ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਅਤੇ ਹਰਿਆਣਾ ਦੇ ਵਿਸ਼ੇਸ਼ ਦੌਰੇ 'ਤੇ ਹਨ। ਜਲੰਧਰ ਦੌਰੇ ਦੌਰਾਨ ਉਹ ਜਲੰਧਰ ਛਾਉਣੀ ਦੇ 110 ਸਾਲ ਪੁਰਾਣੇ ਰੇਲਵੇ ਸਟੇਸ਼ਨ, ਜਿਸ ਨੂੰ ਹੁਣ ਬਿਹਤਰ ਸਹੂਲਤਾਂ ਨਾਲ ਆਧੁਨਿਕ ਦਿੱਖ ਦਿੱਤੀ ਗਈ ਹੈ, ਸਮੇਤ ਉਹ ਹੋਰ 75 ਦੇ ਲਗਭਗ ਰੇਲਵੇ ਸਟੇਸ਼ਨਾਂ ਅਤੇ ਨੈਸ਼ਨਲ ਹਾਈਵੇਜ਼ ਦੇ ਵੱਡੇ ਪ੍ਰਾਜੈਕਟਾਂ ਦਾ ਵੀ ਵਰਚੁਅਲੀ ਉਦਘਾਟਨ ਕਰਨਗੇ। ਉਨ੍ਹਾਂ ਦੀ ਸਰਕਾਰ ਵਲੋਂ 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਦੇ ਅਧੀਨ ਦੇਸ਼ ਭਰ ਵਿਚ ਬਹੁਤ ਸਾਰੇ ਸਟੇਸ਼ਨਾਂ ਨੂੰ ਸੁੰਦਰ ਦਿੱਖ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਯਾਤਰੂਆਂ ਲਈ ਇਨ੍ਹਾਂ ਸਟੇਸ਼ਨਾਂ 'ਤੇ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਥੋਂ ਹੀ ਉਹ ਪੰਜਾਬ ਦੇ ਮੁਹਾਲੀ, ਮੁਕਤਸਰ ਅਤੇ ਅਨੰਦਪੁਰ ਸਾਹਿਬ ਦੇ ਸਟੇਸ਼ਨਾਂ ਦੇ ਕੀਤੇ ਗਏ ਆਧੁਨਿਕੀਕਰਨ ਦਾ ਵੀ ਉਦਘਾਟਨ ਵੀ ਕਰਨਗੇ।
ਕੇਂਦਰ ਸਰਕਾਰ ਦਾ ਲਗਾਤਾਰ ਇਹ ਯਤਨ ਰਿਹਾ ਹੈ ਕਿ ਦੇਸ਼ ਦੇ ਮਹੱਤਵਪੂਰਨ ਖੇਤਰਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਦਾ ਲਗਾਤਾਰ ਵਿਕਾਸ ਕੀਤਾ ਜਾਵੇ। ਚਾਹੇ ਉਹ ਰਾਸ਼ਟਰੀ ਰਾਜਮਾਰਗ ਹੋਣ, ਚਾਹੇ ਬੰਦਰਗਾਹਾਂ ਹੋਣ, ਹਵਾਈ ਅੱਡੇ ਹੋਣ ਜਾਂ ਰੇਲਵੇ ਅਤੇ ਮੈਟਰੋ ਨੈੱਟਵਰਕ ਹੋਵੇ ਦੇ ਵਿਕਾਸ ਨੂੰ ਰੁਜ਼ਗਾਰ ਨਾਲ ਜੋੜਨ ਦਾ ਵੀ ਯਤਨ ਕੀਤਾ ਗਿਆ ਹੈ। ਇਸ ਨੂੰ 'ਮੇਕ ਇਨ ਇੰਡੀਆ' ਅਤੇ 'ਸਵੱਛ ਭਾਰਤ' ਵਰਗੀਆਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੀ ਇਕ ਕੜੀ ਹੀ ਕਿਹਾ ਜਾ ਸਕਦਾ ਹੈ। ਇਸ ਦਾ ਹਰ ਵਰਗ ਨੂੰ ਵੱਡਾ ਲਾਭ ਪੁੱਜਣ ਦੀ ਉਮੀਦ ਕੀਤੀ ਜਾ ਰਹੀ ਹੈ। ਰੇਲਵੇ ਹਮੇਸ਼ਾ ਹੀ ਭਾਰਤ ਦਾ ਇਕ ਬੇਹੱਦ ਮਹੱਤਵਪੂਰਨ ਹਿੱਸਾ ਬਣਿਆ ਰਿਹਾ ਹੈ। ਅੱਜ ਇਸ ਦੇ ਨੈੱਟਵਰਕ ਦਾ ਦੁਨੀਆ ਦੇ ਕੁਝ ਇਕ ਦੇਸ਼ ਹੀ ਮੁਕਾਬਲਾ ਕਰਦੇ ਹਨ। ਅੰਗਰੇਜ਼ ਸਾਮਰਾਜ ਦਾ ਭਾਰਤ 'ਤੇ 200 ਸਾਲ ਦੇ ਲਗਭਗ ਕਬਜ਼ਾ ਰਿਹਾ। ਬਰਤਾਨੀਆ ਵਿਚ ਆਵਾਜਾਈ ਤੇ ਢੋਆ-ਢੁਆਈ ਲਈ ਰੇਲ ਗੱਡੀਆਂ ਦੀ ਸ਼ੁਰੂਆਤ ਨੇ ਉੱਥੇ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਸਨ। ਗੱਡੀਆਂ ਦੀ ਉਪਯੋਗਤਾ ਅੰਗਰੇਜ਼ ਪੂਰੀ ਤਰ੍ਹਾਂ ਸਮਝ ਗਏ ਸਨ। ਆਪਣੇ ਦੇਸ਼ ਵਿਚ ਰੇਲਵੇ ਨੂੰ ਵਿਕਸਤ ਕਰਨ ਤੋਂ ਬਾਅਦ ਉਨ੍ਹਾਂ ਨੇ ਲਗਭਗ ਪੌਣੇ ਦੋ ਸੌ ਸਾਲ ਪਹਿਲਾਂ ਭਾਰਤ ਵਿਚ ਵੀ ਰੇਲਵੇ ਦਾ ਪਸਾਰ ਕਰਨ ਦੀ ਯੋਜਨਾ ਬਣਾਈ ਸੀ। ਇਸ ਕੜੀ ਵਿਚ ਸਾਲ 1853 ਵਿਚ ਪਹਿਲੀ ਰੇਲ ਗੱਡੀ ਬੰਬਈ ਤੋਂ ਠਾਣੇ ਤੱਕ ਚਲਾਈ ਗਈ ਸੀ, ਜਿਸ ਦੀ ਦੂਰੀ 21 ਮੀਲ ਦੇ ਲਗਭਗ ਸੀ।
ਦੇਸ਼ ਦੀ ਆਜ਼ਾਦੀ ਵਾਲੇ ਸਾਲ 1947 ਤੱਕ 40 ਹਜ਼ਾਰ ਕਿੱਲੋਮੀਟਰ ਦੇ ਲਗਭਗ ਰੇਲ ਟਰੈਕ ਉਸਾਰ ਦਿੱਤੇ ਗਏ ਸਨ। ਅੰਗਰੇਜ਼ਾਂ ਦਾ ਮੁੱਖ ਮੰਤਵ ਦੇਸ਼ ਦਾ ਕੱਚਾ ਮਾਲ ਬੰਦਰਗਾਹਾਂ ਤੱਕ ਲਿਜਾਣ ਲਈ ਅਤੇ ਫ਼ੌਜ ਦੀ ਸਰਗਰਮੀ ਲਈ ਰੇਲ ਗੱਡੀਆਂ ਨੂੰ ਲਾਹੇਵੰਦਾ ਬਣਾਉਣਾ ਸੀ ਅਤੇ ਇਸ ਦੇ ਨਾਲ ਹੀ ਯਾਤਰੂਆਂ ਲਈ ਵੀ ਰੇਲ ਗੱਡੀਆਂ ਦੀ ਉਪਯੋਗਤਾ ਬਣਾ ਦਿੱਤੀ ਗਈ ਸੀ। ਦੇਸ਼ ਵਿਚ ਪਹਿਲਾਂ ਕੋਲੇ, ਭਾਫ਼ ਤੇ ਡੀਜ਼ਲ ਨਾਲ ਚਲਾਈਆਂ ਜਾਂਦੀਆਂ ਗੱਡੀਆਂ ਨੂੰ ਹੁਣ ਪੂਰੀ ਤਰ੍ਹਾਂ ਬਿਜਲਈ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਟਰੈਕ ਡੇਢ ਲੱਖ ਕਿੱਲੋਮੀਟਰ ਤੱਕ ਫੈਲ ਚੁੱਕੇ ਹਨ। ਭਾਰਤੀਆਂ ਲਈ ਸ਼ੁਰੂ ਤੋਂ ਹੀ ਰੇਲ, ਆਵਾਜਾਈ ਦਾ ਇਕ ਰਸਤਾ ਅਤੇ ਬਿਹਤਰ ਸਾਧਨ ਮੰਨਿਆ ਜਾਂਦਾ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ ਅੱਜ ਨਿੱਤ ਦਿਨ ਢਾਈ ਕਰੋੜ ਦੇ ਲਗਭਗ ਲੋਕ ਰੇਲਵੇ ਦਾ ਸਫ਼ਰ ਕਰਦੇ ਹਨ। ਭਾਰਤ ਸਰਕਾਰ ਨੇ ਲੰਮਾ ਸਮਾਂ ਰੇਲਵੇ ਦਾ ਵੱਖਰਾ ਮੰਤਰਾਲਾ ਕਾਇਮ ਕਰੀ ਰੱਖਿਆ ਸੀ, ਜਿਸ ਨੇ ਲਗਾਤਾਰ ਮਾਲ ਢੁਆਈ ਅਤੇ ਯਾਤਰੂਆਂ ਦੀਆਂ ਸਹੂਲਤਾਂ ਲਈ ਯਤਨ ਜਾਰੀ ਰੱਖੇ ਸਨ।
ਮੋਦੀ ਸਰਕਾਰ ਵੀ ਇਸ ਵਿਚ ਆਪਣਾ ਬਿਹਤਰ ਯੋਗਦਾਨ ਪਾਉਣ ਲਈ ਯਤਨਸ਼ੀਲ ਹੈ। ਪਿਛਲੇ ਦਹਾਕੇ ਵਿਚ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਗੱਡੀਆਂ ਵੀ ਚਲਾਈਆਂ ਗਈਆਂ ਹਨ। ਇਸ ਦੇ ਨਾਲ-ਨਾਲ ਆਮ ਯਾਤਰੂਆਂ ਲਈ ਵੀ ਸਹੂਲਤਾਂ ਪ੍ਰਦਾਨ ਕਰਨ ਦਾ ਯਤਨ ਲੋਕਾਂ ਲਈ ਹੋਰ ਵੀ ਵੱਡੀ ਰਾਹਤ ਬਣੇਗਾ। ਆਮ ਲੋਕਾਂ ਨਾਲ ਜੁੜੇ ਇਨ੍ਹਾਂ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੇ ਯਤਨਾਂ ਲਈ ਸਰਕਾਰ ਪ੍ਰਸੰਸਾ ਦੀ ਪਾਤਰ ਹੈ। ਇਸ ਸੰਦਰਭ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿਦੰਰ ਮੋਦੀ ਦਾ ਜਲੰਧਰ ਦਾ ਦੌਰਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ।
-ਬਰਜਿੰਦਰ ਸਿੰਘ ਹਮਦਰਦ