ਕਈ ਵਾਰ ਤੁਹਾਨੂੰ ਲੱਗ ਰਿਹਾ ਹੁੰਦਾ ਹੈ ਕਿ ਬੰਦਾ ਜ਼ਿੰਦਗੀ ਦੇ ਜਸ਼ਨ ਮਨਾ ਰਿਹਾ ਹੈ ਪਰ ਅਸਲ 'ਚ ਇਹ ਪਰਦਾ ਹੀ ਹੁੰਦਾ ਹੈ। ਜ਼ਿੰਦਗੀ 'ਚ ਹਰ ਕੋਈ ਸੰਘਰਸ਼ ਜਾਂ ਜੱਦੋ-ਜਹਿਦ ਹੀ ਕਰ ਰਿਹਾ ਹੁੰਦਾ ਹੈ, ਅਮੀਰ ਹੋਵੇ ਜਾਂ ਗ਼ਰੀਬ। ਕਲਾਕਾਰ ਲੋਕਾਂ ਲਈ ਤਾਂ ਆਦਰਸ਼ ਹੁੰਦੇ ਹਨ ਪਰ ਜ਼ਿੰਦਗੀ ਸੁਖਾਲੀ ਇਨ੍ਹਾਂ ਦੀ ਵੀ ਨਹੀਂ ਹੁੰਦੀ। ਇਕ ਵਕਤ ਸੀ ਤੇ ਵਕਤ ਵੀ ਤਿੰਨ-ਚਾਰ ਦਹਾਕਿਆਂ ਦਾ ਕਿ ਜੇ ਤੁਸੀਂ ਹਿਮਾਚਲ ਪ੍ਰਦੇਸ਼ ਵਿਚਲੇ ਅਤਿ ਸ਼ਰਧਾ ਵਾਲੇ ਧਾਰਮਿਕ ਅਸਥਾਨਾਂ 'ਤੇ ਜਾ ਰਹੇ ਹੋ, ਚਾਹੇ ਉਹ ਮਾਂ ਜਵਾਲਾ ਜੀ ਚਾਹੇ ਮਾਤਾ ਚਿੰਤਪੁਰਨੀ, ਚਾਹੇ ਨੈਣਾ ਦੇਵੀ ਤੇ ਜਾਂ ਫਿਰ ਬਾਬਾ ਬਾਲਕ ਨਾਥ, ਪੀਰ ਨਿਗਾਹੇ ਵਾਲਾ, ਇਨ੍ਹਾਂ ਧਾਰਮਿਕ ਸਥਾਨਾਂ ਨੂੰ ਜਾਂਦਿਆਂ ਰਾਹ 'ਚ ਜਾਂ ਧੁਰ ਮੰਦਰਾਂ, ਦਰਗਾਹਾਂ 'ਤੇ ਜਿਹੜੇ ਧਾਰਮਿਕ ਗੀਤ, ਭਜਨ ਆਮ ਸੁਣਨ ਨੂੰ ਮਿਲਦੇ ਸਨ ਉਹ ਦੋ ਨਾਵਾਂ ਵਾਲੀ ਜੋੜੀ ਨਾਲ ਜੁੜੇ ਰਹੇ ਨੇ ਘੁੱਲਾ ਸਰਹਾਲੇ ਵਾਲਾ ਤੇ ਗੁਰਦੇਵ ਦਿਲਗੀਰ। ਇਨ੍ਹਾਂ ਧਾਰਮਿਕ ਅਸਥਾਨਾਂ ਨਾਲ ਜੁੜੇ ਸ਼ਰਧਾਲੂਆਂ ਲਈ ਇਹ ਨਾਂਅ ਵੀ ਆਸਥਾ ਵਾਂਗ ਹੀ ਜੁੜੇ ਰਹੇ ਹਨ। ਇਸੇ ਕਰਕੇ ਸਾਰਾ ਸਾਲ ਇਹ ਜੋੜੀ ਜਗਰਾਤਿਆਂ 'ਚ ਰੁੱਝੀ ਰਹਿੰਦੀ ਸੀ। ਐਲ. ਪੀ. ਰਿਕਾਰਡ, ਦਰਜਨਾਂ ਕੈਸਿਟਾਂ, ਐਲਬਮਾਂ ਘੁੱਲੇ ਤੇ ਦਿਲਗੀਰ ਦੀ ਪਛਾਣ ਹਨ। ਗੁਰਦੇਵ ਦਿਲਗੀਰ ਸਾਡੇ ਤੋਂ ਬਹੁਤ ਦੂਰ ਚਲਾ ਗਿਆ। ਬਹੁਤ ਸਾਰੇ ਲੋਕ ਉਸ ਨੂੰ ਮਾਤਾ ਬਾਬੇ ਬਾਲਕ ਨਾਥ ਜਾਂ ਪੀਰ ਨਿਗਾਹੇ ਵਾਲੇ ਦੇ ਗੁਣਗਾਨ ਕਰਦਿਆਂ ਗਾਉਂਦਿਆਂ ਸੁਣਿਆ ਹੋਵੇਗਾ ਪਰ ਇਸ ਤੋਂ ਪਹਿਲਾਂ ਗੁਰਦੇਵ ਦਲਗੀਰ ਪੰਜਾਬੀ ਦਾ ਲੋਕ ਗਾਇਕਾਂ ਵਰਗਾ ਨਾਮਵਰ ਗਵਈਆ ਵੀ ਰਿਹਾ ਹੈ। ਕੁਲਦੀਪ ਮਾਣਕ ਦਾ ਇਕ ਐਲ.ਪੀ. ਰਿਕਾਰਡ ਆਇਆ ਸੀ, 'ਮਿੱਤਰਾਂ ਦੇ ਕਾਲਜੇ ਨੂੰ ਹੌਲ਼ ਪੈ ਗਿਆ ਸਾਡੀ ਮੁੰਦਰੀ ਵਗਾਹ ਕੇ ਮਾਰੀ।' ਇਹਦੇ ਵਿਚ ਚਾਰ ਗੀਤ ਗੀਤਕਾਰ ਸੇਵਾ ਸਿੰਘ ਨੌਰਥ ਦੇ ਲਿਖੇ ਤੇ ਗੁਰਦੇਵ ਦਿਲਗੀਰ ਦੇ ਗਾਏ ਸਨ। 'ਚੁਗਲੀ ਦੀ ਆਦਤ ਮਾੜੀ ਇਸ ਤੋਂ ਬਚ ਕੇ ਰਹਿਣਾ,ਲੋੜ ਨਹੀਂ ਯਰਾਨੇ ਲਾਉਣ ਦੀ ਜਿਹਦੇ ਘਰੇ ਹੋਣ ਧੀਆਂ ਮੁਟਿਆਰਾਂ... ਦੋ ਗੁੱਤਾਂ ਨਿਸ਼ਾਨੀ ਮੇਰੇ ਪਿਆਰ ਦੀ' ਇਹ ਗੀਤ ਗਾਉਣ ਵਾਲਾ ਵੀ ਗੁਰਦੇਵ ਦਲਗੀਰ ਹੀ ਸੀ ਤੇ ਖਾਸ ਗੱਲ ਇਹ ਵੀ ਸੀ ਕਿ ਦਲਗੀਰ ਨੂੰ ਚਰਨਜੀਤ ਆਹੂਜਾ ਦੇ ਮਿਊਜ਼ਿਕ 'ਚ ਗਾਉਣ ਦਾ ਮੌਕਾ ਮਿਲਿਆ ਤੇ ਐਚ. ਐਮ. ਵੀ. ਕੰਪਨੀ ਦੇ ਨਾਮੀ ਢੋਲ ਵਾਦਕ ਬਸੰਤ ਦੀ ਪਤਨੀ ਚੰਦਾ ਬਸੰਤ ਨਾਲ ਵੀ ਉਸ ਨੇ ਗਾਇਆ। ਕੁਝ ਗੀਤ ਕੰਚਨ ਕੁਮਾਰੀ ਨਾਲ ਸਨ। ਚੰਦਾ ਤੇ ਕੰਚਨ ਨਾਲ ਦਿਲਗੀਰ ਦੇ ਦੋ-ਗਾਣੇ ਬੜੇ ਹਿਟ ਰਹੇ। ਪਿਛਲੇ ਕੁਝ ਅਰਸੇ ਤੋਂ ਸੁਣ ਰਹੇ ਸੀ ਕਿ ਉਹ ਢਿੱਲਾ-ਮੱਠਾ ਰਹਿਣ ਲੱਗ ਪਿਆ ਤੇ ਹੁਣ ਪ੍ਰੋਗਰਾਮਾਂ 'ਤੇ ਵੀ ਨਹੀਂ ਸੀ ਜਾਂਦਾ। ਇਹ ਸੁਣਦਿਆਂ- ਸੁਣਾਉਂਦਿਆਂ ਹੀ ਖਬਰ ਆ ਗਈ ਕਿ ਗੁਰਦੇਵ ਦਲਗੀਰ ਜੀਵਨ ਦੀ ਖੇਡ 'ਚ ਬਾਜ਼ੀ ਹਾਰ ਗਿਆ ਹੈ। 65-66 ਸਾਲ ਦੀ ਕੀ ਉਮਰ ਹੁੰਦੀ ਐ ਭਲਾ! ਤਾਂਹੀ ਤਾਂ ਕਹਿੰਦੇ ਨੇ 'ਹੋਣੀ' ਕਦੋਂ ਵੇਖਦੀ ਆ ਵੱਡਿਆਂ ਤੇ ਛੋਟਿਆਂ ਨੂੰ ਤਾਹੀਓ ਹੀ ਸ਼ਰੀਫ ਤੇ ਸ਼ੈਤਾਨ ਤੁਰ ਜਾਂਦੇ ਨੇ...।' ਪਰ ਪੰਜਾਬੀ ਗਾਇਕੀ ਖਾਸ ਕਰ ਪਿਛਲੇ ਲੰਬੇ ਅਰਸੇ ਦੇ ਧਾਰਮਿਕ ਗਾਇਕੀ ਦੇ ਖੇਤਰ'ਚ ਗੁਰਦੇਵ ਦਿਲਗੀਰ ਦੀ ਪਛਾਣ ਵੱਖਰੀ ਰਹੀ ਹੈ ਤੇ ਪਛਾਣ ਲੋਕਾਂ ਨੂੰ ਚੇਤੇ ਵੀ ਆਉਂਦੀ ਰਹੇਗੀ। ਬਸਤੀ ਯੋਧੇਵਾਲ ਲੁਧਿਆਣਾ ਤੋਂ ਰਾਹੋ ਵੱਲ ਨੂੰ ਜਾਂਦਿਆਂ ਚਾਰ ਕੁ ਕੋਹ 'ਤੇ ਦੋ ਪਿੰਡ ਇਕੱਠੇ ਆਉਂਦੇ ਨੇ ਸੱਤੋਵਾਲ-ਢੇਰੀ। ਢੇਰੀ ਪਿੰਡ 'ਚ ਗੁਰਦੇਵ ਦਲਗੀਰ ਦਾ ਜਨਮ ਹੋਇਆ, ਉਹ ਲਾਲ ਚੰਦ ਜਮਲਾ ਜੱਟ ਦਾ ਲਾਡਲਾ ਸ਼ਗਿਰਦ ਸੀ। ਰਾਜ ਕੌਰ ਨਾਲ ਉਹ ਵਿਆਹਿਆ ਗਿਆ ਤੇ ਉਹਦੇ ਬੇਟੇ ਹਨ ਮਨਪ੍ਰੀਤ ਸਿੰਘ ਤੇ ਬੂਟਾ ਸਿੰਘ। ਅਧਰੰਗ ਦੇ ਦੂਜੇ ਹਮਲੇ ਨਾਲ ਗੁਰਦੇਵ ਦਿਲਗੀਰ ਨੇ ਅੱਖਾਂ ਮੀਚ ਲਈਆਂ ਤੇ ਪੰਜਾਬੀ ਗੀਤ ਸੰਗੀਤ ਦੇ ਅੰਬਰ ਤੋਂ ਇਕ ਹੋਰ ਤਾਰਾ ਟੁੱਟ ਗਿਆ। ਦੁੱਖ ਇਸ ਗੱਲ ਦਾ ਵੀ ਹੈ ਕਿ ਪੰਜਾਬੀ ਗਾਇਕੀ ਦੇ ਉਸ ਦੌਰ ਦੀ ਇਕ ਪਛਾਣ ਚਲੀ ਗਈ, ਜਿਸ ਦੌਰ 'ਚ ਗਾਇਕੀ ਨੂੰ ਬੜਾ ਸਤਿਕਾਰ, ਮਾਣ, ਮਰਿਆਦਾ ਤੇ ਪਰੰਪਰਾ ਵਾਲੀ ਗਿਣਿਆ ਜਾਂਦਾ ਸੀ।
ਨਹੀਂ ਭੁੱਲਣਾ ਸੁਰੀਲਾ ਗਾਇਕ ਗੁਰਦੇਵ ਦਿਲਗੀਰ
ਅਜੀਤ ਡੈਸਕ
03-06-2026