• ਅਫ਼ਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ • 6 ਨੂੰ ਇੰਗਲੈਂਡ ਨਾਲ ਹੋਵੇਗਾ ਮੁਕਾਬਲਾ
ਹਰਾਰੇ, 4 ਫਰਵਰੀ (ਏਜੰਸੀ)-ਭਾਰਤ ਨੇ 10ਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਥਾਂ ਬਣਾ ਲਈ ਹੈ | ਬੁੱਧਵਾਰ ਨੂੰ ਟੀਮ ਨੇ ਦੂਸਰੇ ਸੈਮੀਫਾਈਨਲ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ | 6 ਫਰਵਰੀ ਨੂੰ ਭਾਰਤੀ ਟੀਮ ਦਾ ਫਾਈਨਲ ਮੈਚ ਇੰਗਲੈਂਡ ਨਾਲ ਹੋਵੇਗਾ | ਹਰਾਰੇ ਸਪੋਰਟਸ ਕਲੱਬ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਅਫਗਾਨਿਸਤਾਨ ਟੀਮ ਨੇ 50 ਓਵਰਾਂ 'ਚ 4 ਵਿਕਟਾਂ ਗੁਆ ਕੇ 310 ਦੌੜਾਂ ਬਣਾਈਆਂ | ਟੀਮ ਵਲੋਂ ਫੈਜਲ ਸ਼ਿਨੋਜਾਦਾ (110 ਦੌੜਾਂ) ਅਤੇ ਉਜੈਰੁਲਾਹ ਨਿਆਜਈ (101 ਦੌੜਾਂ) ਨੇ ਸੈਂਕੜੇ ਪਾਰੀਆਂ ਖੇਡੀਆਂ | ਭਾਰਤ ਵਲੋਂ ਦੀਪੇਸ਼ ਦੇਵੇਂਦਰਨ ਤੇ ਕਨਿਕਸ਼ ਚੌਹਾਨ ਨੇ 2-2 ਵਿਕਟਾਂ ਹਾਸਿਲ ਕੀਤੀਆਂ | 311 ਦੌੜਾਂ ਦੇ ਜਵਾਬ 'ਚ ਭਾਰਤੀ ਟੀਮ ਨੇ ਸਲਾਮੀ ਬੱਲੇਬਾਜ਼ ਆਰੋਨ ਜਾਰਜ (115 ਦੌੜਾਂ) ਦੇ ਸੈਂਕੜੇ ਦੀ ਬਦੌਲਤ 41.1 ਓਵਰਾਂ 'ਚ 3 ਵਿਕਟਾਂ 'ਤੇ ਜਿੱਤ ਹਾਸਿਲ ਕੀਤੀ | ਟੀਮ ਵਲੋਂ ਵੈਭਵ ਸੂਰਿਆਵੰਸ਼ੀ (68 ਦੌੜਾਂ) ਤੇ ਕਪਤਾਨ ਆਯੁਸ਼ ਮਹਾਤਰੇ (62 ਦੌੜਾਂ) ਨੇ ਅਰਧ ਸੈਂਕੜੇ ਲਗਾਏ | ਭਾਰਤ ਨੇ ਟੂਰਨਾਮੈਂਟ ਦੇ ਇਤਿਹਾਸ 'ਚ ਸਭ ਤੋਂ ਵੱਡੇ ਸਕੋਰ ਦਾ ਸਫਲਤਾ ਪੂਰਵਕ ਪਿੱਛਾ ਕੀਤਾ | ਭਾਰਤ ਨੇ ਯੂਥ ਇਕ ਦਿਨਾ 'ਚ ਸਭ ਤੋਂ ਵੱਡੇ ਟੀਚੇ ਦਾ ਵੀ ਪਿੱਛਾ ਕੀਤਾ ਹੈ | ਇਸ ਮੁਕਾਬਲੇ 'ਚ 620 ਦੌੜਾਂ ਬਣੀਆਂ, ਜਦੋਂ ਕਿ ਪਿਛਲਾ ਰਿਕਾਰਡ 521 ਦੌੜਾਂ ਦਾ ਸੀ |
ਖੇਡ ਸੰਸਾਰ
Free
ਭਾਰਤ 10ਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫ਼ਾਈਨਲ 'ਚ
ਅਜੀਤ ਡੈਸਕ
05-02-2026