ਨਿਊਯਾਰਕ, 25 ਜੂਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-ਸੀ ਦੇ ਇਕ ਬੇਹੱਦ ਰੋਮਾਂਚਕ ਮੁਕਾਬਲੇ ’ਚ ਮੋਰੱਕੋ ਨੇ ਹੈਤੀ ਨੂੰ 4-2 ਨਾਲ ਹਰਾ ਕੇ ਰਾਊਂਡ ਆਫ਼ 32 ’ ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਅਟਲਾਂਟਾ ਸਟੇਡੀਅਮ ਵਿਚ ਖੇਡਿਆ ਗਿਆ ਇਹ ਮੈਚ ਗੋਲਾਂ, ਜਜ਼ਬੇ ਤੇ ਆਖਰੀ ਪਲਾਂ ਤੱਕ ਚੱਲੇ ਡਰਾਮੇ ਨਾਲ ਭਰਿਆ ਰਿਹਾ। ਮੈਚ ਦੀ ਸ਼ੁਰੂਆਤ ਹੈਤੀ ਲਈ ਸੁਪਨੇ ਵਰਗੀ ਰਹੀ। 10ਵੇਂ ਮਿੰਟ ’ਚ ਮੋਰੱਕੋ ਦੇ ਗੋਲਕੀਪਰ ਯਾਸੀਨ ਬੂਨੂ ਤੋਂ ਆਪਣਾ ਹੀ ਗੋਲ ਹੋ ਗਿਆ, ਜਿਸ ਨਾਲ ਹੈਤੀ ਨੂੰ 1-0 ਦੀ ਸ਼ੁਰੂਆਤੀ ਬੜ੍ਹਤ ਮਿਲ ਗਈ। ਮੋਰੱਕੋ ਲਈ ਇਹ ਵੱਡਾ ਝਟਕਾ ਸੀ, ਪਰ ਅਫਰੀਕੀ ਚੈਂਪੀਅਨ ਟੀਮ ਨੇ ਘਬਰਾਉਣ ਦੀ ਬਜਾਏ ਹੌਲੀ-ਹੌਲੀ ਖੇਡ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਮੋਰੱਕੋ ਨੇ ਲਗਾਤਾਰ ਦਬਾਅ ਬਣਾਇਆ, ਜਿਸਦੇ ਨਤੀਜੇ ਵਜੋਂ 39ਵੇਂ ਮਿੰਟ ’ਚ ਅਸ਼ਰਫ ਹਕੀਮੀ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਹੈਤੀ ਨੇ ਵੀ ਹਾਰ ਨਹੀਂ ਮੰਨੀ। 43ਵੇਂ ਮਿੰਟ ਵਿਚ ਵਿਲਸਨ ਇਸੀਡੋਰ ਨੇ ਦੂਰੋਂ ਸ਼ਾਨਦਾਰ ਸ਼ਾਟ ਲਗਾ ਕੇ ਗੇਂਦ ਨੂੰ ਜਾਲ ’ਚ ਪਹੁੰਚਾ ਦਿੱਤਾ ਤੇ ਹੈਤੀ ਨੂੰ ਮੁੜ 2-1 ਨਾਲ ਅੱਗੇ ਕਰ ਦਿੱਤਾ। ਪਹਿਲੇ ਅੱਧ ਦੇ ਇੰਜਰੀ ਸਮੇਂ ’ਚ ਮੋਰੱਕੋ ਨੇ ਫਿਰ ਆਪਣਾ ਜਵਾਬ ਦਿੱਤਾ। 45+1ਵੇਂ ਮਿੰਟ ’ਚ ਇਸਮਾਈਲ ਸੈਬਾਰੀ ਨੇ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਪਹਿਲਾ ਅੱਧ ਦੋਵੇਂ ਟੀਮਾਂ ਦੀ ਜ਼ਬਰਦਸਤ ਟੱਕਰ ਨਾਲ ਸਮਾਪਤ ਹੋਇਆ। ਦੂਜੇ ਵਿੱਚ ਮੋਰੱਕੋ ਨੇ ਗੇਂਦ ’ਤੇ ਕਬਜ਼ਾ ਵਧਾਇਆ ਤੇ 78ਵੇਂ ਮਿੰਟ ’ਚ ਬਦਲਵੇਂ ਖਿਡਾਰੀ ਸੌਫੀਅਨ ਰਹੀਮੀ ਨੇ ਗੋਲ ਕਰਕੇ ਮੋਰੱਕੋ ਨੂੰ ਪਹਿਲੀ ਵਾਰ ਮੈਚ ’ਚ 3-2 ਦੀ ਬੜ੍ਹਤ ਦਿਵਾਈ। ਇਹ ਗੋਲ ਮੋਰੱਕੋ ਲਈ ਨਾਕਆਊਟ ਦੌਰ ਦੀ ਰਾਹ ਖੋਲ੍ਹਣ ਵਾਲਾ ਸਾਬਤ ਹੋਇਆ। ਮੈਚ ਦੇ 89ਵੇਂ ਮਿੰਟ ਵਿੱਚ ਗੈਸਿਮ ਯਾਸੀਨ ਨੇ ਚੌਥਾ ਗੋਲ ਕਰਕੇ ਮੋਰੱਕੋ ਦੀ ਜਿੱਤ ਪੱਕੀ ਕਰ ਦਿੱਤੀ। ਇਸ ਜਿੱਤ ਨਾਲ ਮੋਰੱਕੋ ਗਰੁੱਪ-ਸੀ ’ਚ ਬ੍ਰਾਜ਼ੀਲ ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਨਾਕਆਊਟ ਦੌਰ ’ਚ ਪਹੁੰਚ ਗਿਆ। ਮੋਰੱਕੋ ਲਈ ਇਹ ਜਿੱਤ ਇਤਿਹਾਸਕ ਵੀ ਰਹੀ, ਕਿਉਂਕਿ ਟੀਮ ਨੇ ਵਿਸ਼ਵ ਕੱਪ ਇਤਿਹਾਸ ਵਿੱਚ ਪਹਿਲੀ ਵਾਰ ਪਹਿਲਾ ਗੋਲ ਖਾਣ ਤੋਂ ਬਾਅਦ ਮੈਚ ਜਿੱਤਿਆ। ਇਸ ਤੋਂ ਇਲਾਵਾ ਮੋਰੱਕੋ ਹੁਣ ਵਿਸ਼ਵ ਕੱਪ ਇਤਿਹਾਸ ’ਚ ਸਭ ਤੋਂ ਵੱਧ ਗੋਲ ਕਰਨ ਵਾਲੀ ਅਫਰੀਕੀ ਟੀਮ ਬਣ ਗਈ ਹੈ।
ਅਟਲਾਂਟਾ ’ਚ ਰਿਹਾ ਫੁੱਟਬਾਲ ਮੇਲੇ ਵਰਗਾ ਮਾਹੌਲ : ਅਟਲਾਂਟਾ ’ਚ ਮੈਚ ਤੋਂ ਪਹਿਲਾਂ ਹੀ ਫੁੱਟਬਾਲ ਮੇਲੇ ਵਰਗਾ ਮਾਹੌਲ ਸੀ। ਮੋਰੱਕੋ ਤੇ ਹੈਤੀ ਦੇ ਪ੍ਰਸ਼ੰਸਕ ਝੰਡਿਆਂ, ਰੰਗਾਂ, ਸੰਗੀਤ ਤੇ ਨੱਚਣ ਨਾਲ ਸਟੇਡੀਅਮ ਵੱਲ ਵਧੇ। ਹੈਤੀ ਦੇ ਸਮਰਥਕਾਂ ਨੇ ਕੈਰੇਬੀਅਨ ਸਭਿਆਚਾਰ ਦਾ ਰੰਗ ਦਿਖਾਇਆ, ਜਦਕਿ ਮੋਰੱਕੋ ਦੇ ਪ੍ਰਸ਼ੰਸਕ ਆਪਣੀ ਟੀਮ ਦੀ ਜਿੱਤ ਤੋਂ ਬਾਅਦ ਖੁਸ਼ੀ ਨਾਲ ਝੂਮ ਉਠੇ।
ਮੋਰੱਕੋ ਨੇ ਹੈਤੀ ਨੂੰ 4-2 ਨਾਲ ਹਰਾ ਕੇ ਨਾਕਆਊਟ ’ਚ ਬਣਾਈ ਜਗ੍ਹਾ
ਅਜੀਤ ਡੈਸਕ
26-06-2026