ਜਲੰਧਰ, 31 ਮਈ (ਡਾ.ਜਤਿੰਦਰ ਸਾਬੀ)-ਭਾਰਤ ਦੇ ਸਭ ਤੋਂ ਤੇਜ ਦੌੜਾਕ ਬਣ ਚੁੱਕੇ ਗੁਰਿੰਦਰਵੀਰ ਸਿੰਘ ਦੀ ਇਤਿਹਾਸਕ ਪ੍ਰਾਪਤੀ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਦੇ 134ਵੇਂ ਲੜੀਵਾਰ ਵਿਚ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਥਲੀਟ ਲਗਾਤਾਰ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ ਤੇ ਦੇਸ਼ ਵਿਚ ਅਥਲੈਟਿਕਸ ਦਾ ਪੱਧਰ ਤੇਜ਼ੀ ਨਾਲ ਉਚਾ ਹੋ ਰਿਹਾ ਹੈ | ਉਨ੍ਹਾਂ ਨੇ ਖ਼ਾਸ ਤੌਰ 'ਤੇ 100 ਮੀਟਰ ਦੌੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਫ਼ 2 ਦਿਨਾਂ ਵਿਚ ਰਾਸ਼ਟਰੀ ਰਿਕਾਰਡ ਤਿੰਨ ਵਾਰੀ ਟੁੱਟਿਆ ਹੈ | ਗੁਰਿੰਦਰਵੀਰ ਸਿੰਘ ਤੇ ਅਨੀਮੇਸ਼ ਕੁਜਰ ਨੇ ਇਸ ਉਪਲਬਧੀ ਨਾਲ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | 10.09 ਸੈਕਿੰਡ ਸਮੇਂ ਦੇ ਵਿਚ ਦੌੜ ਪੂਰੀ ਕਰਨ ਵਾਲੇ ਪਹਿਲੇ ਭਾਰਤੀ ਬਣੇ ਗੁਰਵਿੰਦਰ ਸਿੰਘ ਨੇ ਮਨ ਕੀ ਬਾਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਾਲ ਫ਼ੋਨ 'ਤੇ ਗੱਲ ਕੀਤੀ, ਜਿਸ ਦੌਰਾਨ ਉਸਨੇ ਦੱਸਿਆ ਕਿ ਉਹ ਭਾਰਤੀ ਨੇਵੀ ਦੇ ਵਿਚ ਇਸ ਵੇਲੇ ਪੇਟੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ | ਉਹ ਟਰੈਕ ਤੇ ਵਰਦੀ ਤੇ ਦੇਸ਼ ਦੀ ਸੇਵਾ ਕਰਨ ਦਾ ਯਤਨ ਕਰ ਰਿਹਾ ਹੈ | ਉਸਦੇ ਪਿਤਾ ਨੇ ਹੀ ਉਸਨੂੰ ਨੂੰ ਖੇਡ ਤੇ ਰਾਸ਼ਟਰੀ ਪੱਧਰ ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀਆਂ ਕਹਾਣੀਆਂ ਸੁਣਾਈਆਂ, ਜਿਸ ਨਾਲ ਉਸਦੀ ਵੀ ਇਸ ਨਾਲ ਖੇਡਾਂ 'ਚ ਜਾਣ ਦੀ ਇੱਛਾ ਹੋਈ | ਉਹ ਉੱਡਣਾ ਸਿੱਖ ਮਿਲਖਾ ਸਿੰਘ ਤੋਂ ਤੇ ਆਪਣੇ ਪਿਤਾ ਤੋਂ ਕਾਫੀ ਪ੍ਰੇਰਿਤ ਹੈ, ਜਿਨ੍ਹਾਂ ਨੇ ਉਸਨੂੰ ਸਿਖਾਇਆ | ਉਸਨੇ ਦੱਸਿਆ ਕਿ ਜਦ ਊਸੈਨ ਬੋਲਟ ਦਾ ਵਿਸ਼ਵ ਰਿਕਾਰਡ ਟੁੱਟਦਾ ਵੇਖਿਆ ਤਾਂ ਆਪਣੀ ਮਾਂ ਨੂੰ ਕਿਹਾ ਸੀ ਕਿ ਇਕ ਦਿਨ ਐਸਾ ਆਵੇਗਾ ਜਦੋਂ ਤੁਸੀ ਮੈਨੂੰ ਟੀ.ਵੀ 'ਤੇ ਵੇਖੋਗੇ |
ਖੇਡ ਸੰਸਾਰ
Free
'ਮਨ ਕੀ ਬਾਤ' ਵਿਚ ਗੂੰਜਿਆ ਪੰਜਾਬ ਦੇ ਪੁੱਤਰ ਗੁਰਿੰਦਰਵੀਰ ਸਿੰਘ ਦਾ ਨਾਂਅ
ਅਜੀਤ ਡੈਸਕ
01-06-2026