02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਦੀ ਲੋੜ

Ad Position 21
No active advertisement
ਅਜੀਤ ਡੈਸਕ 20-07-2026

ਦੇਸ਼ ਦੀ ਖੁਸ਼ਹਾਲੀ ਲਈ ਪੰਜਾਬ ਨੇ ਹਮੇਸ਼ਾ ਹੀ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ, ਪਰ ਬਦਲੇ ਵਿਚ ਉਸ ਦੀ ਉਹ ਕਦਰ ਨਹੀਂ ਪਾਈ ਗਈ, ਜਿਸ ਦਾ ਸੂਬਾ ਅਸਲ ਵਿਚ ਹੱਕਦਾਰ ਸੀ। ਦੇਸ਼ ਦਾ ਅੰਨ ਭੰਡਾਰ ਭਰਨ ਵਿਚ ਕੋਈ ਕਸਰ ਨਾ ਛੱਡਣ ਵਾਲਾ ਪੰਜਾਬ ਅੱਜ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਹ ਸਮੱਸਿਆਵਾਂ ਕੋਈ ਇਕ ਦਿਨ ਜਾਂ ਰਾਤੋ- ਰਾਤ ਪੈਦਾ ਨਹੀਂ ਹੋਈਆਂ ਹਨ। ਪੰਜਾਬ ਦੀ ਵਿਲੱਖਣ ਪਛਾਣ 'ਤੇ ਡੂੰਘਾ ਅਸਰ ਪੈ ਚੁੱਕਾ ਹੈ। ਅੱਜ ਪੰਜਾਬ ਦਾ ਪਾਣੀ, ਜੰਗਲ, ਜ਼ਮੀਨ, ਉਦਯੋਗਿਕ ਇਕਾਈਆਂ, ਸੈਰ-ਸਪਾਟਾ ਤੱਕ ਉਸ ਤੋਂ ਖੋਹੇ ਜਾ ਰਹੇ ਹਨ। ਪੰਜਾਬ ਯੂਨੀਵਰਸਿਟੀ ਬਾਰੇ ਦਾ ਬਹੁਤ ਰੌਲਾ ਪੈ ਰਿਹਾ ਹੈ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਵੀ ਇਕ ਤਰ੍ਹਾਂ ਨਾਲ ਡਾਕਾ ਮਾਰਿਆ ਜਾ ਰਿਹਾ ਹੈ। ਵਿਕਾਸ ਦੇ ਨਾਂਅ 'ਤੇ ਵੱਡੇ-ਵੱਡੇ ਹਾਈਵੇ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਦਰਖਤਾਂ ਦੀ ਬੇਰਹਿਮੀ ਨਾਲ ਕਟਾਈ ਹੋਣ ਕਰਕੇ ਹਰਿਆਲੀ ਖਤਮ ਹੁੰਦੀ ਜਾ ਰਹੀ ਹੈ। ਜ਼ਮੀਨ ਹੇਠਲੇ ਪਾਣੀ ਦੀ ਅੰਨ੍ਹੇਵਾਹ ਖਿਚਾਈ, ਖਾਦਾਂ-ਕੀਟਨਾਸ਼ਕਾਂ ਦੀ ਲੋੜ ਨਾਲੋਂ ਵੱਧ ਵਰਤੋਂ, ਫੈਕਟਰੀਆਂ ਦੀ ਰਹਿੰਦ ਖੂੰਹਦ ਨੇ ਪੰਜਾਬ ਦੀ ਧਰਤੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਪੰਜਾਬ ਦਾ ਪਾਣੀ ਲਗਾਤਾਰ ਡੂੰਘਾ ਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਤੇ ਪੀਣ ਯੋਗ ਵੀ ਨਹੀਂ ਰਿਹਾ। ਪੰਜਾਬ ਦਾ ਮਾਲਵਾ ਖੇਤਰ ਲਗਾਤਾਰ ਕੈਂਸਰ ਦੀ ਮਾਰ ਹੇਠ ਹੈ।
ਵਾਹੀਯੋਗ ਜ਼ਮੀਨਾਂ ਲਗਾਤਾਰ ਖਤਮ ਹੋ ਰਹੀਆਂ ਹਨ। ਹਰ ਸਾਲ ਹਜ਼ਾਰਾਂ ਹੈਕਟੇਅਰ ਉਪਜਾਊ ਜ਼ਮੀਨ ਰਿਹਾਇਸ਼ੀ ਕਾਲੋਨੀਆਂ, ਵਪਾਰਕ ਪ੍ਰੋਜੈਕਟਾਂ, ਵੱਡੇ-ਵੱਡੇ ਸ਼ਾਪਿੰਗ ਮਾਲਜ਼ ਤੇ ਅਸਮਾਨ ਛੂੰਹਦੀਆਂ ਇਮਾਰਤਾਂ ਨਿਗਲ ਰਹੀਆਂ ਹਨ। ਪਿਛਲੇ ਸਾਲ ਹੜ੍ਹਾਂ ਨੇ ਪੰਜਾਬ 'ਚ ਤਬਾਹੀ ਮਚਾਉਂਦਿਆ ਬਹੁਤ ਨੁਕਸਾਨ ਕੀਤਾ, ਪਰ ਕੇਂਦਰ ਵਲੋਂ ਸੂਬੇ ਦੇ ਪ੍ਰਭਾਵਿਤ ਲੋਕਾਂ ਦੀ ਬਹੁਤੀ ਮਦਦ ਨਹੀਂ ਕੀਤੀ ਗਈ। ਮੌਨਸੂਨ ਮੁੜ ਸਿਰ 'ਤੇ ਹੈ, ਪਰ ਹੜ੍ਹਾਂ ਤੋਂ ਬਚਾਅ ਲਈ ਕਿਤੇ ਵੀ ਕੋਈ ਪੁਖਤਾ ਪ੍ਰਬੰਧ ਕੀਤੇ ਦਿਖਾਈ ਨਹੀਂ ਦੇ ਰਹੇ ਹਨ।
ਪਿਛਲੇ 8-10 ਸਾਲਾਂ ਤੋਂ ਸੂਬੇ 'ਚ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਵੱਡਾ ਖੋਰਾ ਲਗਾਇਆ ਜਾ ਰਿਹਾ ਹੈ। ਕੋਈ ਵੀ ਕਿਸੇ ਅਜਿਹੇ ਆਰਥਿਕ ਮਾਡਲ ਦੀ ਗੱਲ ਨਹੀਂ ਕਰਦਾ, ਜਿਸ ਨਾਲ ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਇਆ ਜਾ ਸਕੇ? ਅਜੋਕੇ ਏ.ਆਈ. ਦੇ ਜ਼ਮਾਨੇ 'ਚ ਨਵੀਂ ਉਦਯੋਗਿਕ ਨੀਤੀ ਨੂੰ ਤਰਜੀਹ ਦੇਣ ਦੀ ਲੋੜ ਹੈ, ਜੋ ਵਾਤਾਵਰਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੇ।
ਅੱਜ ਪੰਜਾਬ ਨੂੰ ਅਜਿਹੇ ਸੁਹਿਰਦ ਆਗੂਆਂ ਦੀ ਲੋੜ ਹੈ, ਜੋ ਆਪਣੇ ਨਿੱਜੀ ਹਿੱਤਾਂ, ਖ਼ਾਹਿਸ਼ਾਂ ਤੇ ਪਾਰਟੀਬਾਜ਼ੀ ਤੋਂ ਉੱਪਰ ਉੱੱਠ ਕੇ ਸੂਬੇ ਦੇ ਰੌਸ਼ਨ ਭਵਿੱਖ ਨੂੰ ਤਰਜੀਹ ਦੇ ਕੇ ਇਸ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲਿਆਉਣ ਬਾਰੇ ਪਹਿਲ ਕਰੇ। ਅੱਜ ਵੱਡੀ ਗਿਣਤੀ 'ਚ ਪੜ੍ਹੇ-ਲਿਖੇ ਹੁਨਰਮੰਦ ਪੰਜਾਬੀ ਦੇਸ਼ ਦੇ ਹੋਰ ਸੂਬਿਆਂ ਤੇ ਵਿਦੇਸ਼ਾਂ ਵਿਚ ਜਾ ਕੇ ਕੰਮ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਸੂਬੇ 'ਚ ਚੰਗੇ ਕੰਮ ਤੇ ਕਾਰੋਬਾਰ ਕਰਨ ਦੀਆਂ ਉਚਿਤ ਸਹੂਲਤਾਂ ਮਿਲਣ ਤਾਂ ਸ਼ਾਇਦ ਹੀ ਕੋਈ ਪੰਜਾਬੀ ਆਪਣਾ ਘਰ ਬਾਰ ਛੱਡ ਕੇ ਹੋਰ ਕਿਤੇ ਜਾ ਕੇ ਕੰਮ ਕਰਨ ਨੂੰ ਤਰਜੀਹ ਦੇਵੇਗਾ।

ਮੁਹਾਲੀ।
ਮੋਬਾਈਲ : 7888966168

Ad Position 22
No active advertisement
ਪਿਛਲੀ ਖ਼ਬਰ 20-07-26 ਅਗਲੀ ਖ਼ਬਰ ਜੀ-ਰਾਮ-ਜੀ ਰੁਜ਼ਗਾਰ ਸਕੀਮ ਨੂੰ ਦਰਪੇਸ਼ ਚੁਣੌਤੀਆਂ
Ad Position 24
No active advertisement