02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੈਨੇਡਾ ਦੀ ਬਰਫ਼ ਹੇਠ ਦੱਬਦਾ ਜਾ ਰਿਹੈ ਪੰਜਾਬ

Ad Position 21
No active advertisement
ਅਜੀਤ ਡੈਸਕ 22-07-2026

ਪੰਜਾਬ, ਜਿਸ ਨੂੰ ਕਦੇ ਦੇਸ਼ ਦਾ ਅੰਨ-ਭੰਡਾਰ, ਹਰੀ ਕ੍ਰਾਂਤੀ ਦਾ ਗੜ੍ਹ ਅਤੇ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਸੀ, ਅੱਜ ਆਪਣੇ ਇਤਿਹਾਸ ਦੇ ਸਭ ਤੋਂ ਨਾਜ਼ੁਕ, ਸੰਵੇਦਨਸ਼ੀਲ ਅਤੇ ਚਿੰਤਾਜਨਕ ਦੌਰ ਵਿਚੋਂ ਲੰਘ ਰਿਹਾ ਹੈ। ਪੰਜਾਂ ਦਰਿਆਵਾਂ ਦੀ ਇਸ ਪਵਿੱਤਰ ਧਰਤੀ 'ਤੇ ਇੱਕ ਅਜਿਹਾ ਸੰਨਾਟਾ ਪਸਰਦਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ਦੇ ਗੰਭੀਰ ਸਮਾਜਿਕ ਅਤੇ ਆਰਥਿਕ ਸੰਕਟ ਦੀ ਆਹਟ ਦਿੰਦਾ ਹੈ। ਪਿੰਡਾਂ ਦੀਆਂ ਗਲੀਆਂ, ਜਿੱਥੇ ਕਦੇ ਨੌਜਵਾਨਾਂ ਦੀ ਰੌਣਕ, ਖੇਤਾਂ ਦੀ ਮਹਿਕ ਅਤੇ ਮਿਹਨਤ ਦੀ ਚਮਕ ਦਿਖਾਈ ਦਿੰਦੀ ਸੀ, ਉੱਥੇ ਅੱਜ ਸੁੰਨਾਪਣ ਵਧਦਾ ਜਾ ਰਿਹਾ ਹੈ। ਪੰਜਾਬ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਜਵਾਨੀ ਲਗਾਤਾਰ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ। ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਅਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਵਸਣ ਦੀ ਲਾਲਸਾ ਹੁਣ ਇੱਕ ਵਿਅਕਤੀਗਤ ਚੋਣ ਨਹੀਂ ਰਹੀ, ਸਗੋਂ ਇੱਕ ਸਮਾਜਿਕ ਰੁਝਾਨ ਅਤੇ ਕਈ ਪਰਿਵਾਰਾਂ ਲਈ ਮਜਬੂਰੀ ਬਣ ਚੁੱਕੀ ਹੈ।
ਇਹ ਸਿਰਫ਼ ਪ੍ਰਵਾਸ ਦੀ ਕਹਾਣੀ ਨਹੀਂ, ਸਗੋਂ ਪੰਜਾਬ ਦੀ ਜਵਾਨੀ, ਮਿਹਨਤ, ਹੁਨਰ ਅਤੇ ਬੌਧਿਕ ਪੂੰਜੀ ਦੇ ਲਗਾਤਾਰ ਹੋ ਰਹੇ ਨਿਕਾਸ ਦੀ ਕਹਾਣੀ ਹੈ। ਇਸ ਦਾ ਸਭ ਤੋਂ ਵੱਡਾ ਮੁੱਲ ਪੰਜਾਬ ਦੀ ਉਹ ਉਪਜਾਊ ਧਰਤੀ ਅਦਾ ਕਰ ਰਹੀ ਹੈ, ਜਿਸ ਨੂੰ ਇੱਥੋਂ ਦੇ ਕਿਸਾਨਾਂ ਨੇ ਸਦੀਆਂ ਤੋਂ ਆਪਣੀ ਮਾਂ ਦਾ ਦਰਜਾ ਦਿੱਤਾ ਹੈ। ਅੱਜ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਪੰਜਾਬ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਕੈਨੇਡਾ ਦੀ ਬਰਫ਼ ਹੇਠ ਦੱਬਦੀ ਜਾ ਰਹੀ ਹੈ। ਕਾਰਨ ਸਪੱਸ਼ਟ ਹੈ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਪਰਿਵਾਰ ਆਪਣੀ ਪੁਸ਼ਤੈਨੀ ਜ਼ਮੀਨ ਵੇਚ ਰਹੇ ਹਨ, ਗਹਿਣੇ ਰੱਖ ਰਹੇ ਹਨ ਅਤੇ ਭਾਰੀ ਕਰਜ਼ਿਆਂ ਦੇ ਬੋਝ ਹੇਠ ਦੱਬਦੇ ਜਾ ਰਹੇ ਹਨ।
ਅੱਜ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਲਈ ਆਮ ਤੌਰ 'ਤੇ 25 ਤੋਂ 40 ਲੱਖ ਰੁਪਏ ਅਤੇ ਕਈ ਵਾਰ ਇਸ ਤੋਂ ਵੀ ਵੱਧ ਰਕਮ ਦੀ ਲੋੜ ਪੈਂਦੀ ਹੈ। ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਇਹ ਰਕਮ ਇਕੱਠੀ ਕਰਨੀ ਲਗਭਗ ਅਸੰਭਵ ਹੁੰਦੀ ਹੈ। ਨਤੀਜੇ ਵਜੋਂ ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂੰਜੀ ਜ਼ਮੀਨਵੇਚਣ ਲਈ ਮਜਬੂਰ ਹੋ ਜਾਂਦੇ ਹਨ। ਇਹ ਜ਼ਮੀਨ ਸਿਰਫ਼ ਇੱਕ ਜਾਇਦਾਦ ਨਹੀਂ ਹੁੰਦੀ, ਇਹ ਉਨ੍ਹਾਂ ਦੀ ਪਛਾਣ, ਵਿਰਾਸਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਆਧਾਰ ਹੁੰਦੀ ਹੈ।
ਇਸ ਸਥਿਤੀ ਦੀ ਗੰਭੀਰਤਾ ਸਿਰਫ਼ ਭਾਵਨਾਵਾਂ ਤੱਕ ਸੀਮਤ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਅਧਿਐਨ ਅਨੁਸਾਰ ਪੰਜਾਬ ਦੇ 13.34 ਫ਼ੀਸਦੀ ਪੇਂਡੂ ਪਰਿਵਾਰਾਂ ਦਾ ਘੱਟੋ-ਘੱਟ ਇੱਕ ਮੈਂਬਰ ਵਿਦੇਸ਼ ਵਿਚ ਰਹਿ ਰਿਹਾ ਹੈ। ਇਨ੍ਹਾਂ ਪਰਿਵਾਰਾਂ ਵਿਚੋਂ 19.38 ਫ਼ੀਸਦੀ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨ, ਮਕਾਨ, ਸੋਨਾ ਜਾਂ ਹੋਰ ਜਾਇਦਾਦ ਵੇਚੀ, ਜਦਕਿ 56.41 ਫ਼ੀਸਦੀ ਪਰਿਵਾਰਾਂ ਨੇ ਕਰਜ਼ਾ ਲਿਆ। ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ ਛੋਟੇ ਕਿਸਾਨਾਂ ਦੇ ਲਗਭਗ 18 ਫ਼ੀਸਦੀ ਪਰਿਵਾਰਾਂ ਨੇ ਇਸ ਮਕਸਦ ਲਈ ਆਪਣੀ ਖੇਤੀਯੋਗ ਜ਼ਮੀਨ ਵੇਚ ਦਿੱਤੀ। ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਪੰਜਾਬ ਦੇ ਪਰਿਵਾਰਾਂ ਨੇ ਵਿਦੇਸ਼ੀ ਪ੍ਰਵਾਸ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲਗਭਗ 14,342 ਕਰੋੜ ਰੁਪਏ ਦਾ ਕਰਜ਼ਾ ਲਿਆ, ਜਦਕਿ 5,639 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵੇਚੀ ਗਈ। ਇਹ ਰਕਮ ਸਿਰਫ਼ ਅੰਕੜੇ ਨਹੀਂ ਹਨ, ਸਗੋਂ ਪੰਜਾਬ ਦੀ ਅਰਥਵਿਵਸਥਾ ਵਿਚੋਂ ਬਾਹਰ ਨਿਕਲਿਆ ਉਹ ਸਰਮਾਇਆ ਹੈ, ਜਿਸ ਨਾਲ ਨਵੇਂ ਉਦਯੋਗ, ਰੁਜ਼ਗਾਰ ਅਤੇ ਵਿਕਾਸ ਦੇ ਅਨੇਕ ਮੌਕੇ ਪੈਦਾ ਕੀਤੇ ਜਾ ਸਕਦੇ ਸਨ।
ਇਸ ਪ੍ਰਵਾਸ ਦੀ ਸਭ ਤੋਂ ਵੱਧ ਮਾਰ ਛੋਟੇ ਅਤੇ ਸੀਮਾਂਤ ਕਿਸਾਨਾਂ 'ਤੇ ਪਈ ਹੈ। ਜਿਨ੍ਹਾਂ ਕੋਲ ਦੋ ਜਾਂ ਢਾਈ ਏਕੜ ਜ਼ਮੀਨ ਹੀ ਪਰਿਵਾਰ ਦੀ ਰੋਜ਼ੀ-ਰੋਟੀ ਦਾ ਆਧਾਰ ਸੀ, ਉਹ ਵੀ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨ ਦੀ ਆਸ ਵਿਚ ਇਸ ਨੂੰ ਵੇਚਣ ਲਈ ਮਜਬੂਰ ਹੋ ਗਏ। ਕਈ ਪਰਿਵਾਰ, ਜੋ ਕਦੇ ਆਪਣੀ ਮਿਹਨਤ ਨਾਲ ਅਨਾਜ ਉਗਾ ਕੇ ਦੇਸ਼ ਦੀ ਭੁੱਖ ਮਿਟਾਉਂਦੇ ਸਨ, ਅੱਜ ਦਿਹਾੜੀ-ਮਜ਼ਦੂਰੀ ਕਰਨ ਲਈ ਮਜਬੂਰ ਹਨ। ਇਹ ਸਿਰਫ਼ ਆਰਥਿਕ ਗਿਰਾਵਟ ਨਹੀਂ, ਸਗੋਂ ਸਮਾਜਿਕ ਸਥਿਤੀ ਵਿਚ ਆਇਆ ਇੱਕ ਦਰਦਨਾਕ ਬਦਲਾਅ ਵੀ ਹੈ।
ਪ੍ਰਵਾਸ ਦੀ ਇਸ ਲਹਿਰ ਨੇ ਪੰਜਾਬ ਦੀ ਸਮਾਜਿਕ ਬਣਤਰ ਨੂੰ ਵੀ ਡੂੰਘਾ ਪ੍ਰਭਾਵਿਤ ਕੀਤਾ ਹੈ। ਪਿੰਡਾਂ ਵਿਚ ਨੌਜਵਾਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਜਿਨ੍ਹਾਂ ਘਰਾਂ ਵਿਚ ਕਦੇ ਬੱਚਿਆਂ ਦੀਆਂ ਕਿਲਕਾਰੀਆਂ ਅਤੇ ਨੌਜਵਾਨਾਂ ਦੀ ਚਹਿਲ-ਪਹਿਲ ਹੁੰਦੀ ਸੀ, ਉੱਥੇ ਅੱਜ ਬਜ਼ੁਰਗ ਮਾਪੇ ਇਕੱਲੇ ਜੀਵਨ ਬਿਤਾਉਣ ਲਈ ਮਜਬੂਰ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਚੋਖਾ ਸਮਾਂ ਹੁਣ ਫ਼ੋਨ ਦੀ ਘੰਟੀ, ਵੀਡੀਓ ਕਾਲ ਜਾਂ ਵਿਦੇਸ਼ੋਂ ਆਉਣ ਵਾਲੇ ਕਿਸੇ ਸੁਨੇਹੇ ਦੀ ਉਡੀਕ ਵਿਚ ਲੰਘਦਾ ਹੈ। ਇਹ ਇਕੱਲਾਪਣ ਸਿਰਫ਼ ਭਾਵਨਾਤਮਿਕ ਨਹੀਂ, ਸਗੋਂ ਇੱਕ ਵੱਡੀ ਸਮਾਜਿਕ ਸਮੱਸਿਆ ਦਾ ਰੂਪ ਧਾਰ ਚੁੱਕਿਆ ਹੈ।
ਖੇਤੀਬਾੜੀ 'ਤੇ ਵੀ ਇਸ ਦੇ ਗੰਭੀਰ ਪ੍ਰਭਾਵ ਪਏ ਹਨ। ਜਦੋਂ ਖੇਤਾਂ ਦੇ ਅਸਲ ਵਾਰਸ ਹੀ ਵਿਦੇਸ਼ ਚਲੇ ਜਾਣ, ਤਾਂ ਜ਼ਮੀਨ ਠੇਕੇ 'ਤੇ ਦੇਣੀ ਪੈਂਦੀ ਹੈ। ਠੇਕੇਦਾਰ ਦਾ ਧਿਆਨ ਲੰਬੇ ਸਮੇਂ ਲਈ ਮਿੱਟੀ ਦੀ ਸਿਹਤ ਬਚਾਉਣ ਦੀ ਬਜਾਏ ਛੋਟੇ ਸਮੇਂ ਵਿਚ ਵੱਧ ਤੋਂ ਵੱਧ ਉਤਪਾਦਨ ਹਾਸਿਲ ਕਰਨ 'ਤੇ ਹੁੰਦਾ ਹੈ। ਇਸ ਨਾਲ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅਤਿਅਧਿਕ ਵਰਤੋਂ ਹੁੰਦੀ ਹੈ, ਜਿਸ ਦਾ ਨੁਕਸਾਨ ਮਿੱਟੀ ਦੀ ਉਪਜਾਊ ਸ਼ਕਤੀ, ਭੂਮੀ ਦੀ ਸਿਹਤ ਅਤੇ ਭਵਿੱਖ ਦੀ ਖੇਤੀ ਨੂੰ ਝੱਲਣਾ ਪੈਂਦਾ ਹੈ।
ਇਹ ਵੀ ਇੱਕ ਹਕੀਕਤ ਹੈ ਕਿ ਵਿਦੇਸ਼ ਜਾਣ ਵਾਲਾ ਹਰ ਨੌਜਵਾਨ ਉੱਥੇ ਜਾ ਕੇ ਤੁਰੰਤ ਸਫ਼ਲ ਨਹੀਂ ਹੋ ਜਾਂਦਾ। ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਪ੍ਰਵਾਸ ਨੀਤੀਆਂ ਸਖ਼ਤ ਹੋ ਰਹੀਆਂ ਹਨ। ਰੁਜ਼ਗਾਰ ਦੀ ਅਨਿਸਚਿਤਤਾ, ਘਰਾਂ ਦਾ ਮਹਿੰਗਾ ਕਿਰਾਇਆ, ਵਧਦੀ ਮਹਿੰਗਾਈ ਅਤੇ ਮਾਨਸਿਕ ਤਣਾਅ ਨਵੇਂ ਪ੍ਰਵਾਸੀਆਂ ਲਈ ਗੰਭੀਰ ਚੁਣੌਤੀਆਂ ਬਣ ਰਹੇ ਹਨ। ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੇ ਨਾਲ ਲੰਬੇ ਸਮੇਂ ਤੱਕ ਛੋਟੇ-ਮੋਟੇ ਕੰਮ ਕਰਦੇ ਹਨ ਅਤੇ ਕਰਜ਼ੇ ਉਤਾਰਨ ਲਈ ਸਾਲਾਂ ਤੱਕ ਸੰਘਰਸ਼ ਕਰਦੇ ਹਨ। ਪਰ ਪੰਜਾਬ ਵਿਚ ਬੈਠੇ ਮਾਪੇ ਅਕਸਰ ਸੋਸ਼ਲ ਮੀਡੀਆ 'ਤੇ ਦਿਖਾਈ ਜਾਣ ਵਾਲੀ ਚਮਕ-ਦਮਕ ਦੇ ਆਧਾਰ 'ਤੇ ਹੀ ਵਿਦੇਸ਼ੀ ਜੀਵਨ ਦੀ ਤਸਵੀਰ ਬਣਾਉਂਦੇ ਰਹਿੰਦੇ ਹਨ।
ਅਸਲ ਚਿੰਤਾ ਇਹ ਨਹੀਂ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਕਿਉਂ ਜਾ ਰਹੇ ਹਨ। ਮਨੁੱਖ ਸਦੀਆਂ ਤੋਂ ਬਿਹਤਰ ਮੌਕਿਆਂ ਦੀ ਭਾਲ ਵਿਚ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਰਿਹਾ ਹੈ। ਚਿੰਤਾ ਇਸ ਗੱਲ ਦੀ ਹੈ ਕਿ ਉਹ ਆਪਣੀ ਧਰਤੀ 'ਤੇ ਰਹਿ ਕੇ ਭਵਿੱਖ ਬਣਾਉਣ ਦੀ ਉਮੀਦ ਕਿਉਂ ਗੁਆ ਰਹੇ ਹਨ? ਜਦੋਂ ਕਿਸੇ ਸੂਬੇ ਦੀ ਜਵਾਨੀ ਆਪਣੇ ਹੀ ਰਾਜ ਵਿਚ ਮੌਕਿਆਂ ਦੀ ਘਾਟ ਮਹਿਸੂਸ ਕਰਨ ਲੱਗੇ, ਤਾਂ ਇਹ ਸਿਰਫ਼ ਆਰਥਿਕ ਨਹੀਂ, ਸਗੋਂ ਨੀਤੀਗਤ ਅਤੇ ਸਮਾਜਿਕ ਅਸਫ਼ਲਤਾ ਦਾ ਵੀ ਸੰਕੇਤ ਹੁੰਦਾ ਹੈ।
ਇਸ ਸਮੱਸਿਆ ਦਾ ਹੱਲ ਪ੍ਰਵਾਸ ਨੂੰ ਰੋਕਣ ਵਿਚ ਨਹੀਂ ਹੈ। ਲੋੜ ਇਸ ਗੱਲ ਦੀ ਹੈ ਕਿ ਪੰਜਾਬ ਵਿਚ ਅਜਿਹੇ ਹਾਲਾਤ ਪੈਦਾ ਕੀਤੇ ਜਾਣ, ਜਿੱਥੇ ਵਿਦੇਸ਼ ਜਾਣਾ ਮਜਬੂਰੀ ਨਹੀਂ, ਸਗੋਂ ਇੱਕ ਬਦਲ ਹੋਵੇ। ਇਸ ਲਈ ਸਭ ਤੋਂ ਪਹਿਲਾਂ ਸੂਬੇ ਵਿਚ ਵੱਡੇ ਪੱਧਰ 'ਤੇ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨਾ ਪਵੇਗਾ। ਨਿਰਮਾਣ ਉਦਯੋਗ, ਫੂਡ ਪ੍ਰੋਸੈਸਿੰਗ, ਸੂਚਨਾ ਤਕਨਾਲੋਜੀ, ਬਾਇਓ-ਟੈਕਨਾਲੋਜੀ ਅਤੇ ਖੋਜ-ਅਧਾਰਿਤ ਉਦਯੋਗਾਂ ਵਿਚ ਨਿਵੇਸ਼ ਰਾਹੀਂ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਲਈ ਗੁਣਵੱਤਾ ਵਾਲੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।
ਇਸ ਦੇ ਨਾਲ ਹੀ ਖੇਤੀਬਾੜੀ ਵਿਚ ਫ਼ਸਲੀ ਵਿਭਿੰਨਤਾ ਲਿਆਉਣਾ ਵੀ ਸਮੇਂ ਦੀ ਲੋੜ ਹੈ। ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੇ ਬਾਗਬਾਨੀ, ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ, ਮਧੂ-ਮੱਖੀ ਪਾਲਣ, ਡੇਅਰੀ, ਮੱਛੀ ਪਾਲਣ ਅਤੇ ਖੇਤੀ-ਆਧਾਰਿਤ ਛੋਟੇ ਉਦਯੋਗਾਂ ਨੂੰ ਮਜ਼ਬੂਤ ਨੀਤੀਗਤ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਜੇ ਕਿਸਾਨ ਨੂੰ ਆਪਣੀ ਫ਼ਸਲ ਦਾ ਵਾਜਬ ਮੁੱਲ, ਪ੍ਰੋਸੈਸਿੰਗ ਦੀ ਸਹੂਲਤ ਅਤੇ ਪੱਕੀ ਮੰਡੀ ਮਿਲੇ, ਤਾਂ ਉਹ ਆਪਣੀ ਜ਼ਮੀਨ ਵੇਚਣ ਬਾਰੇ ਕਦੇ ਨਹੀਂ ਸੋਚੇਗਾ।
ਸਿੱਖਿਆ ਪ੍ਰਣਾਲੀ ਵਿਚ ਵੀ ਬੁਨਿਆਦੀ ਸੁਧਾਰਾਂ ਦੀ ਲੋੜ ਹੈ। ਸਿਰਫ਼ ਡਿਗਰੀਆਂ ਦੇਣ ਦੀ ਬਜਾਏ ਹੁਨਰ-ਆਧਾਰਿਤ ਸਿੱਖਿਆ, ਉੱਦਮਤਾ ਅਤੇ ਸਵੈ-ਰੁਜ਼ਗਾਰ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਾ ਨਹੀਂ, ਸਗੋਂ ਨੌਕਰੀ ਦੇਣ ਵਾਲਾ ਬਣਾਉਣ ਦੀ ਸੋਚ ਵਿਕਸਿਤ ਕਰਨੀ ਹੋਵੇਗੀ। ਨਾਲ ਹੀ ਸਰਕਾਰ ਨੂੰ ਪਾਰਦਰਸ਼ੀ ਭਰਤੀ ਪ੍ਰਕਿਰਿਆ, ਉਦਯੋਗਾਂ ਲਈ ਅਨੁਕੂਲ ਮਾਹੌਲ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ। ਸਮਾਜ ਨੂੰ ਵੀ ਆਪਣੇ ਰਵੱਈਏ ਬਾਰੇ ਆਤਮ-ਚਿੰਤਨ ਕਰਨ ਦੀ ਲੋੜ ਹੈ। ਅੱਜ ਵਿਦੇਸ਼ ਜਾਣਾ ਇੱਕ ਸਮਾਜਿਕ ਰੁਤਬੇ ਦਾ ਪ੍ਰਤੀਕ ਬਣ ਗਿਆ ਹੈ। ਕਈ ਵਾਰ ਪਰਿਵਾਰ ਆਪਣੀ ਆਰਥਿਕ ਸਮਰੱਥਾ ਤੋਂ ਬਾਹਰ ਜਾ ਕੇ ਵੀ ਸਿਰਫ਼ ਇਸ ਲਈ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਕਿ ਸਮਾਜ ਵਿਚ ਉਨ੍ਹਾਂ ਦੀ ਇੱਜ਼ਤ ਵਧੇ। ਇਸ ਸੋਚ ਨੂੰ ਬਦਲਣਾ ਵੀ ਸਮੇਂ ਦੀ ਮੰਗ ਹੈ। ਸਫ਼ਲਤਾ ਦਾ ਅਰਥ ਸਿਰਫ਼ ਵਿਦੇਸ਼ ਵਿਚ ਵਸਣਾ ਨਹੀਂ, ਸਗੋਂ ਜਿੱਥੇ ਵੀ ਰਹੋ, ਇਮਾਨਦਾਰੀ, ਮਿਹਨਤ ਅਤੇ ਸਵੈ-ਮਾਣ ਨਾਲ ਜੀਵਨ ਬਤੀਤ ਕਰਨਾ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਸਰਕਾਰ, ਨੀਤੀ-ਨਿਰਮਾਤਾ, ਸਿੱਖਿਆ ਸੰਸਥਾਵਾਂ, ਉਦਯੋਗ ਜਗਤ ਅਤੇ ਸਮਾਜ ਮਿਲ ਕੇ ਇੱਕ ਲੰਬੀ ਮਿਆਦ ਦੀ ਦੂਰਅੰਦੇਸ਼ੀ ਯੋਜਨਾ ਤਿਆਰ ਕਰਨ। ਜਦੋਂ ਕੋਈ ਕਿਸਾਨ ਆਪਣੀ ਪੁਸ਼ਤੈਨੀ ਜ਼ਮੀਨ ਵੇਚਦਾ ਹੈ, ਤਾਂ ਉਹ ਸਿਰਫ਼ ਇੱਕ ਜਾਇਦਾਦ ਨਹੀਂ ਗੁਆਉਂਦਾ, ਸਗੋਂ ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ ਅਤੇ ਆਪਣੀ ਪਛਾਣ ਨਾਲ ਜੁੜਿਆ ਇੱਕ ਅਨਮੋਲ ਰਿਸ਼ਤਾ ਵੀ ਗੁਆ ਬੈਠਦਾ ਹੈ।
ਸਮਾਂ ਅਜੇ ਵੀ ਪੂਰੀ ਤਰ੍ਹਾਂ ਹੱਥੋਂ ਨਹੀਂ ਨਿਕਲਿਆ। ਜੇ ਅਸੀਂ ਅੱਜ ਹੀ ਪੰਜਾਬ ਵਿਚ ਰੁਜ਼ਗਾਰ, ਉਦਯੋਗ, ਖੇਤੀ ਸੁਧਾਰ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਕੇਂਦਰ ਵਿਚ ਰੱਖ ਕੇ ਦੂਰਅੰਦੇਸ਼ੀ ਵਾਲੀਆਂ ਨੀਤੀਆਂ ਅਪਣਾਈਆਂ, ਤਾਂ ਪੰਜਾਬ ਮੁੜ ਆਪਣੀ ਤਾਕਤ, ਆਪਣੀ ਜਵਾਨੀ ਅਤੇ ਆਪਣੀ ਆਰਥਿਕ ਸਵੈ-ਨਿਰਭਰਤਾ ਨੂੰ ਪ੍ਰਾਪਤ ਕਰ ਸਕਦਾ ਹੈ। ਸਾਨੂੰ ਅਜਿਹਾ ਪੰਜਾਬ ਸਿਰਜਣ ਦਾ ਸੰਕਲਪ ਕਰਨਾ ਹੋਵੇਗਾ, ਜਿੱਥੇ ਨੌਜਵਾਨ ਆਪਣੀ ਮਿੱਟੀ ਨਾਲ ਜੁੜ ਕੇ ਤਰੱਕੀ ਕਰਨ ਵਿਚ ਮਾਣ ਮਹਿਸੂਸ ਕਰਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਹ ਨਾ ਕਹਿਣਾ ਪਵੇ ਕਿ 'ਪੰਜਾਬ ਦੀ ਉਪਜਾਊ ਧਰਤੀ ਕੈਨੇਡਾ ਦੀ ਬਰਫ਼ ਹੇਠ ਦੱਬ ਗਈ ਸੀ।

-ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ : 70098-98044

Ad Position 22
No active advertisement
ਪਿਛਲੀ ਖ਼ਬਰ ਇਮਤਿਹਾਨਾਂ ਦੀਆਂ ਗੱਲਾਂ ਅਗਲੀ ਖ਼ਬਰ ਸੰਸਦੀ ਕਾਰਵਾਈ ਦਾ ਚੱਲਣਾ ਜ਼ਰੂਰੀ
Ad Position 24
No active advertisement