08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕਿਫ਼ਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਯਤਨਸ਼ੀਲ ਹੈ ਭਾਰਤ ਸਰਕਾਰ

ਕਿਫ਼ਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਯਤਨਸ਼ੀਲ ਹੈ ਭਾਰਤ ਸਰਕਾਰ

Ad Position 21
No active advertisement
ਅਜੀਤ ਡੈਸਕ 09-08-2026

ਭਾਰਤ ਨੇ ਪਿਛਲੇ ਇਕ ਦਹਾਕੇ ਵਿਚ ਸਿਹਤ ਸਹੂਲਤਾਂ ਦੇ ਖੇਤਰ ਵਿਚ ਬੇਮਿਸਾਲ ਵਿਸਥਾਰ ਕੀਤਾ ਹੈ। ਸਰਕਾਰੀ ਤੇ ਨਿੱਜੀ ਖੇਤਰ ਵਿਚ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਜਾਂਚ ਕੇਂਦਰਾਂ ਤੇ ਮੈਡੀਕਲ ਕਾਲਜਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿਚ ਵੀ ਸਿਹਤ ਸਹੂਲਤਾਂ ਦਾ ਵਿਸਥਾਰ ਹੋਇਆ ਹੈ। ਇਹ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੇ ਕੇਂਦਰ ਵਿਚ ਆਮ ਨਾਗਰਿਕ ਦੀ ਸਿਹਤ ਸੁਰੱਖਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਕੰਮ ਕੀਤਾ ਹੈ। ਇਨ੍ਹਾਂ ਲਗਾਤਾਰ ਕੀਤੇ ਯਤਨਾਂ ਦਾ ਨਤੀਜਾ ਹੈ ਕਿ ਦੇਸ਼ ਵਿਚ ਲੋਕਾਂ ਦੁਆਰਾ ਆਪਣੀ ਜੇਬ 'ਚੋਂ ਸਿਹਤ ਸੇਵਾਵਾਂ 'ਤੇ ਕੀਤੇ ਜਾਣ ਵਾਲੇ ਖਰਚੇ ਵਿਚ ਪਿਛਲੇ ਕੁਝ ਵਰ੍ਹਿਆਂ ਵਿਚ ਵੱਡੀ ਕਮੀ ਆਈ ਹੈ, ਜੋ ਪਹਿਲਾਂ 65 ਫ਼ੀਸਦੀ ਤੱਕ ਸੀ ਤੇ ਹੁਣ ਘਟ ਕੇ 43 ਫ਼ੀਸਦੀ ਰਹਿ ਗਿਆ ਹੈ।

ਜ਼ਿਲ੍ਹਾ ਹਸਪਤਾਲ ਵਿਚ ਜਨਮ ਲੈਣ ਵਾਲੇ ਨਵਜਨਮੇ ਬੱਚੇ ਤੋਂ ਲੈ ਕੇ ਵੱਡੇ ਹਸਪਤਾਲ 'ਚ ਇਲਾਜ ਕਰਾ ਰਹੇ ਕੈਂਸਰ ਦੇ ਮਰੀਜ਼ ਤੱਕ ਆਧੁਨਿਕ ਸਿਹਤ ਪ੍ਰਣਾਲੀ ਵਿਚ ਭਰੋਸੇਯੋਗ, ਚੰਗੀ ਗੁਣਵੱਤਾ ਵਾਲੇ ਅਤੇ ਕਿਫ਼ਾਇਤੀ ਮੈਡੀਕਲ ਉਪਕਰਨ ਅਤਿ-ਜ਼ਰੂਰੀ ਹੋ ਗਏ ਹਨ। 'ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ' ਤਹਿਤ ਸਰਕਾਰ ਗ੍ਰਾਮੀਣ ਤੇ ਸ਼ਹਿਰੀ ਦੋਵਾਂ ਖੇਤਰਾਂ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੀ ਹੈ। ਜਿਵੇਂ-ਜਿਵੇਂ ਭਾਰਤ 2047 ਤੱਕ 'ਵਿਕਸਿਤ ਭਾਰਤ' ਬਣਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ, ਹੁਣ ਇਸ ਦੇ ਨਾਲ-ਨਾਲ ਧਿਆਨ ਇਕ 'ਆਤਮਨਿਰਭਰ ਮੈਡੀਕਲ ਤਕਨਾਲੋਜੀ ਖੇਤਰ' ਤਿਆਰ ਕਰਨ 'ਤੇ ਵੀ ਹੈ। ਇਸ ਦਾ ਉਦੇਸ਼ ਸਿਹਤ ਸੇਵਾਵਾਂ ਨੂੰ ਹੋਰ ਸਸਤਾ, ਆਸਾਨੀ ਨਾਲ ਉਪਲਬਧ ਅਤੇ ਕਿਸੇ ਵੀ ਸੰਕਟ ਦੇ ਸਮੇਂ ਲਈ ਮਜ਼ਬੂਤ ਬਣਾਉਣਾ ਹੈ।
ਸਰਕਾਰ ਨੇ ਮੈਡੀਕਲ ਉਪਕਰਨਾਂ ਦੇ ਪੂਰੇ ਖੇਤਰ ਨੂੰ ਮਜ਼ਬੂਤ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ 'ਚ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ.ਐਲ.ਆਈ. ਸਕੀਮ), ਮੈਡੀਕਲ ਉਪਕਰਨ ਪਾਰਕ ਅਤੇ ਦਵਾਈਆਂ ਤੇ ਮੈਡੀਕਲ ਤਕਨਾਲੋਜੀ ਦੇ ਖੇਤਰ ਵਿਚ ਖੋਜ ਤੇ ਨਵੀਨਤਾ ਨੂੰ ਹੁਲਾਰਾ ਦੇਣ ਵਾਲੀਆਂ ਯੋਜਨਾਵਾਂ ਸ਼ਾਮਿਲ ਹਨ। ਇਨ੍ਹਾਂ ਪਹਿਲਕਦਮੀਆਂ ਨਾਲ ਦੇਸ਼ ਵਿਚ ਮੈਡੀਕਲ ਉਪਕਰਨਾਂ ਦੇ ਨਿਰਮਾਣ, ਨਵੀਂ ਖੋਜ, ਨਿਵੇਸ਼ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ੀ ਲਈ ਇਕ ਬਿਹਤਰ ਮਾਹੌਲ ਤਿਆਰ ਹੋ ਰਿਹਾ ਹੈ ਅਤੇ ਨਤੀਜੇ ਉਤਸ਼ਾਹ ਵਧਾਉਣ ਵਾਲੇ ਹਨ। ਸਿਰਫ਼ ਮੈਡੀਕਲ ਉਪਕਰਨਾਂ ਦਾ ਮੈਨੂਫੈਕਚਰਿੰਗ ਹੱਬ ਬਣਨ ਤੋਂ ਇਲਾਵਾ ਭਾਰਤ ਤੇਜ਼ੀ ਨਾਲ ਆਧੁਨਿਕ ਮੈਡੀਕਲ ਤਕਨੀਕਾਂ ਨੂੰ ਵੀ ਅਪਣਾ ਰਿਹਾ ਹੈ, ਤਾਂ ਜੋ ਲੋਕਾਂ ਦਾ ਜੀਵਨ ਬਿਹਤਰ ਬਣਾਇਆ ਜਾ ਸਕੇ। ਆਧੁਨਿਕ ਜਾਂਚ ਸਹੂਲਤਾਂ, ਸਰੀਰ ਦੀ ਅੰਦਰੂਨੀ ਤਸਵੀਰ ਲੈਣ ਵਾਲੀਆਂ ਮਸ਼ੀਨਾਂ (ਇਮੇਜਿੰਗ ਸਿਸਟਮ), ਸਰੀਰ ਵਿਚ ਲਾਏ ਜਾਣ ਵਾਲੇ ਮੈਡੀਕਲ ਉਪਕਰਨਾਂ, ਗੰਭੀਰ ਦੇਖਭਾਲ (ਇੰਟੈਂਸਿਵ ਕੇਅਰ) ਦੀਆਂ ਮਸ਼ੀਨਾਂ ਅਤੇ ਡਿਜੀਟਲ ਸਿਹਤ ਸੇਵਾਵਾਂ ਨੂੰ ਕਿਫ਼ਾਇਤੀ ਦਰਾਂ 'ਤੇ ਉਪਲਬਧ ਕਰਵਾਉਣ ਨਾਲ ਮਰੀਜ਼ਾਂ 'ਤੇ ਇਲਾਜ ਦਾ ਆਰਥਿਕ  ਬੋਝ ਘਟਦਾ ਹੈ। ਦੇਸ਼ ਵਿਚ ਹੀ ਮੈਡੀਕਲ ਉਪਕਰਨ ਬਣਨ ਨਾਲ ਵਿਦੇਸ਼ਾਂ ਤੋਂ ਦਰਾਮਦਗੀ 'ਤੇ ਨਿਰਭਰਤਾ ਘਟਦੀ ਹੈ, ਸਪਲਾਈ ਵਿਵਸਥਾ ਮਜ਼ਬੂਤ ਹੁੰਦੀ ਹੈ ਤੇ ਲਾਗਤ ਘੱਟ ਕਰਨ ਦੇ ਮੌਕੇ ਵਧਦੇ ਹਨ। ਭਾਰਤ ਦਾ ਵਿਸ਼ਵ ਪੱਧਰ 'ਤੇ ਪਛਾਣ ਬਣਾ ਚੁੱਕਾ ਦਵਾਈ ਉਦਯੋਗ, ਮਜ਼ਬੂਤ ਇੰਜੀਨੀਅਰਿੰਗ ਸਮਰੱਥਾ, ਤੇਜ਼ੀ ਨਾਲ ਫੈਲ ਰਿਹਾ ਡਿਜੀਟਲ ਢਾਂਚਾ, ਤੇਜ਼ੀ ਨਾਲ ਵਧ ਰਿਹਾ ਨਵੇਂ ਉੱਦਮਾਂ ਦਾ ਖੇਤਰ ਅਤੇ ਕੁਸ਼ਲ ਮਨੁੱਖੀ ਸਰੋਤ ਅਗਲੀ ਪੀੜ੍ਹੀ ਦੀ ਮੈਡੀਕਲ ਤਕਨਾਲੋਜੀ ਵਿਕਸਿਤ ਕਰਨ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ, ਮੈਡੀਕਲ ਉਪਕਰਨ ਦੇ ਰੂਪ 'ਚ ਵਰਤੇ ਜਾਣ ਵਾਲੇ ਸਾਫਟਵੇਅਰ (ਐਸ.ਐਮ.ਡੀ.), ਇੰਟਰਨੈੱਟ ਨਾਲ ਜੁੜੇ ਮੈਡੀਕਲ ਉਪਕਰਨ, ਰੋਬੋਟਿਕ ਤਕਨਾਲੋਜੀ ਅਤੇ ਦੂਰ ਤੋਂ ਜਾਂਚ (ਰਿਮੋਟ ਡਾਇਗਨਾਸਟਿਕਸ) ਵਰਗੀਆਂ ਨਵੀਆਂ ਤਕਨਾਲੋਜੀਆਂ 'ਚ ਭਾਰਤ ਕੋਲ ਦੇਸ਼ ਤੇ ਦੁਨੀਆ ਦੀਆਂ ਸਿਹਤ ਜ਼ਰੂਰਤਾਂ ਲਈ ਨਵੇਂ ਹੱਲ ਵਿਕਸਿਤ ਕਰਨ ਦੇ ਵੱਡੇ ਮੌਕੇ ਹਨ। ਸਰਕਾਰ ਅਜਿਹੀਆਂ ਸਥਿਰ ਤੇ ਪਾਰਦਰਸ਼ੀ ਨੀਤੀਆਂ ਬਣਾਉਣ ਲਈ ਵਚਨਬੱਧ ਹੈ, ਜਿਨ੍ਹਾਂ ਨਾਲ ਖੋਜ, ਨਿਵੇਸ਼, ਤਕਨੀਕੀ ਭਾਈਵਾਲੀ ਤੇ ਈਜ਼ ਆਫ਼ ਡੂਇੰਗ ਬਿਜ਼ਨਸ ਹੋਵੇ।
ਭਾਰਤ ਜਿਵੇਂ-ਜਿਵੇਂ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ, ਸਿਹਤ ਤੇ ਆਰਥਿਕ ਵਿਕਾਸ ਇਕ-ਦੂਜੇ ਨੂੰ ਹੋਰ ਮਜ਼ਬੂਤ ਕਰਨਗੇ। ਭਾਰਤ ਦਾ ਮੈਡੀਕਲ ਤਕਨਾਲੋਜੀ ਖੇਤਰ ਏਸ਼ੀਆ ਦਾ ਚੌਥਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਦੁਨੀਆ ਦੇ ਚੋਟੀ ਦੇ 20 ਬਾਜ਼ਾਰਾਂ 'ਚ ਸ਼ਾਮਿਲ ਹੈ। ਫ਼ਿਲਹਾਲ ਇਸ ਦਾ ਆਕਾਰ 15 ਤੋਂ 16 ਅਰਬ ਡਾਲਰ ਹੈ ਤੇ ਇਹ ਲਗਭਗ 12 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ। ਇਸ ਕਰਕੇ ਇਹ ਦੇਸ਼ ਦੇ ਸਭ ਤੇਜ਼ੀ ਨਾਲ ਵਧ ਰਹੇ ਨਿਰਮਾਣ ਖੇਤਰਾਂ 'ਚੋਂ ਇਕ ਬਣ ਗਿਆ ਹੈ। 'ਵਿਕਸਿਤ ਭਾਰਤ' ਦਾ ਟੀਚਾ ਗੁਣਵੱਤਾ, ਨਵੀਆਂ ਖੋਜਾਂ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੇ ਆਧਾਰ 'ਤੇ ਦੁਨੀਆ ਵਿਚ ਅਗਵਾਈ ਕਰਨ 'ਤੇ ਜ਼ੋਰ ਦਿੰਦਾ ਹੈ। ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਨਵੀਆਂ ਮੈਡੀਕਲ ਤਕਨੀਕਾਂ ਭਾਰਤ ਦੀਆਂ ਮੁੱਖ ਸਿਹਤ ਲੋੜਾਂ ਨੂੰ ਪੂਰਾ ਕਰਨ। ਇਨ੍ਹਾਂ ਵਿਚ ਮਾਵਾਂ ਤੇ ਬੱਚਿਆਂ ਦੀ ਸਿਹਤ, ਗ਼ੈਰ-ਸੰਚਾਰੀ ਬਿਮਾਰੀਆਂ, ਐਮਰਜੈਂਸੀ ਦੇਖਭਾਲ, ਕੈਂਸਰ, ਦਿਲ ਦੇ ਰੋਗ ਅਤੇ ਗ੍ਰਾਮੀਣ ਖੇਤਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਸ਼ਾਮਿਲ ਹੈ। ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਭਾਰਤ ਲਗਾਤਾਰ ਇਕ 'ਆਤਮਨਿਰਭਰ ਮੈਡੀਕਲ ਤਕਨਾਲੋਜੀ ਵਿਵਸਥਾ' ਤਿਆਰ ਕਰ ਰਿਹਾ ਹੈ। ਇਸ ਦਾ ਉਦੇਸ਼ ਸਿਰਫ਼ ਭਾਰਤ ਵਿਚ ਮੈਡੀਕਲ ਉਪਕਰਨ ਬਣਾਉਣਾ ਨਹੀਂ, ਸਗੋਂ ਹਰ ਨਾਗਰਿਕ ਨੂੰ ਸਮੇਂ ਸਿਰ ਚੰਗੀਆਂ ਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ, ਦੇਸ਼ ਦੀ ਸਿਹਤ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਬਿਹਤਰ ਸਿਹਤ ਲਈ ਭਾਰਤ ਨੂੰ ਦੁਨੀਆ ਦੇ ਇਕ ਭਰੋਸੇਯੋਗ ਭਾਈਵਾਲ ਵਜੋਂ ਸਥਾਪਤ ਕਰਨਾ ਹੈ।
-(ਲੇਖਕ ਭਾਰਤ ਸਰਕਾਰ ਵਿਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਹਨ।)

Ad Position 22
No active advertisement
ਪਿਛਲੀ ਖ਼ਬਰ ਫ਼ੈਲਦੇ ਬਾਜ਼ਾਰ ਵਿਚ ਅਸੁਰੱਖਿਅਤ ਹੁੰਦਾ ਜਾ ਰਿਹਾ ਕਿਸਾਨ ਅਗਲੀ ਖ਼ਬਰ ਲੋਕਤੰਤਰ ਦੀ ਸ਼ਕਤੀਸ਼ਾਲੀ ਆਵਾਜ਼ ਹੈ ਵਿਦਿਆਰਥੀ ਅੰਦੋਲਨ
Ad Position 24