02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਅਪਰਾਧਿਕ ਸੰਗਠਨਾਂ ਵਿਰੁੱਧ ਸਖ਼ਤ ਰੁਖ਼ ਅਪਣਾ ਰਿਹੈ ਅਮਰੀਕਾ

Ad Position 21
No active advertisement
ਅਜੀਤ ਡੈਸਕ 22-07-2026

ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਅਪਰਾਧਿਕ ਬਿਰਤੀ ਵਾਲੇ ਲੋਕਾਂ ਵਿਰੁੱਧ ਕੱਸੇ ਗਏ ਸ਼ਿਕੰਜੇ ਦੇ ਨਤੀਜੇ ਵਜੋਂ ਹਾਲ ਹੀ 'ਚ ਅਮਰੀਕਾ ਨੇ ਭਾਰਤ ਵਿਚ ਸਰਗਰਮ ਕਥਿਤ ਅਪਰਾਧ ਸਿੰਡੀਕੇਟ ਨਾਲ ਸੰਬੰਧਿਤ ਕੈਲੀਫੋਰਨੀਆ 'ਚੋਂ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਫ.ਬੀ.ਆਈ. ਤੇ ਹੋਰ ਸੰਘੀ ਏਜੰਸੀਆਂ ਨੇ ਪੂਰੇ ਕੈਲੀਫੋਰਨੀਆ ਸਮੇਤ ਸੈਕਰਾਮੈਂਟੋ 'ਚ 'ਆਪ੍ਰੇਸ਼ਨ ਹਾਰਡ ਬਾਲ' ਤਹਿਤ ਭਾਰਤ 'ਚ ਡੂੰਘੀਆਂ ਜੜ੍ਹਾਂ ਫੈਲਾਈ ਬੈਠੇ ਸੰਗਠਿਤ ਅਪਰਾਧੀਆਂ ਵਿਰੁੱਧ ਇਕ ਮੁਕੰਮਲ ਤਾਲਮੇਲ ਵਾਲੀ ਕਾਰਵਾਈ ਕੀਤੀ ਹੈ। ਲਾਸ ਏਂਜਲਸ 'ਚ ਸੰਘੀ ਵਕੀਲਾਂ ਨੇ ਐਫ.ਬੀ.ਆਈ. ਏਜੰਟਾਂ ਦੇ ਨਾਲ 3 ਭਾਰਤ-ਅਧਾਰਿਤ ਸਿੰਡੀਕੇਟਾਂ ਨਾਲ ਜੁੜੇ ਦਰਜਨਾਂ ਮੁਲਜ਼ਮਾਂ ਖ਼ਿਲਾਫ਼ ਦੋਸ਼ਾਂ ਦਾ ਖੁਲਾਸਾ ਵੀ ਕੀਤਾ ਹੈ। ਇਨ੍ਹਾਂ 'ਚੋਂ ਇਕ ਲਾਰੈਂਸ ਬਿਸ਼ਨੋਈ ਭਾਰਤੀ ਜੇਲ੍ਹ 'ਚ ਬੰਦ ਨਾਮਵਰ ਗੈਂਗਸਟਰ ਹੈ, ਜਿਸ ਦੇ ਨੈੱਟਵਰਕ ਦਾ ਸੰਬੰਧ ਅਮਰੀਕੀ ਅਧਿਕਾਰੀਆਂ ਨੇ ਹੁਣ 2023 'ਚ ਕੈਨੇਡਾ 'ਚ ਹੋਏ ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਵੀ ਜੋੜਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਵਕੀਲਾਂ ਨੇ ਬਿਸ਼ਨੋਈ 'ਤੇ ਇਸ ਕਤਲ ਬਾਰੇ ਦੋਸ਼ ਲਗਾਇਆ ਗਿਆ ਹੈ। ਦਰਅਸਲ ਇਹ ਗ੍ਰਿਫ਼ਤਾਰੀਆਂ ਸਮੁੱਚੇ ਮਹਾਂਦੀਪ ਤੱਕ ਫੈਲੀਆਂ ਹੋਈਆਂ ਹਨ। ਸੰਘੀ ਅਧਿਕਾਰੀਆਂ ਨੇ 37 ਮੁਲਜ਼ਮਾਂ 'ਤੇ ਦੋਸ਼ ਲਗਾਏ ਸਨ, ਕੁੱਲ 24 ਗ੍ਰਿਫ਼ਤਾਰੀਆਂ 'ਚੋਂ 11 ਲੋਕ ਕੈਲੀਫੋਰਨੀਆ ਦੇ ਨਾਲ ਹੀ ਕੈਨੇਡਾ ਤੇ ਸਪੇਨ ਵਿਚ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਅਮਰੀਕੀ ਅਟਾਰਨੀ ਦਫ਼ਤਰ ਅਨੁਸਾਰ ਐਫ.ਬੀ.ਆਈ. ਏਜੰਟਾਂ ਨੇ ਲਗਭਗ 1,000 ਕਿਲੋਗ੍ਰਾਮ ਕੋਕੀਨ, ਇਕ ਦਰਜਨ ਹਥਿਆਰ ਤੇ 40,000 ਡਾਲਰ ਜ਼ਬਤ ਕਰਨ ਲਈ 50 ਤੋਂ ਵੱਧ 'ਸਰਚ ਵਾਰੰਟ' ਲਾਗੂ ਕੀਤੇ ਹਨ। ਸਰਕਾਰੀ ਵਕੀਲਾਂ ਵਲੋਂ ਲਗਾਏ ਗਏ ਦੋਸ਼ਾਂ 'ਚ ਕਾਰਟੇਲ-ਸ਼ੈਲੀ ਦੇ ਸਰਗਣਿਆਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ 'ਚ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਸ਼ਾਮਿਲ ਹਨ। ਬਿਸ਼ਨੋਈ ਦਾ ਸਾਬਕਾ ਸਹਿਯੋਗੀ ਜੱਗੂ ਹੁਣ ਇਕ-ਦੂਜੇ ਦੇ ਵਿਰੋਧੀ ਹਨ। ਭਾਰਤ ਦੀਆਂ ਜੇਲ੍ਹ ਕੋਠੜੀਆਂ ਵਿਚ ਬੰਦ ਹੋਣ ਦੇ ਬਾਵਜੂਦ ਇਨ੍ਹਾਂ ਅਪਰਾਧ ਦੇ ਸੰਚਾਲਕਾਂ ਨੇ ਕਤਲ, ਜਬਰੀ ਵਸੂਲੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਆਪਣੀ ਕਮਾਂਡ ਹੇਠ ਦੁਕਾਨਦਾਰੀ ਵਾਂਗ ਚਲਾਇਆ ਹੈ।
ਏਜੰਸੀਆਂ ਵਲੋਂ ਬਹੁਤ ਗੁਪਤ ਢੰਗ ਨਾਲ ਤਾਲਮੇਲ ਕਰਕੇ ਅੰਜਾਮ ਦਿੱਤੇ ਗਏ ਇਸ ਆਪ੍ਰੇਸ਼ਨ ਨੇ 3 ਬੇਰਹਿਮ ਅੰਤਰਰਾਸ਼ਟਰੀ ਸੰਗਠਨਾਂ ਦੇ ਨੈੱਟਵਰਕ ਨੂੰ ਝੰਜੋੜਿਆ ਹੈ, ਜਿਨ੍ਹਾਂ ਨੇ ਅਮਰੀਕਾ ਤੇ ਵਿਦੇਸ਼ਾਂ ਵਿਚ ਹਿੰਸਾ ਦੇ ਬੇਰਹਿਮ ਧੰਦੇ ਰਾਹੀਂ ਅਨੇਕਾਂ ਪਰਿਵਾਰਾਂ ਨੂੰ ਡਰਾਇਆ, ਭਾਈਚਾਰਿਆਂ ਦਾ ਸ਼ੋਸ਼ਣ ਕਰਦਿਆਂ ਨਿਰਦੋਸ਼ਾਂ ਦੀਆਂ ਜਾਨਾਂ ਨਾਲ ਖੇਡਣ ਦਾ ਕੰਮ ਵੀ ਕੀਤਾ ਹੈ। ਐਫ.ਬੀ.ਆਈ. ਦੇ ਲਾਸ ਏਂਜਲਸ ਫੀਲਡ ਦਫ਼ਤਰ ਦੇ ਸਹਾਇਕ ਨਿਰਦੇਸ਼ਕ ਪੈਟ੍ਰਿਕ ਗ੍ਰਾਂਡੀ ਤੇ ਅਮਰੀਕੀ ਸਹਾਇਕ ਅਟਾਰਨੀ ਬਿੱਲ ਐਸੇਲੀ ਨੇ ਦੱਸਿਆ ਕਿ ਕਿਵੇਂ ਪੰਜਾਬ ਦੇ ਇਕ ਪੁਲਿਸ ਅਫਸਰ ਨੇ ਲਾਸ ਏਂਜਲਸ ਦੇ ਹੀ ਇਕ ਪਰਿਵਾਰ ਦੇ ਦੋ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ 'ਕੰਟਰੈਕਟ ਕਿਲਿੰਗ' ਕਰਾਉਣ ਦੇ ਦੋਸ਼ ਲਗਾਏ। ਉਕਤ ਪੁਲਿਸ ਅਫਸਰ ਨੇ ਝੂਠੇ ਦੋਸ਼ਾਂ ਦਾ ਪ੍ਰਚਾਰ ਕਰਨ ਲਈ ਭਾਰਤ 'ਚ ਇਕ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਉਸ ਨੇ ਲਾਸ ਏਂਜਲਸ ਵਿਚ ਦੋਸ਼ੀ ਠਹਿਰਾਏ ਗਏ ਇਕ ਵਿਅਕਤੀ ਰਾਹੀਂ ਸੰਪਰਕ ਕਰਕੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ 4 ਲੱਖ ਡਾਲਰ ਦਾ ਭੁਗਤਾਨ ਕਰਦੇ ਹਨ ਤਾਂ ਦੋਸ਼ ਹਟਾ ਦਿੱਤੇ ਜਾਣਗੇ। ਅਮਰੀਕਾ ਵਲੋਂ ਗੈਂਗਸਟਾਰਵਾਦ ਵਿਰੁੱਧ ਅਪਣਾਏ ਗਏ ਇਸ ਸਖਤ ਕਦਮ ਨੇ ਅਪਰਾਧਿਕ ਸੰਗਠਨਾਂ 'ਚ ਡਰ ਤੇ ਸਹਿਮ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਸੰਦਰਭ ਵਿਚ ਵੇਖਿਆ ਜਾਵੇ ਤਾਂ ਅਮਰੀਕਾ ਅਪਰਾਧਿਕ ਸੰਗਠਨਾਂ ਨੂੰ ਖਤਮ ਕਰਨ ਲਈ ਦ੍ਰਿੜ੍ਹ ਨਜ਼ਰ ਆ ਰਿਹਾ ਹੈ। ਸਹਾਇਕ ਅਮਰੀਕੀ ਅਟਾਰਨੀ ਬਿੱਲ ਐਸੇਲੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਅਸੀਂ ਅਪਰਾਧਿਕ ਸੰਗਠਨਾਂ ਨੂੰ ਖ਼ਤਮ ਕਰਨ ਲਈ ਪੂਰੀ ਤਰਾਂ ਚੌਕਸ ਤੇ ਗੰਭੀਰ ਹਾਂ ਤੇ ਕਿਤੇ ਵੀ ਢਿੱਲ-ਮੱਠ ਦੀ ਕੋਈ ਗੁੰਜਾਇਸ਼ ਨਹੀਂ ਹੈ।
ਅਮਰੀਕਾ, ਕੈਨੇਡਾ ਤੇ ਯੂਰਪ 'ਚ ਤਿੰਨ ਭਾਰਤ-ਅਧਾਰਿਤ ਸੰਗਠਿਤ ਅਪਰਾਧ ਸਮੂਹਾਂ ਨਾਲ ਕਥਿਤ ਸਬੰਧ ਰੱਖਣ ਵਾਲੇ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਜਾਂਚ ਏਜੰਸੀਆਂ ਦੀ ਲੰਬੇ ਸਮੇਂ ਤੋਂ ਸਖਤ ਨਿਗਰਾਨੀ ਦੇ ਹਿੱਸੇ ਵਜੋਂ ਅਮਲ ਵਿਚ ਆਈਆਂ ਹਨ। ਐਫ.ਬੀ.ਆਈ., ਲਾਸ ਏਂਜਲਸ ਪੁਲਿਸ, ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ, ਯੂ.ਐਸ. ਕਸਟਮ ਤੇ ਬਾਰਡਰ ਅਧਿਕਾਰੀਆਂ ਨੇ ਇਸ ਜਾਂਚ ਦੀ ਅਗਵਾਈ ਕੀਤੀ ਹੈ। ਦੂਜੇ ਪਾਸੇ ਲਾਸ ਏਂਜਲਸ 'ਚ ਸੰਘੀ ਵਕੀਲਾਂ ਨੇ ਵੀ ਕਿਹਾ ਹੈ ਕਿ ਇਹ ਗ੍ਰਿਫ਼ਤਾਰੀਆਂ ਭਾਰਤੀ ਅਪਰਾਧ ਸਿੰਡੀਕੇਟਾਂ ਖ਼ਿਲਾਫ਼ ਸਾਲਾਂ ਤੋਂ ਚਲੀ ਆ ਰਹੀ ਜਾਂਚ ਦਾ ਨਤੀਜਾ ਹਨ, ਜੋ ਦੁਨੀਆ ਭਰ ਵਿਚ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ, ਜਬਰੀ ਵਸੂਲੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਲੱਗੇ ਹੋਏ ਸਨ। ਹੁਣ ਡਰ, ਨਸ਼ੇ ਤੇ ਹਿੰਸਾ ਫੈਲਾਉਣ ਵਾਲੇ ਅੰਤਰ-ਰਾਸ਼ਟਰੀ ਅਪਰਾਧੀ ਗਿਰੋਹ ਨਿਆਂ ਦੀ ਸ਼ਕਤੀ ਤੇ ਸੰਘੀ ਸਰਕਾਰ ਦੀ ਸਖਤੀ ਦਾ ਸਾਹਮਣਾ ਕਰਨਗੇ। ਬਿੱਲ ਐਸੇਲੀ ਨੇ ਸਪੱਸ਼ਟ ਕੀਤਾ ਕਿ ਅਜਿਹੇ ਠੱਗਾਂ ਲਈ ਅਮਰੀਕਾ 'ਚ ਕੋਈ ਥਾਂ ਨਹੀਂ ਹੈ। ਇਸ ਦੇ ਨਾਲ-ਨਾਲ ਅਮਰੀਕਾ ਦੇ ਨਿਆਂ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੈਨੇਡਾ 'ਚ 2023 ਦੌਰਾਨ ਖ਼ਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਭਾਰਤ ਤੋਂ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰਨ ਦਾ ਇਰਾਦਾ ਰੱਖਦਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਹਵਾਲਗੀ ਪ੍ਰਕਿਰਿਆ ਅੱਗੇ ਵਧਣ ਦੀ ਉਮੀਦ ਹੈ, ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਅਜਿਹੀਆਂ ਕਾਨੂੰਨੀ ਕਾਰਵਾਈਆਂ ਅਕਸਰ ਲੰਬੀਆਂ ਹੋਣ ਕਰਕੇ ਇਨ੍ਹਾਂ ਨੂੰ ਪੂਰਾ ਹੋਣ ਵਿਚ ਕਈ ਸਾਲ ਲੱਗ ਸਕਦੇ ਹਨ। ਬਿਸ਼ਨੋਈ ਦਾ ਨਾਂ ਉਸ ਦੇ ਕਥਿਤ ਸਾਥੀ ਗੋਲਡੀ ਬਰਾੜ ਤੇ ਸੰਗਠਿਤ ਅਪਰਾਧਿਕ ਕਾਰਵਾਈਆਂ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਹੋਰ ਵਿਅਕਤੀਆਂ ਦੇ ਨਾਲ ਇਕ ਅਮਰੀਕੀ ਸੰਘੀ ਦੋਸ਼ ਪੱਤਰ 'ਚ ਸ਼ਾਮਿਲ ਕੀਤਾ ਗਿਆ ਹੈ, ਦੋਸ਼ ਪੱਤਰ 'ਚ ਦੋਸ਼ ਲਗਾਇਆ ਗਿਆ ਹੈ ਕਿ ਬਿਸ਼ਨੋਈ ਨੇ ਜੇਲ੍ਹ ਤੋਂ ਕਾਰਵਾਈਆਂ ਦਾ ਨਿਰਦੇਸ਼ਨ ਕੀਤਾ ਸੀ। ਕਿਸੇ ਵੀ ਹਵਾਲਗੀ ਦੀ ਬੇਨਤੀ ਭਾਰਤ-ਅਮਰੀਕਾ ਹਵਾਲਗੀ ਸੰਧੀ ਤੇ ਭਾਰਤ ਦੀ ਕਾਨੂੰਨੀ ਪ੍ਰਕਿਰਿਆ ਦੁਆਰਾ ਨਿਯੰਤਰਿਤ ਹੋਵੇਗੀ। ਜੇਕਰ ਅਮਰੀਕਾ ਰਸਮੀ ਤੌਰ 'ਤੇ ਬੇਨਤੀ ਕਰਦਾ ਹੈ ਤਾਂ ਭਾਰਤੀ ਅਧਿਕਾਰੀ ਤੇ ਅਦਾਲਤਾਂ ਕੇਂਦਰ ਸਰਕਾਰ ਦੁਆਰਾ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਇਸ ਦੀ ਸਮੀਖਿਆ ਕਰਨਗੀਆਂ। ਇਹ ਪਹਿਲ ਦੋਹਾਂ ਦੇਸ਼ਾਂ ਵਿਚਕਾਰ ਕਾਨੂੰਨੀ ਸਹਿਯੋਗ ਰਾਹੀਂ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਨੂੰ ਹੱਲ ਕਰਨ ਦੇ ਯਤਨਾਂ 'ਚ ਇਕ ਹੋਰ ਅਹਿਮ ਕਦਮ ਹੋਵੇਗੀ।
ਅਮਰੀਕਾ ਨੂੰ ਚੜ੍ਹਿਆ ਤੀਆਂ ਦਾ ਰੰਗ
ਅਮਰੀਕਾ ਵਿਚ ਇਨੀਂ ਦਿਨੀਂ ਇਕ ਵੱਖਰਾ ਪੰਜਾਬ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ 50 'ਚੋਂ ਅੱਧੇ ਰਾਜਾਂ 'ਚ ਪੰਜਾਬਣਾਂ ਦੇ ਰਵਾਇਤੀ ਤਿਉਹਾਰ 'ਤੀਆਂ' ਦੀ ਧਮਕ ਪੈ ਰਹੀ ਹੈ ਜਾਂ ਪੈਣ ਵਾਲੀ ਹੈ। ਸ਼ਾਇਦ ਪੰਜਾਬ ਅੰਦਰ ਵੀ ਹੁਣ ਏਦਾਂ ਤੀਆਂ ਦੇ ਜਸ਼ਨ ਨਾ ਮਨਾਏ ਜਾਂਦੇ ਹੋਣ, ਵੱਡੇ-ਵੱਡੇ ਗਾਇਕ ਇਨ੍ਹਾਂ ਤੀਆਂ ਦੇ ਮੇਲਿਆਂ ਦਾ ਸ਼ਿੰਗਾਰ ਬਣ ਰਹੇ ਹਨ। ਅੱਜਕਲ੍ਹ ਇੱਥੇ ਪੰਜਾਬ ਦੇ ਖਮਾਣੋਂ ਸ਼ਹਿਰ ਨਾਲ ਸੰਬੰਧਿਤ ਨੂਰ ਆਰਟਸ ਦੇ ਇਕ ਮਰਦਾਂ ਦੇ ਗਰੁੱਪ ਵਲੋਂ ਪੇਸ਼ ਕੀਤਾ ਜਾਂਦਾ ਗਿੱਧਾ, ਖਾਸਕਰ 'ਜਾਗੋ' ਸਮੁੱਚੇ ਪੰਜਾਬ 'ਚ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਮਨਾਂ 'ਚ ਵੀ ਖਾਸ ਥਾਂ ਬਣਾ ਚੁੱਕਾ ਹੈ। ਇਸ ਵੇਲੇ ਨੂਰ ਜੋਰਾ ਆਪਣੀ ਟੀਮ ਨਾਲ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸ ਲੋਕ ਨਾਚ ਦਾ ਖੂਬਸੂਰਤ ਪ੍ਰਦਰਸ਼ਨ ਕਰ ਰਿਹਾ ਹੈ। ਹਾਲ ਹੀ ਵਿਚ ਲੈਥਰਬ ਸ਼ਹਿਰ 'ਚ ਮਨਾਏ ਮੇਲੇ ਵਰਗੇ ਤੀਆਂ ਦੇ ਤਿਉਹਾਰ ਮੌਕੇ ਨੂਰ ਆਰਟਸ ਗਰੁੱਪ ਨੇ ਆਪਣੀ ਵੱਖਰੀ ਕਲਾਤਮਿਕ ਛਾਪ ਛੱਡੀ ਹੈ। ਪਹਿਲੀ ਵਾਰ ਹੈ ਕਿ ਅਮਰੀਕਾ 'ਚ ਕੋਈ ਮਰਦਾਂ ਦਾ ਗਰੁੱਪ ਔਰਤਾਂ ਦੇ ਪਹਿਰਾਵੇ 'ਚ ਗਿੱਧਾ ਪੇਸ਼ ਕਰ ਰਿਹਾ ਹੈ। ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਵੀ ਤੀਆਂ ਦੇ ਕਈ ਮੇਲਿਆਂ 'ਚ ਆਪਣੀ ਗਾਇਕੀ ਦਾ ਰੰਗ ਵਿਖਾ ਰਹੇ ਹਨ। ਕੀ ਮਿਲਵਾਕੀ, ਕੀ ਸ਼ਿਕਾਗੋ ਜਾਂ ਫਿਰ ਡੈਲਸ, ਨਿਊਯਾਰਕ ਤੇ ਵਾਸ਼ਿੰਗਟਨ ਸਭ ਪਾਸੇ ਤੀਆਂ ਦੀ ਗੂੰਜ ਤੇ ਰਵਾਇਤੀ ਪਹਿਰਾਵੇ ਵਿਚ ਪੰਜਾਬਣਾਂ ਵਿਰਾਸਤੀ ਸਭਿਆਚਾਰ ਨਾਲ ਇਕ-ਮਿੱਕ ਹੋਈਆਂ ਪਈਆਂ ਹਨ।

ਈ-ਮੇਲ : ashokbhaura@gmail.com

Ad Position 22
No active advertisement
ਪਿਛਲੀ ਖ਼ਬਰ 22-07-26 ਅਗਲੀ ਖ਼ਬਰ ਇਮਤਿਹਾਨਾਂ ਦੀਆਂ ਗੱਲਾਂ
Ad Position 24
No active advertisement