ਬਰਸੀ 'ਤੇ ਵਿਸ਼ੇਸ਼
ਗੁਰੂ ਸਾਹਿਬਾਨ ਦੇ ਫ਼ਲਸਫ਼ੇ ਤੇ ਗੁਰਦੁਆਰਾ ਸੁਧਾਰ ਲਹਿਰ ਨਾਲ ਧੁਰ ਰੂਹ ਤੱਕ ਜੁੜੇ ਹੋਏ ਸਰਦਾਰ ਜਸਜੀਤ ਸਿੰਘ ਸਮੁੰਦਰੀ (ਇੰਡੀਅਨ ਫੋਰੈਸਟ ਸਰਵਿਸਜ਼) ਬਹੁਤ ਹੀ ਨੇਕ ਤੇ ਖੁਸ਼ ਤਬੀਅਤ ਇਨਸਾਨ ਸਨ। ਨੌਕਰੀ ਦੌਰਾਨ ਤੇ ਸੇਵਾਮੁਕਤੀ ਉਪਰੰਤ ਉਹ ਗੁਰੂਘਰਾਂ ਦੀ ਸੇਵਾ 'ਚ ਪੂਰੀ ਤਨਦੇਹੀ ਨਾਲ ਜੁੜੇ ਰਹੇ। ਇਹ ਸੇਵਾ ਉਨ੍ਹਾਂ ਨੂੰ ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ ਤੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਦੀ ਸ਼ਾਨਾਮੱਤੀ ਵਿਰਾਸਤ 'ਚੋਂ ਮਿਲੀ ਸੀ। ਸਰਦਾਰ ਜਸਜੀਤ ਸਿੰਘ 29 ਸਤੰਬਰ, 2025 ਨੂੰ ਇਹ ਫਾਨੀ ਸੰਸਾਰ ਛੱਡ ਗਏ ਸਨ। ਉਨ੍ਹਾਂ ਦਾ ਪਰਿਵਾਰ, ਉਨ੍ਹਾਂ ਦੇ ਦੋਸਤ-ਮਿੱਤਰ ਤੇ ਸਨੇਹੀ ਉਨ੍ਹਾਂ ਨੂੰ ਪਹਿਲੀ ਬਰਸੀ ਸਮੇਂ ਯਾਦ ਕਰਨ ਲਈ ਗੁਰਦੁਆਰਾ ਛੇਵੀਂ ਪਾਤਸ਼ਾਹੀ, ਰਣਜੀਤ ਐਵੇਨਿਊ, ਅੰਮ੍ਰਿਤਸਰ ਵਿਖੇ ਅੱਜ 8 ਅਗਸਤ ਨੂੰ ਬਰਸੀ ਸਮਾਗਮ ਵਿਚ ਸ਼ਾਮਿਲ ਹੋਣਗੇ।
ਉਹ ਬਹੁਤ ਹੀ ਸੇਵਾ ਭਾਵ ਵਾਲੇ ਹਿੰਮਤੀ ਇਨਸਾਨ ਸਨ। ਉਨ੍ਹਾਂ ਅੰਦਰ ਪੰਥਕ ਕੰਮਾਂ ਲਈ ਲਗਨ ਸ਼ੁਰੂ ਤੋਂ ਹੀ ਸੀ ਤੇ ਉਹ ਪੰਥ ਵਿਚ ਪਏ ਖਿਲਾਰੇ ਤੋਂ ਚਿੰਤਤ ਵੀ ਬਹੁਤ ਸਨ। ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਈ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੁਆਰਾ ਚਲਾਈ ਅਕਾਲੀ ਲਹਿਰ ਨਾਲ ਜੁੜੇ ਹੋਏ ਸਨ। ਭਾਵੇਂ ਉਨ੍ਹਾਂ ਦਾ ਪਰਿਵਾਰ ਕੈਨੇਡਾ 'ਚ ਰਹਿ ਰਿਹਾ ਸੀ ਪਰ ਉਹ ਆਪਣਾ ਸਮਾਂ ਇੱਥੇ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਲਈ ਬਤੀਤ ਕਰਦੇ ਰਹੇ। ਸਮੁੰਦਰੀ ਪਰਿਵਾਰ ਦਾ ਗੁਰੂਘਰਾਂ ਨਾਲ ਕਈ ਪੀੜ੍ਹੀਆਂ ਤੋਂ ਬਹੁਤ ਗੂੜਾ ਪਿਆਰ ਬਣਿਆ ਹੋਇਆ ਹੈ।
ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪਿਤਾ ਸਰਦਾਰ ਦੇਵਾ ਸਿੰਘ ਪੂਰੇ ਸਿਦਕੀ ਤੇ ਗੁਰਮੁਖ ਸਿੱਖ ਸਨ। ਦਾਦੇ ਤੇ ਪੜਦਾਦੇ ਦੀ ਨਿਮਰ ਸ਼ਖ਼ਸੀਅਤ ਦਾ ਪੂਰਾ ਪ੍ਰਭਾਵ ਜਸਜੀਤ ਸਿੰਘ ਸਮੁੰਦਰੀ 'ਤੇ ਵੀ ਸੀ। ਜਸਜੀਤ ਸਿੰਘ ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹੇ। ਉਨ੍ਹਾਂ ਨੇ ਬੀ.ਐਸ.ਸੀ. ਕੀਤੀ ਤੇ ਐਮ.ਐਸ.ਸੀ. ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਦਾਖ਼ਲਾ ਲਿਆ, ਨਾਲ ਹੀ ਆਈ.ਐਫ.ਐਸ. (ਇੰਡੀਅਨ ਫੋਰੈਸਟ ਸਰਵਿਸ) ਦੀ ਤਿਆਰੀ ਸ਼ੁਰੂ ਕੀਤੀ। ਆਈ.ਐਫ.ਐਸ. ਟੈਸਟ ਪਾਸ ਕਰਨ 'ਤੇ ਉਨ੍ਹਾਂ ਨੂੰ ਪੰਜਾਬ ਕਾਡਰ ਮਿਲ ਗਿਆ। ਜੰਗਲਾਤ ਮਹਿਕਮੇ 'ਚ ਸੇਵਾ ਨਿਭਾਉਂਦਿਆਂ ਉਨ੍ਹਾਂ ਨੇ ਰੋਪੜ ਤੇ ਪਟਿਆਲਾ ਵਿਖੇ ਤੇ ਫਿਰ ਹੈੱਡਕੁਆਰਟਰ 'ਤੇ ਸੀਨੀਅਰ ਪੱਧਰ 'ਤੇ ਕੰਮ ਕੀਤਾ। ਨੌਕਰੀ ਪਿੱਛੋਂ ਉਹ ਭਾਈ ਰਣਜੀਤ ਸਿੰਘ ਵਲੋਂ ਚਲਾਈ ਅਕਾਲੀ ਲਹਿਰ ਨਾਲ ਜੁੜ ਗਏ। ਇਸ ਪਰਿਵਾਰ ਦਾ ਸੰਬੰਧ ਸਰਹਾਲੀ ਨੇੜੇ ਰਾਏ ਕੇ ਬੁਰਜ ਨਾਲ ਹੈ ਪਰ ਇਸ ਪਰਿਵਾਰ ਨਾਲ ਸਮੁੰਦਰੀ ਸ਼ਬਦ ਇਸ ਕਰਕੇ ਜੁੜਿਆ, ਕਿਉਂਕਿ ਪਰਿਵਾਰ ਕੋਲ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ 'ਚ) ਦੀ ਸਮੁੰਦਰੀ ਤਹਿਸੀਲ 'ਚ ਚੱਕ ਨੰਬਰ 140 ਵਿਚ ਪੰਜ ਮੁਰੱਬੇ ਜ਼ਮੀਨ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਪਰਿਵਾਰ ਉੱਥੇ ਹੀ ਰਹਿੰਦਾ ਸੀ ਪਰ ਇਸ ਪਰਿਵਾਰ ਨੇ ਆਪਣੇ ਜੱਦੀ ਪਿੰਡ ਰਾਏ ਕੇ ਬੁਰਜ ਨਾਲ ਵੀ ਰਿਸ਼ਤਾ ਨਹੀਂ ਸੀ ਤੋੜਿਆ।
ਇਸ ਪਰਿਵਾਰ ਦਾ ਵਿੱਦਿਅਕ ਲਹਿਰ ਨਾਲ ਵੀ ਡੂੰਘਾ ਸੰਬੰਧ ਰਿਹਾ ਹੈ। ਜਸਜੀਤ ਸਿੰਘ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਲੰਬਾ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਇਸ ਚਾਂਸਲਰ ਰਹੇ। ਉਸ ਸਮੇਂ ਯੂਨੀਵਰਸਿਟੀ ਖੇਡਾਂ 'ਚ ਦੇਸ਼ ਦੀ ਨੰਬਰ ਇਕ ਯੂਨੀਵਰਸਿਟੀ ਬਣੀ ਰਹੀ। ਸਰਦਾਰ ਤੇਜਾ ਸਿੰਘ ਸਮੁੰਦਰੀ ਖ਼ਾਲਸਾ ਹਾਈ ਸਕੂਲ ਲਾਇਲਪੁਰ, ਬਾਰ ਖ਼ਾਲਸਾ ਹਾਈ ਸਕੂਲ ਚੱਕ 41, ਖ਼ਾਲਸਾ ਮਿਡਲ ਸਕੂਲ ਚੱਕ 140 ਤੇ ਖ਼ਾਲਸਾ ਹਾਈ ਸਕੂਲ ਸਰਹਾਲੀ ਦੀ ਸਥਾਪਤੀ ਵਿਚ ਉਨ੍ਹਾਂ ਮੁੱਖ ਭੂਮਿਕਾ ਨਿਭਾਈ ਸੀ।
ਜਸਜੀਤ ਸਿੰਘ ਸਮੁੰਦਰੀ ਸਰਹਾਲੀ ਵਾਲੇ ਸਕੂਲ ਨਾਲ ਜੁੜੇ ਹੋਏ ਸਨ। ਜਸਜੀਤ ਸਿੰਘ ਦੇ ਭਰਾ ਤਰਨਜੀਤ ਸਿੰਘ ਸੰਧੂ (ਆਈ.ਐਫ.ਐਸ.) ਇਸ ਸਮੇਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਹਨ।