02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਇਮਤਿਹਾਨਾਂ ਦੀਆਂ ਗੱਲਾਂ

Ad Position 21
No active advertisement
ਅਜੀਤ ਡੈਸਕ 22-07-2026

ਸੀ.ਬੀ.ਐਸ.ਈ., ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹੋਰ ਵੀ ਸਾਰੇ ਬੋਰਡਾਂ ਦੇ ਨਤੀਜਿਆਂ 'ਚ ਬਹੁਤੇ ਬੱਚਿਆਂ ਦੇ ਨੰਬਰ 90 ਫ਼ੀਸਦੀ ਤੋਂ ਵੱਧ ਹੀ ਵੇਖੇ ਜਾਂਦੇ ਹਨ। ਮੈਂ ਕੋਈ ਵਿਦਿਆਰਥੀ ਫੇਲ੍ਹ ਨਹੀਂ ਵੇਖਿਆ। ਇਸ 'ਤੇ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਬੜੀ ਖੋਜ ਤੇ ਦੇਰ ਬਾਅਦ ਸਿੱਖਿਆ ਸ਼ਾਸਤਰੀਆਂ ਨੇ ਫ਼ੈਸਲਾ ਲਿਆ ਸੀ ਕਿ ਇਮਤਿਹਾਨ ਦਾ ਮੁੱਖ ਉਦੇਸ਼ ਫ਼ੇਲ੍ਹ ਕਰਨਾ ਨਹੀਂ ਹੈ, ਜਿਸ ਪੜਾਅ 'ਤੇ ਵੀ ਵਿਦਿਆਰਥੀ ਨੇ ਲਗਾਤਾਰ ਹਾਜ਼ਰ ਰਹਿ ਕੇ ਜਮਾਤ ਦਾ ਕੰਮ ਕੀਤਾ ਹੈ, ਚੰਗਾ-ਮਾੜਾ ਉਸ ਨੂੰ ਅਗਲੇ ਪੜਾਅ ਲਈ ਯੋਗ ਕਰਾਰ ਦਿੱਤਾ ਜਾਵੇ। ਏਹੋ ਹਾਲ ਅਗਲੇ ਪੜਾਅ 'ਤੇ ਹੈ ਅਤੇ ਅੰਤ ਜ਼ਿੰਮੇਵਾਰੀ ਬਣ ਜਾਂਦੀ ਹੈ ਨੌਕਰੀ ਕਰਨ ਵਾਲੇ ਦੀ ਜਿਸ ਨੇ ਕੰਮ ਲੈਣਾ ਹੈ। ਉਹ ਆਪਣੇ ਢੰਗ ਨਾਲ ਆਏ ਹੋਏ ਉਮੀਦਵਾਰਾਂ 'ਚੋਂ ਆਪਣੀ ਲੋੜ ਅਨੁਸਾਰ ਜਿਸ ਨੂੰ ਮਰਜ਼ੀ ਚੁਣ ਲਵੇ। ਪਰ ਜਦੋਂ ਵਿਦਿਆਰਥੀਆਂ ਦੀ ਗਿਣਤੀ ਲੱਖਾਂ 'ਚ ਹੋਵੇ, ਉਦੋਂ ਕੋਈ ਇਮਤਿਹਾਨ ਲਿਆ ਹੀ ਨਹੀਂ ਜਾ ਸਕਦਾ। ਅਸਲ ਸਮੱਸਿਆ ਕੋਈ ਹੋਰ ਹੈ। ਜਦੋਂ ਮੈਂ ਚੌਥੀ ਜਮਾਤ (1945) 'ਚ ਸੀ ਤਾਂ ਲੜਕੇ ਅਕਸਰ ਪੁਰਾਣੀਆਂ ਕਿਤਾਬਾਂ ਲੈਂਦੇ ਸਨ, ਕਿਉਂਕਿ ਉਹ ਮੁਫ਼ਤ ਜਾਂ ਬਹੁਤ ਘੱਟ ਕੀਮਤ 'ਤੇ ਮਿਲ ਜਾਂਦੀਆਂ ਸਨ। ਮੇਰੇ ਬਾਰੇ ਮਸ਼ਹੂਰ ਹੋ ਗਿਆ ਕਿ ਇਹ ਹਿਸਾਬ ਦਾ ਹਰ ਸਵਾਲ ਜ਼ਬਾਨੀ ਹੱਲ ਕਰ ਲੈਂਦਾ ਹੈ। ਮੇਰੇ ਦੋਸਤਾਂ 'ਚ ਮੇਰੀ ਜੈ-ਜੈ ਹੋ ਗਈ। ਦਰਅਸਲ ਮੇਰੇ ਕੋਲ ਹਿਸਾਬ ਦੀ ਕਿਤਾਬ ਦਾ ਮਗਰਲਾ ਅੱਧ ਹੀ ਸੀ, ਜਿਸ ਵਿਚ ਸਿਰਫ਼ ਉੱਤਰ ਹੀ ਸਨ, ਜੋ ਮੈਂ ਰਟ ਲਏ। ਮਤਲਬ ਸਵਾਲ ਪਤਾ ਨਹੀਂ ਪਰ ਉੱਤਰ ਹਾਜ਼ਰ ਸੀ। ਇਮਤਿਹਾਨ 'ਚ ਉਦੋਂ ਹਿਸਾਬ ਦੇ ਸਵਾਲ ਜ਼ੁਬਾਨੀ ਬੋਲਦੇ ਸਨ, ਛਪੇ ਹੋਏ ਪਰਚੇ ਨਹੀਂ ਸੀ ਆਉਂਦੇ। ਜਦੋਂ ਮੈਂ ਕਾਲਜ 'ਚ ਪੜ੍ਹਾਉਂਦਾ ਸਾਂ ਐਮ.ਏ. (ਅੰਗਰੇਜ਼ੀ) ਵਿਚ, ਇਕ ਪੇਪਰ 100 ਨੰਬਰ ਦਾ, ਕੇਵਲ ਇਕ ਲੇਖ ਲਿਖਣਾ ਹੁੰਦਾ ਸੀ। ਮੁਲਾਂਕਣ ਵਿਚ ਬਹੁਤ ਅੰਤਰ ਹੁੰਦਾ ਸੀ। ਅਜਿਹੇ ਪਰਚੇ ਬੰਦ ਹੋਣੇ ਚਾਹੀਦੇ ਸਨ ਤੇ ਹੋ ਗਏ।
ਪਰਚਾ ਬਣਾਉਣਾ ਮਾੜੀ ਮੋਟੀ ਟ੍ਰੇਨਿੰਗ, ਸਮਾਂ, ਖਰਚ ਤੇ ਸ਼ੌਕ ਦੀ ਮੰਗ ਕਰਦਾ ਹੈ। ਬਹੁਤੇ ਸੌਖੇ ਪ੍ਰਸ਼ਨ ਵੀ ਨਾ ਹੋਣ ਤੇ ਐਨੇ ਔਖੇ ਵੀ ਨਾ ਹੋਣ ਕਿ ਉਨ੍ਹਾਂ ਨੂੰ ਕੋਈ ਵੀ ਹੱਲ ਨਾ ਕਰ ਸਕੇ। ਪ੍ਰਸ਼ਨਾਂ ਦੇ ਨੰਬਰ ਉਸ ਦੀ ਕਠਿਨਾਈ ਤੇ ਲੱਗਣ ਵਾਲੇ ਸਮੇਂ ਮੁਤਾਬਿਕ ਹੋਣੇ ਚਾਹੀਦੇ ਹਨ, ਤਾਂ ਹੀ ਏਸ ਪਾਸੇ ਚਰਚਾ ਅਤੇ ਖੋਜ ਸ਼ੁਰੂ ਹੋਈ ਅਤੇ ਸਿੱਟੇ ਵਜੋਂ ਇਕ-ਇਕ ਨੰਬਰ ਦੇ ਸੌਖੇ-ਸੌਖੇ ਸਵਾਲ, ਤਿੰਨ-ਤਿੰਨ ਨੰਬਰਾਂ ਵਾਲੇ ਅਤੇ ਪੰਜ-ਪੰਜ ਨੰਬਰਾਂ ਵਾਲੇ ਪ੍ਰਸ਼ਨ ਪੱਤਰ ਹੋਂਦ 'ਚ ਆਏ। ਇਕ ਪ੍ਰਸ਼ਨ ਹੁੰਦਾ ਸੀ ਕਿ ਦਿੱਤਾ ਹੋਇਆ ਪੈਰ੍ਹਾ ਪੜ੍ਹ ਕੇ ਪੁੱਛੇ ਗਏ ਪੰਜ ਸਵਾਲਾਂ ਦੇ ਜਵਾਬ ਲਿਖੋ। ਲੜਕੇ ਨਕਲ ਕਰਨ ਤੋਂ ਬਾਜ਼ ਨਹੀਂ ਸੀ ਆਉਂਦੇ। ਮੈਂ ਉਨ੍ਹਾਂ ਦੀ ਨਕਲ-ਯੋਗਤਾ ਦੇ ਨੰਬਰਾਂ ਵਜੋਂ ਸਵਾਲ ਬਣਾਇਆ ਕਿ ਦਿੱਤੇ ਪੈਰ੍ਹੇ ਦੀ 'ਆਪਣੇ ਹੱਥ ਨਾਲ ਨਕਲ ਕਰੋ' (10 ਨੰਬਰ) ਅਤੇ 'ਪੁੱਛੇ ਗਏ ਸਵਾਲਾਂ ਦੇ ਜਵਾਬ ਲਿਖੋ।' ਪ੍ਰਸ਼ਨਾਂ ਦੇ ਜਵਾਬ ਤਾਂ ਸਭ ਨੇ ਲਿਖੇ, ਪਰ ਕਿਸੇ ਨੇ ਉਹ ਪੈਰ੍ਹਾ ਨਕਲ ਨਹੀਂ ਸੀ ਕੀਤਾ। ਲੜਕੇ ਕੁਝ ਸ਼ਰਮਿੰਦਾ ਹੋਏ। ਸਬਕ ਟਿਕਾਣੇ ਪਹੁੰਚ ਗਿਆ। ਪੇਪਰ ਲੀਕ ਹੋਣ ਦਾ ਕਦੇ ਵੀ ਕੋਈ ਕਿਆਸ ਵੀ ਨਹੀਂ ਲਾ ਸਕਦਾ ਸੀ। ਯੂਨੀਵਰਸਿਟੀ ਅਫ਼ਸਰਾਂ ਨੂੰ ਖੁੱਲ੍ਹ ਸੀ, ਜਿੰਨਾ ਮਰਜ਼ੀ ਖਰਚ ਆਵੇ, ਜਿੱਥੋਂ ਮਰਜ਼ੀ ਛਪਵਾਓ। ਯਾਦ ਆਉਂਦਾ ਹੈ ਉਹ ਸਮਾਂ, ਜਦੋਂ ਪੰਦਰਾਂ-ਪੰਦਰਾਂ ਸੇਰ ਭਾਰੇ ਪਰਚਿਆਂ ਦੇ ਬੰਡਲ ਰੇਲਵੇ ਰਸੀਦ ਰਾਹੀਂ ਇਗਜ਼ਾਮੀਨਰ ਕੋਲ ਪਹੁੰਚਦੇ ਸਨ। ਉਹ ਟੈਸਟ ਇੰਸਟਾਲਮੈਂਟ ਭੇਜ ਕੇ ਹੈੱਡ ਇਗਜ਼ਾਮੀਨਰ ਤੋਂ ਆਪਣਾ ਨੰਬਰ ਲਾਉਣ ਦਾ ਮਿਆਰ ਪ੍ਰਵਾਨ ਕਰਵਾਉਣਾ ਸੀ। ਫਿਰ ਪ੍ਰੀਖਿਅਕਾਂ 'ਤੇ ਸ਼ੱਕ ਹੋਣ ਲੱਗਾ। ਮਾਰਕਿੰਗ ਲਈ ਯੂਨੀਵਰਸਿਟੀ 'ਚ ਸੈਂਟਰ ਬਣ ਗਏ। ਵਿਸ਼ਵਾਸ ਉੱਡ ਗਏ, ਨਾਲ ਹੀ ਵਿੱਦਿਅਕ ਮਿਆਰ ਉਡਾਰੀ ਮਾਰ ਗਏ। ਅੱਜ ਉੱਤਰ ਪੱਤਰੀਆਂ ਨਹੀਂ ਹੁੰਦੀਆਂ। ਓ.ਐਮ.ਆਰ. ਸ਼ੀਟਾਂ 'ਚ ਉਹ ਕਾਰਵਾਈ ਨਹੀਂ ਹੁੰਦੀ। ਅਸੀਂ ਭਾਸ਼ਾ ਨੂੰ ਤਿਲਾਂਜਲੀ ਦੇ ਚੁੱਕੇ ਹਾਂ ਅਤੇ ਹਰ ਗੱਲ ਬੱਸ 'ਹਾਂ' ਜਾਂ 'ਨਾਂਹ' ਨਾਲ ਮਾਪਣ ਲੱਗੇ ਹਾਂ। ਕਈ ਵਾਰ ਐਵੇਂ ਲਗਦਾ ਹੈ ਜਿਵੇਂ ਸਾਡੇ ਕੋਲ ਤੋਲਣ ਲਈ ਤੱਕੜੀ ਨਹੀਂ 'ਤੱਕੜ' ਹੈ, ਤੂੜੀ, ਕੋਲੇ ਜਾਂ ਹੋਰ ਭਾਰੀਆਂ ਚੀਜ਼ਾਂ ਤੋਲਣ ਵਾਲਾ, ਪਰ ਵੱਟੇ ਅਸੀਂ ਸਰਾਫ਼ਾਂ ਵਾਲੇ ਗ੍ਰਾਮ ਤੇ ਮਿਲੀਗ੍ਰਾਮ ਵਾਲੇ ਵਰਤਦੇ ਹਾਂ। ਗੱਲਾਂ ਸਿਸਟਮ ਨੂੰ ਬਦਲਣ ਦੀਆਂ ਕਰਦੇ ਹਾਂ ਪਰ ਅਸੀਂ ਖ਼ੁਦ ਮਾਪੇ ਵੀ, ਟੀਚਰ ਵੀ, ਫ਼ੀਸਦੀ (ਪਰਸੈਂਟ) ਨਾਲ ਬੱਝੇ ਹੋਏ ਹਾਂ। ਹੈਦਰਾਬਾਦ ਸਥਿਤ 'ਸੈਂਟਰਲ ਇੰਸਟੀਚਿਊਟ ਫਾਰ ਇੰਗਲਿਸ਼ ਐਂਡ ਫੌਰਿਨ ਲੈਂਗੁਇਜਿਜ਼' ਟੀਚਰਾਂ ਨੂੰ ਪੜ੍ਹਾਉਣਾ ਵੀ ਸਿਖਾਉਂਦੀ ਹੈ ਤੇ ਪੇਪਰ ਸੈੱਟ ਕਰਨਾ ਵੀ। ਇਸ ਦਾ ਪਰਚਾ ਛੇ ਘੰਟਿਆਂ ਦਾ ਹੁੰਦਾ ਸੀ। ਕਿਤਾਬ ਕੋਈ ਵੀ ਲਿਆ ਸਕਦੇ ਹੋ ਪਰ ਅੰਤ ਤੁਹਾਡੇ ਬਣਾਏ ਹੋਏ ਪਰਚੇ 'ਤੇ ਗੱਲਬਾਤ ਹੋਣੀ ਹੈ। ਉਨ੍ਹਾਂ ਨੇ ਪੰਜ ਗਰੇਡ ਏ.ਬੀ.ਸੀ.ਡੀ. 'ਤੇ ਈ ਰੱਖੇ ਸਨ। ਪਹਿਲਾ, ਦੂਜਾ ਨਹੀਂ।
ਨੀਟ/ਜੇ.ਈ.ਈ. ਵਰਗੇ ਵੱਡੇ ਇਮਤਿਹਾਨ ਉਸ ਯੋਗਤਾ ਨੂੰ ਚੰਗੀ ਤਰ੍ਹਾਂ ਪ੍ਰਭਾਸ਼ਿਤ ਨਹੀਂ ਕਰ ਸਕਦੇ, ਜਿਸ ਨੂੰ ਮਾਪਣ ਦਾ ਉਹ ਦਾਅਵਾ ਕਰਦੇ ਹਨ। ਦਰਅਸਲ ਇੱਥੇ ਮਸਲਾ ਕਿਸੇ ਖ਼ਾਸ ਪ੍ਰਭਾਸ਼ਿਤ ਕੀਤੀ ਜਾ ਸਕਣ ਵਾਲੀ ਯੋਗਤਾ ਦਾ ਨਹੀਂ, ਪ੍ਰੀਖਿਆਰਥੀਆਂ ਦੀ ਲੱਖਾਂ-ਕਰੋੜਾਂ ਦੀ ਗਿਣਤੀ ਦਾ ਹੈ। ਇਸ ਨਾਲ ਜੁੜੇ ਹੋਏ ਵਿੱਤੀ ਹਿੱਤਾਂ ਦਾ ਹੈ, ਸਿਆਸਤ ਦਾ ਹੈ। ਹਰ ਸੂਬਾ ਆਪੋ-ਆਪਣਾ ਟੈਸਟ ਲੈ ਸਕਦਾ ਹੈ, ਜਿਸ 'ਤੇ ਨਜ਼ਰ ਰੱਖੀ ਜਾ ਸਕਦੀ ਹੈ ਤਾਂ ਕਿ ਲੀਕ ਹੋਣ ਦੀ ਕੋਈ ਸੰਭਾਵਨਾ ਨਾ ਰਹੇ। ਇਸ ਲਈ ਪਰਚੇ ਹਵਾਈ ਫ਼ੌਜ ਰਾਹੀਂ ਭੇਜੇ ਗਏ। ਅਸੀਂ ਪੁਰਾਣੇ ਟੀਚਰ ਹੈਰਾਨ ਹਾਂ ਕਿ, ਕੀ ਕੱਲ੍ਹ ਨੂੰ ਸੁਪਰਵਾਈਜ਼ਰੀ ਕਰਨ ਲਈ ਵੀ ਫ਼ੌਜ ਦੀ ਮਦਦ ਲਈ ਜਾਵੇਗੀ? ਮੈਂ ਸਮਝਦਾ ਹਾਂ ਜਦੋਂ ਥਾਵਾਂ ਘੱਟ ਹੋਣ ਤੇ ਚਾਹੁਣ ਵਾਲੇ ਕਰੋੜਾਂ 'ਚ, ਤਾਂ ਲਾਟਰੀ ਸਿਸਟਮ ਤਕਰੀਬਨ ਉਹੋ ਜਿਹੇ ਨਤੀਜੇ ਹੀ ਦੇ ਸਕਦਾ ਹੈ, ਜੋ ਐਡੇ ਖਲਜਗਣ ਨੇ ਦੇਣੇ ਹਨ।

ਮੋਬਾਈਲ : 80545-97595

Ad Position 22
No active advertisement
ਪਿਛਲੀ ਖ਼ਬਰ ਅਪਰਾਧਿਕ ਸੰਗਠਨਾਂ ਵਿਰੁੱਧ ਸਖ਼ਤ ਰੁਖ਼ ਅਪਣਾ ਰਿਹੈ ਅਮਰੀਕਾ ਅਗਲੀ ਖ਼ਬਰ ਕੈਨੇਡਾ ਦੀ ਬਰਫ਼ ਹੇਠ ਦੱਬਦਾ ਜਾ ਰਿਹੈ ਪੰਜਾਬ
Ad Position 24
No active advertisement