼ਿਲਮ ਨੇ 25000 ਲਾਵਾਰਿਸ ਕਹਿ ਕੇ ਮਾਰੇ ਗਏ ਲੋਕਾਂ ਦੀ ਗੱਲ ਫਿਰ ਸਾਹਮਣੇ ਲਿਆਂਦੀ ਹੈ ਤੇ ਉਨ੍ਹਾਂ ਦੇ ਕਾਤਲਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਗੱਲ ਵੀ ਇਸ ਕਰਕੇ ਫਿਰ ਸਾਹਮਣੇ ਆਈ ਹੈ। ਜੋ ਸਜ਼ਾ ਭੋਗਣ ਦਾ ਸਿਰਫ਼ ਢੋਂਗ ਹੀ ਕਰ ਰਹੇ ਹਨ। ਇਨ੍ਹਾਂ ਵਿਚ ਸਿਰਫ਼ ਸਿੱਖ ਹੀ ਨਹੀਂ ਸਨ, ਕਈ ਹਿੰਦੂ ਤੇ ਮੁਸਲਮਾਨ ਵੀ ਸਨ, ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ। ਕੁਝ ਕਿਸੇ ਦੀ ਨਿੱਜੀ ਬਦਲਾਖੋਰੀ ਤੇ ਲਾਲਚ ਦਾ ਸ਼ਿਕਾਰ ਵੀ ਹੋਏ। ਚੰਗੀ ਗੱਲ ਹੈ ਕਿ ਸਾਬਕਾ ਐਮ.ਪੀ. ਤਰਲੋਚਨ ਸਿੰਘ ਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਵੀ ਕੁਝ ਅਜਿਹੀ ਹੀ ਗੱਲ ਕਹੀ ਹੈ।
ਕਿਸੀ ਫ਼ਨਕਾਰ ਕੇ ਫ਼ਨ ਕੀ ਨਹੀਂ ਤਾਰੀਫ਼ ਹੀ ਕਾਫ਼ੀ,
ਉਸੇ ਜੋ ਰੋਜ਼ੀ-ਓ-ਰੁਜ਼ਗਾਰ ਕੀ ਜਬ ਹੋ ਗ਼ਦਾ ਲਾਹਨ॥
-ਲਾਲ ਫ਼ਿਰੋਜ਼ਪੁਰੀ
ਗ਼ਦਾ = ਮੰਗਣਾ। ਲਾਹਨ = ਜ਼ਰੂਰਤ
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਹੁਣ ਤਾਂ ਖੋਲ੍ਹ ਦਿਓ
ਅਪਨੇ ਜੀਅ ਮੇਂ ਜ਼ਰਾ ਤੋ ਕਰ ਇਨਸਾਫ਼,
ਕਬ ਸੇ ਨਾ-ਮਿਹਰਬਾਨ ਹੈ ਪਿਆਰੇ॥-ਜਿਗ਼ਰ ਮੁਰਾਦਾਬਾਦੀ
ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ ਤਾਂ ਸਮੁੱਚੀ ਸਿੱਖ ਕੌਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਸੀ। ਭਾਰਤ ਦੀ ਠੀਕ ਨੀਤੀ ਹੈ ਕਿ ਅੱਤਵਾਦ ਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ, ਪਰ ਹੁਣ ਤਾਂ ਹੁਕਮਰਾਨ ਭਾਜਪਾ ਦੀ ਮਾਂ ਜਥੇਬੰਦੀ ਦੇ ਸਰਕਾਰਿਆਵਾਹ ਦੱਤਾਤ੍ਰੇਯ ਹੌਸਬੋਲੇ ਨੇ ਵੀ ਸਾਫ਼-ਸਾਫ਼ ਕਿਹਾ ਹੈ, ਕਿ ਜਿਥੇ ਅੱਤਵਾਦ ਦੇ ਖਿਲਾਫ਼ ਸਖ਼ਤੀ ਦੀ ਲੋੜ ਹੈ, ਉਥੇ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਆਉਣ-ਜਾਣ ਤੇ ਵਪਾਰ ਵੀ ਖੁੱਲ੍ਹਣਾ ਚਾਹੀਦਾ ਹੈ। ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੀ ਇਸ ਦੀ ਹਮਾਇਤ ਕਰ ਚੁੱਕੇ ਹਨ। ਫਿਰ ਪਾਕਿਸਤਾਨ ਨਾਲ ਟਰੈਕ-2 ਗੱਲਬਾਤ ਦੇ ਵੀ ਕਿੰਨੇ ਹੀ ਸੈਸ਼ਨ ਹੋ ਚੁੱਕੇ ਹਨ। ਸੰਘ ਦੇ ਹੀ ਇਕ ਹੋਰ ਆਗੂ ਰਾਮ ਮਾਧਵ ਤੇ ਭਾਰਤੀ ਫ਼ੌਜ ਦੇ ਸਾਬਕਾ ਜਨਰਲ ਐਮ.ਐਮ. ਨਰਵਣੇ ਵੀ ਪਰਦੇ ਪਿੱਛੇ ਦੀ ਗੱਲਬਾਤ ਵਿਚ ਸ਼ਾਮਿਲ ਹੋ ਚੁੱਕੇ ਹਨ। ਪਾਕਿਸਤਾਨ ਨਾਲ ਕ੍ਰਿਕਟ ਤੇ ਹਾਕੀ ਮੈਚ ਸ਼ੁਰੂ ਹੋ ਚੁੱਕੇ ਹਨ। ਸਭ ਤੋਂ ਵੱਡੀ ਗੱਲ ਪਾਕਿਸਤਾਨ ਵਿਚ ਗੁਰਪੁਰਬਾਂ ਮੌਕੇ ਸੈਂਕੜੇ ਸਿੱਖ ਸ਼ਰਧਾਲੂ 10-10 ਦਿਨਾਂ ਲਈ ਆਜ਼ਾਦ ਘੁੰਮਣ ਜਾ ਰਹੇ ਹਨ। ਸੋਚਣ ਵਾਲੀ ਗੱਲ ਹੈ ਕਿ ਜੇਕਰ ਕੋਈ ਸਿੱਖ 10 ਦਿਨ ਪਾਕਿਸਤਾਨ ਵਿਚ ਰਹਿ ਕੇ ਘੁੰਮ ਕੇ ਦੇਸ਼ ਵਿਰੋਧੀ ਪ੍ਰਭਾਵ ਵਿਚ ਨਹੀਂ ਫਸਦਾ, ਤਾਂ ਉਹ ਸ੍ਰੀ ਕਰਤਾਰਪੁਰ ਲਾਂਘੇ ਤੇ ਗੁਰਦੁਆਰਾ ਸਾਹਿਬ ਵਿਚ ਸਿਰਫ਼ ਕੁਝ ਘੰਟੇ ਬਿਤਾ ਕੇ ਦੇਸ਼ ਵਿਰੋਧੀ ਕਿਵੇਂ ਹੋ ਜਾਵੇਗਾ। ਸੋ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਬੇਨਤੀ ਹੈ, ਕਿ ਉਹ ਆਪਣੀ ਹੀ ਅਗਵਾਈ ਵਿਚ ਖੁੱਲ੍ਹਵਾਏ ਸ੍ਰੀ ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੁੱਲ੍ਹਵਾਉਣ ਦੀ ਕਿਰਪਾਲਤਾ ਕਰਨ, ਕਿਤੇ ਇਤਿਹਾਸ ਵਿਚ ਇਹ ਨਾ ਲਿਖਿਆ ਜਾਵੇ ਕਿ ਸ੍ਰੀ ਮੋਦੀ ਨੇ ਹੀ ਇਹ ਲਾਂਘਾ ਖੁਲ੍ਹਵਾਇਆ ਸੀ ਤੇ ਉਨ੍ਹਾਂ ਦੇ ਰਾਜ ਵਿਚ ਹੀ ਬੰਦ ਵੀ ਹੋ ਗਿਆ ਸੀ। ਹਾਂ ਇਸ ਲਈ ਸਖ਼ਤ ਨਿਗਰਾਨੀ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਸਗੋਂ ਚਾਹੀਦਾ ਤਾਂ ਇਹ ਹੈ ਕਿ ਜਦੋਂ ਹਰ ਜਾਣ ਵਾਲੇ ਲਈ ਪੁਲਿਸ ਦੀ ਜਾਂਚ ਜ਼ਰੂਰੀ ਹੈ ਤਾਂ ਫਿਰ ਪਾਸਪੋਰਟ ਦੀ ਸ਼ਰਤ ਹਟਾ ਦਿੱਤੀ ਜਾਵੇ, ਤਾਂ ਜੋ ਗੁਰੂ ਘਰ ਦੇ ਸ਼ਰਧਾਲੂ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈ, ਉਹ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com