ਗਲਾਸਗੋ ਤੋਂ ਅਹਿਮਦਾਬਾਦ ਤੱਕ ਰੰਗਾਂ, ਸੰਗੀਤ ਅਤੇ ਸੱਭਿਆਚਾਰ ਦਾ ਸਫ਼ਰ
ਅਜੀਤ ਡੈਸਕ
01-08-2026
‘ਵੰਦੇ ਮਾਤਰਮ’ ਦੇ 150 ਸਾਲਾਂ ਨੂੰ ਸਮਰਪਿਤ ਪਹਿਲਾ ਅੰਕ
ਹੈਂਡਓਵਰ ਸੈਗਮੈਂਟ ਦਾ ਪਹਿਲਾ ਭਾਗ ਭਾਰਤ ਦੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਨੂੰ ਸਮਰਪਿਤ ਹੋਵੇਗਾ। ਸਾਬਕਾ ਮਿਸ ਵਰਲਡ ਤੇ ਅਦਾਕਾਰਾ ਮਾਨੁਸ਼ੀ ਛਿੱਲਰ ਦੀ ਅਗਵਾਈ ਵਿਚ ਵੱਡਾ ਡਾਂਸ ਐਂਸੈਂਬਲ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ, ਏਕਤਾ ਤੇ ਰਾਸ਼ਟਰੀ ਗੌਰਵ ਨੂੰ ਰੰਗਾਂ ਅਤੇ ਨਾਚ ਰਾਹੀਂ ਜੀਵੰਤ ਕਰੇਗਾ।
ਭਾਰਤੀ ਸਿਤਾਰ ਅਤੇ ਸਕਾਟਿਸ਼ ਪਾਈਪਾਂ ਦੀ ਜੁਗਲਬੰਦੀ
ਦੂਜੇ ਅੰਕ ’ਚ ਭਾਰਤੀ ਸ਼ਾਸਤਰੀ ਸੰਗੀਤ ਤੇ ਸਕਾਟਿਸ਼ ਲੋਕ ਸੰਗੀਤ ਦਾ ਵਿਲੱਖਣ ਮਿਲਾਪ ਦੇਖਣ ਨੂੰ ਮਿਲੇਗਾ। ਪ੍ਰਸਿੱਧ ਸਿਤਾਰ ਵਾਦਕ ਰਿਸ਼ਭ ਰਿਖੀਰਾਮ ਸ਼ਰਮਾ ਅਤੇ ਸਕਾਟਲੈਂਡ ਦੇ ਮਸ਼ਹੂਰ ਸੰਗੀਤਕਾਰ ਰੌਸ ਐਨਸਲੀ ਸਿਤਾਰ, ਸਕਾਟਿਸ਼ ਪਾਈਪਾਂ ਤੇ ਵਿਸਲਜ਼ ਰਾਹੀਂ ਅਜਿਹੀ ਸੰਗੀਤਕ ਜੁਗਲਬੰਦੀ ਪੇਸ਼ ਕਰਨਗੇ ਜੋ ਗਲਾਸਗੋ 2026 ਅਤੇ ਅਹਿਮਦਾਬਾਦ 2030 ਵਿਚਕਾਰ ਸੱਭਿਆਚਾਰਕ ਪੁਲ ਦਾ ਪ੍ਰਤੀਕ ਬਣੇਗੀ।
ਗੁਜਰਾਤ ਦੀ ਰੂਹ ਨਾਲ ਭਾਰਤ ਦੀ ਰੰਗਾਰੰਗ ਪੇਸ਼ਕਾਰੀ
ਅੰਤਿਮ ਅੰਕ ਵਿਚ ਦਰਸ਼ਕ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਸੰਗੀਤ ਤੇ ਸੱਭਿਆਚਾਰ ਦਾ ਸਫ਼ਰ ਤੈਅ ਕਰਨਗੇ, ਜਿਸ ਦਾ ਵਿਸ਼ੇਸ਼ ਕੇਂਦਰ ਗੁਜਰਾਤ ਹੋਵੇਗਾ। ਪ੍ਰਸਿੱਧ ਗਾਇਕ ਸ਼ੰਕਰ ਮਹਾਦੇਵਨ ਆਪਣੇ ਪੁੱਤਰਾਂ ਸਿੱਧਾਰਥ ਮਹਾਦੇਵਨ ਤੇ ਸ਼ਿਵਮ ਮਹਾਦੇਵਨ ਨਾਲ ਪ੍ਰਸਿੱਧ ਗੀਤ ਪੇਸ਼ ਕਰਨਗੇ। ਮਸ਼ਹੂਰ ਗਾਇਕਾ ਭੂਮੀ ਤ੍ਰਿਵੇਦੀ ਆਪਣੀ ਆਵਾਜ਼ ਨਾਲ ਗੁਜਰਾਤ ਦੀ ਸੱਭਿਆਚਾਰਕ ਝਲਕ ਪੇਸ਼ ਕਰੇਗੀ, ਜਦਕਿ ਪ੍ਰਸਿੱਧ ਕੋਰੀਓਗ੍ਰਾਫਰ ਸ਼ਿਆਮਕ ਦਾਵਰ ਅਤੇ ਉਨ੍ਹਾਂ ਦੀ ਟੀਮ ਸ਼ਾਨਦਾਰ ਨ੍ਰਿਤ ਪੇਸ਼ਕਾਰੀ ਨਾਲ ਸਮਾਰੋਹ ਨੂੰ ਯਾਦਗਾਰ ਬਣਾਉਣਗੇ। ਆਧੁਨਿਕ ਵਿਜ਼ੂਅਲ ਇਫੈਕਟਸ, ਰੰਗ-ਬਿਰੰਗੀ ਸਟੇਜ ਸਜਾਵਟ ਅਤੇ ਭਾਰਤੀ ਲੋਕ ਤੇ ਆਧੁਨਿਕ ਨਾਚ ਦਾ ਸੁਮੇਲ ਇਸ ਪ੍ਰੋਗਰਾਮ ਨੂੰ ਵਿਲੱਖਣ ਬਣਾਏਗਾ।
ਸਕਾਟਲੈਂਡ ਦੇ ਕਲਾਕਾਰ ਵੀ ਬਿਖੇਰਨਗੇ ਰੰਗ
ਸਮਾਪਤੀ ਸਮਾਰੋਹ ’ਚ ਸਕਾਟਲੈਂਡ ਦੀ ਸੰਗੀਤਕ ਤੇ ਸੱਭਿਆਚਾਰਕ ਪਛਾਣ ਨੂੰ ਵੀ ਖਾਸ ਥਾਂ ਦਿੱਤੀ ਗਈ ਹੈ। ਪ੍ਰਸਿੱਧ ਰਾਕ ਬੈਂਡ ਸਿਮਪਲ ਮਾਈਂਡਜ਼ ਮੁੱਖ ਪੇਸ਼ਕਾਰੀ ਦੇਵੇਗਾ। ਇਸ ਤੋਂ ਇਲਾਵਾ ਕੈਮੀ ਬਾਰਨਜ਼, ਬੈਮਜ, ਸੈਂਡੀ ਥੌਮ, ਸ਼ਰੀਨ ਕਟਕੈਲਵਿਨ, ਐਲੀਫੈਂਟ ਸੈਸ਼ਨਜ਼ ਅਤੇ ਰੇਡੀਓ ਪ੍ਰਸਤੁਤਕਾਰ ਜਾਰਜ ਬੋਵੀ ਵੀ ਆਪਣੇ ਪ੍ਰਦਰਸ਼ਨ ਨਾਲ ਸਮਾਰੋਹ ਨੂੰ ਰੌਣਕ ਬਖ਼ਸ਼ਣਗੇ। ਮਸ਼ਹੂਰ ਡਾਂਸ ਗਰੁੱਪ ਡਾਇਵਰਸਿਟੀ ਆਪਣੀ ਵਿਸ਼ੇਸ਼ ਕੋਰੀਓਗ੍ਰਾਫੀ ਨਾਲ ਸਮਾਰੋਹ ਨੂੰ ਹੋਰ ਸ਼ਾਨਦਾਰ ਬਣਾਏਗਾ।
ਗਲਾਸਗੋ 2026 ਦੀ ਚੀਫ਼ ਮਾਰਕੀਟਿੰਗ ਐਂਡ ਸੈਰੇਮੋਨੀਜ਼ ਅਫ਼ਸਰ ਲੂਈਸਾ ਮਹੋਨ ਨੇ ਕਿਹਾ ਕਿ ਇਹ ਹੈਂਡਓਵਰ ਸਿਰਫ਼ ਮੇਜ਼ਬਾਨੀ ਬਦਲਣ ਦੀ ਰਸਮੀ ਪ੍ਰਕਿਰਿਆ ਨਹੀਂ, ਸਗੋਂ ਦੋ ਦੇਸ਼ਾਂ ਦੀ ਦੋਸਤੀ, ਸੱਭਿਆਚਾਰ ਤੇ ਸਾਂਝੇ ਮੁੱਲਾਂ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਗਲਾਸਗੋ ਦੇ ਦਰਸ਼ਕਾਂ ਨੂੰ ਪਹਿਲੀ ਵਾਰ ਅਹਿਮਦਾਬਾਦ 2030 ਦੀ ਰੂਹ ਤੇ ਭਵਿੱਖ ਦੀ ਝਲਕ ਦੇਖਣ ਦਾ ਮੌਕਾ ਮਿਲੇਗਾ। ਉਧਰ, ਭਾਰਤ ਦੇ ਹੈਂਡਓਵਰ ਸੈਗਮੈਂਟ ਦੇ ਸੈਰੇਮੋਨੀ ਡਾਇਰੈਕਟਰ ਚੰਦਾ ਸਿੰਘ ਨੇ ਕਿਹਾ ਕਿ ਅਹਿਮਦਾਬਾਦ 2030 ਰਾਸ਼ਟਰਮੰਡਲ ਖੇਡਾਂ ਦੇ 100 ਸਾਲ ਪੂਰੇ ਹੋਣ ਦਾ ਇਤਿਹਾਸਕ ਜਸ਼ਨ ਹੋਵੇਗਾ ਤੇ ਗਲਾਸਗੋ ’ਚ ਹੋਣ ਵਾਲਾ ਇਹ ਹੈਂਡਓਵਰ ਉਸ ਯਾਤਰਾ ਦਾ ਪਹਿਲਾ ਅਧਿਆਇ ਸਾਬਤ ਹੋਵੇਗਾ।