ਦਿੱਲੀ ਵਿਚ ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੁੰਦਿਆਂ ਹੀ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ, ਉਸ ਤੋਂ ਇਹ ਲੱਗਣ ਲੱਗਾ ਹੈ ਕਿ ਇਸ ਵਾਰ ਵੀ ਇਹ ਸੈਸ਼ਨ ਹੰਗਾਮਿਆਂ ਦੀ ਭੇਟ ਹੀ ਚੜ੍ਹ ਜਾਏਗਾ। ਨੀਟ ਦੇ ਇਮਤਿਹਾਨ ਸਮੇਂ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਨੇ ਜਿੱਥੇ ਦੇਸ਼ ਭਰ ਵਿਚ ਲੱਖਾਂ ਹੀ ਵਿਦਿਆਰਥੀਆਂ ਦੇ ਮਨਾਂ ਅੰਦਰ ਗੁੱਸਾ ਅਤੇ ਅਸ਼ਾਂਤੀ ਪੈਦਾ ਕੀਤੀ ਸੀ, ਉਸ ਕਾਰਨ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਵੀ ਹੋਈ ਸੀ ਅਤੇ ਉਸ ਦਾ ਵੱਡਾ ਘਟਾਅ ਵੀ ਹੋਇਆ ਸੀ। ਇਕ ਵਿਦਿਆਰਥੀ ਆਗੂ ਅਭਿਜੀਤ ਦੀਪਕੇ ਵਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਵਲੋਂ ਇਕ ਵਿਦਿਆਰਥੀ ਵਰਗ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੋ ਮੁਹਿੰਮ ਚਲਾਈ ਗਈ ਸੀ, ਉਸ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਇਸ ਪਿੱਛੋਂ ਉਸ ਨੇ ਆਪਣੇ ਸਾਥੀਆਂ ਨਾਲ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਬਣਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਫਿਰ ਉਸ ਵਲੋਂ ਅਮਰੀਕਾ ਤੋਂ ਭਾਰਤ ਪਰਤ ਕੇ ਨੀਟ ਪ੍ਰਸ਼ਨ ਪੱਤਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫ਼ਾ ਅਤੇ ਸਿੱਖਿਆ ਸੰਬੰਧੀ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ।
ਇਸ ਸੰਦਰਭ ਵਿਚ ਹੀ ਪ੍ਰਸਿੱਧ ਸਮਾਜਿਕ ਸ਼ਖ਼ਸੀਅਤ ਸੋਨਮ ਵਾਂਗਚੁਕ ਨੇ 28 ਜੂਨ ਨੂੰ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ, ਜਿਸ ਨੇ ਵਿਰੋਧੀ ਦਲਾਂ ਦੇ ਆਗੂਆਂ ਤੇ ਹੋਰ ਸਮਾਜਿਕ ਕਾਰਕੁੰਨਾਂ ਦਾ ਧਿਆਨ ਖਿੱਚਿਆ ਸੀ। ਲਗਾਤਾਰ ਇਹ ਘਟਨਾਕ੍ਰਮ ਦਿੱਲੀ ਵਿਚ ਕੇਂਦਰ ਬਿੰਦੂ ਬਣਿਆ ਰਿਹਾ ਸੀ। ਸੰਸਦ ਦੇ ਮੌਨਸੂਨ ਇਜਲਾਸ ਦੇ ਸ਼ੁਰੂ ਹੁੰਦਿਆ ਅਭਿਜੀਤ ਦੀਪਕੇ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਮਿਲ ਰਹੇ ਵੱਡੇ ਹੁੰਗਾਰੇ ਨੂੰ ਦੇਖਦਿਆਂ 'ਸੰਸਦ ਚਲੋ' ਮਾਰਚ ਦਾ ਐਲਾਨ ਕਰ ਦਿੱਤਾ ਸੀ। 20 ਜੁਲਾਈ ਨੂੰ ਇਸ ਮਾਰਚ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਇਕੱਠੇ ਹੋ ਗਏ ਸਨ। ਉਨ੍ਹਾਂ ਨੇ ਸੁਰੱਖਿਆ ਬਲਾਂ ਵਲੋਂ ਸੰਸਦ ਦੁਆਲੇ ਲਗਾਈਆਂ ਸਾਰੀਆਂ ਰੋਕਾਂ ਨੂੰ ਤੋੜ ਦਿੱਤਾ ਸੀ ਅਤੇ ਇਕ ਵੱਡੀ ਭੀੜ ਸੰਸਦ ਦੇ ਕੋਲ ਪਹੁੰਚ ਗਈ ਸੀ। ਪੁਲਿਸ ਵਲੋਂ ਇਸ ਨੂੰ ਸਖ਼ਤੀ ਨਾਲ ਰੋਕਿਆ ਗਿਆ ਅਤੇ ਪੈਦਾ ਹੋਈ ਗੜਬੜ ਵਿਚ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਪੁਲਿਸ ਕਰਮੀ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਇਸ ਤੋਂ ਪਹਿਲਾਂ ਮਰਨ ਵਰਤ ਦੇ 21ਵੇਂ ਦਿਨ ਵਾਂਗਚੁਕ ਨੂੰ ਚੁੱਕ ਕੇ ਸਫ਼ਦਰਜੰਗ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ। ਵੱਡੀ ਪੱਧਰ 'ਤੇ ਹੋਈ ਹਿੰਸਾ ਲਈ ਦੋਵੇਂ ਹੀ ਧਿਰਾਂ ਇਕ-ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਜਿੱਥੋਂ ਤੱਕ ਨੀਟ ਪੇਪਰਾਂ ਦੇ ਲੀਕ ਹੋਣ ਦਾ ਸੰਬੰਧ ਹੈ, ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸਰਕਾਰ ਵਲੋਂ ਇਕਦਮ ਕਾਰਵਾਈ ਕਰਕੇ ਇਸ ਨਾਲ ਸੰਬੰਧਿਤ 13 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਤੋਂ ਬਾਅਦ ਬੜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੁਬਾਰਾ ਨੀਟ ਪੇਪਰ ਨੂੰ ਕਰਵਾਉਣ ਦੀ ਲੰਮੀ-ਚੌੜੀ ਕਵਾਇਦ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਪਾਰਦਰਸ਼ੀ ਢੰਗ ਨਾਲ ਬਿਨਾਂ ਦੇਰੀ ਕੀਤਿਆਂ ਇਸ ਦੇ ਨਤੀਜੇ ਐਲਾਨ ਦਿੱਤੇ ਗਏ ਸਨ। ਸੰਸਦ ਚੱਲਣ ਦੇ ਦੂਜੇ ਦਿਨ ਵਿਰੋਧੀ ਪਾਰਟੀਆਂ ਨੇ ਇਸੇ ਮਸਲੇ ਨੂੰ ਲੈ ਕੇ ਚਰਚਾ ਦੀ ਮੰਗ ਕੀਤੀ ਅਤੇ ਦੂਸਰੇ ਦਿਨ ਵੀ ਹੋਏ ਵੱਡੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀਆਂ ਕਾਰਵਾਈਆਂ ਨਾ ਚੱਲ ਸਕੀਆਂ। ਚਾਹੇ ਕੇਂਦਰ ਸਰਕਾਰ ਦੇ ਸੱਦੇ 'ਤੇ ਕਾਕਰੋਚ ਜਨਤਾ ਪਾਰਟੀ ਦੇ ਦੋ ਆਗੂ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੂੰ ਮਿਲੇ ਸਨ ਪਰ ਇਸ ਦੇ ਬਾਵਜੂਦ ਸੋਨਮ ਵਾਂਗਚੁਕ ਨੇ ਹਸਪਤਾਲ ਵਿਚ ਆਪਣੀ 24ਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰੱਖੀ। ਅਭਿਜੀਤ ਦੀਪਕੇ ਅਤੇ ਉਸ ਦੇ ਸਾਥੀਆਂ ਨੇ ਵੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਗੋਂ ਅੰਦੋਲਨ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਉਸ ਤੋਂ ਹਾਲ ਦੀ ਘੜੀ ਕਿਸੇ ਤਰ੍ਹਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ, ਨਾ ਹੀ ਬਣੀ ਅਜਿਹੀ ਅਨਿਸਚਿਤ ਸਥਿਤੀ ਵਿਚ ਸਰਕਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਦਾ ਆਪਸ ਵਿਚ ਕੋਈ ਤਾਲਮੇਲ ਬਣਨਾ ਸੰਭਵ ਜਾਪਦਾ ਹੈ।
ਇਸ ਸੰਬੰਧੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਵਲੋਂ ਇਹ ਵੀ ਦੁਹਰਾਇਆ ਗਿਆ ਕਿ ਜਦੋਂ ਤੱਕ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਨਹੀਂ ਲਿਆ ਜਾਂਦਾ, ਉਦੋਂ ਤੱਕ ਉਹ ਆਪਣਾ ਵਿਰੋਧ ਨਿਰੰਤਰ ਜਾਰੀ ਰੱਖਣਗੇ। ਬਾਅਦ ਵਿਚ ਪੁਲਿਸ ਨੇ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਸਮੇਤ ਕਾਂਗਰਸ ਦੇ ਹੋਰ ਕਈ ਆਗੂਆਂ ਨੂੰ ਬੱਸਾਂ ਵਿਚ ਭਰ ਕੇ ਉਥੋਂ ਕਿਤੇ ਦੂਰ ਭੇਜ ਦਿੱਤਾ ਤੇ ਧਰਨਾ ਉਠਾ ਦਿੱਤਾ। ਅਸੀਂ ਸਮਝਦੇ ਹਾਂ ਕਿ ਇਸ ਬਣੇ ਜਾਮੂਦ ਨੂੰ ਤੋੜਨ ਲਈ ਸਰਕਾਰੀ ਧਿਰ ਨੂੰ ਪਹਿਲ ਕਰਨੀ ਚਾਹੀਦੀ ਹੈ। ਜੇਕਰ ਇਸ ਮਸਲੇ 'ਤੇ ਵਿਰੋਧੀ ਧਿਰ ਦੋਹਾਂ ਸਦਨਾਂ ਵਿਚ ਬਹਿਸ ਕਰਵਾਉਣ ਦੀ ਮੰਗ 'ਤੇ ਅੜੀ ਹੋਈ ਹੈ, ਤਾਂ ਇਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਇਸ ਗੰਭੀਰ ਮਸਲੇ 'ਤੇ ਸਾਰੀਆਂ ਹੀ ਧਿਰਾਂ ਆਪੋ-ਆਪਣੇ ਵਿਚਾਰ ਰੱਖ ਸਕਣ ਅਤੇ ਸੜਕਾਂ 'ਤੇ ਅੰਦੋਲਨ ਕਰਨ ਦੀ ਬਜਾਏ ਸੰਸਦ ਵਿਚ ਵਿਸਥਾਰਤ ਵਿਚਾਰ ਕਰ ਕੇ ਇਸ ਦਾ ਕੋਈ ਸੰਤੁਸ਼ਟੀਜਨਕ ਹੱਲ ਕੱਢਣ ਦਾ ਯਤਨ ਕੀਤਾ ਜਾਏ।
-ਬਰਜਿੰਦਰ ਸਿੰਘ ਹਮਦਰਦ