ਮੈਲਬੌਰਨ, 25 ਜੂਨ (ਪਰਮਵੀਰ ਸਿੰਘ ਆਹਲੂਵਾਲੀਆ)-ਬੀਤੇ ਦਿਨੀਂ ਮੈਲਬੌਰਨ ਦੇ ਨੇੜਲੇ ਇਲਾਕੇ ਵਾਰਾਗੁਲ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ 25 ਸਾਲਾ ਪੰਜਾਬੀ ਨੌਜਵਾਨ ਅਸ਼ਵਨੀ ਸ਼ਰਮਾ ਦੀ ਮੌਤ ਹੋ ਗਈ। ਅਸ਼ਵਨੀ ਹਾਦਸੇ ਸਮੇਂ ਤੇਲ ਦਾ ਟੈਂਕਰ ਚਲਾ ਰਿਹਾ ਸੀ। ਪੁਲਿਸ ਅਨੁਸਾਰ ਹਾਦਸੇ ਦੌਰਾਨ ਬੀ-ਡਬਲ ਟੈਂਕਰ ਬੇਕਾਬੂ ਹੋ ਕੇ ਕੇਬਲ ਬੈਰੀਅਰਾਂ ਤੇ ਦਰੱਖਤਾਂ ਨਾਲ ਟਕਰਾ ਗਿਆ, ਜਿਸ ਦੌਰਾਨ ਟਰੱਕ ਦਾ ਕੈਬਿਨ ਟ੍ਰੇਲਰਾਂ ਤੋਂ ਵੱਖ ਹੋ ਗਿਆ ਤੇ ਵਾਹਨ ਪਲਟਣ ਕਾਰਨ ਵੱਡੀ ਮਾਤਰਾ ਵਿਚ ਤੇਲ ਸੜਕ ’ਤੇ ਫੈਲ ਗਿਆ। ਅਸ਼ਵਨੀ ਸ਼ਰਮਾ ਟਰੱਕ ਵਿਚ ਇਕੱਲੇ ਹੀ ਸਵਾਰ ਸੀ ਜਿਸ ਦੀ ਕਿ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਕਾਰਨ ਪਰਿਵਾਰ, ਦੋਸਤਾਂ ਤੇ ਆਸਟਰੇਲੀਆ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦੀ ਆਰਥਿਕ ਸਹਾਇਤਾ ਲਈ ਸੋਸ਼ਲ ਮੀਡੀਆ ’ਤੇ ਇਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।