01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬਲੂਬੇਰੀ ਦੇ ਸੀਜ਼ਨ ਕਾਰਨ ਕੈਨੇਡਾ ਦੇ ਖੇਤਾਂ ’ਚ ਲੱਗੀਆਂ ਬਜ਼ੁਰਗਾਂ ਦੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 01-08-2026
ਵੈਨਕੂਵਰ, 31 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਖੇਤੀਬਾੜੀ ਦਾ ਅਹਿਮ ਅੰਗ ਮੰਨੀ ਜਾਂਦੀ ਬਲੂਬੇਰੀ ਤੋੜਨ ਦਾ ਸੀਜ਼ਨ ਇਨ੍ਹਾਂ ਦਿਨਾਂ ’ਚ ਪੂਰੇ ਸਿਖਰਾਂ ’ਤੇ ਹੋਣ ਕਾਰਨ ਇਥੋਂ ਦੇ ਖੂਬਸੂਰਤ ਪਹਾੜਾਂ ’ਚ ਮੌਜੂਦ ਖੇਤਾਂ ’ਚ ਬੇਰੀ ਤੋੜਨ ਵਾਲੇ ਪੰਜਾਬੀ ਬਜ਼ੁਰਗਾਂ ਦੀਆਂ ਰੌਣਕਾਂ ਲੱਗੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਸਦਰੰਭ ’ਚ ਪੰਜਾਬੀ ਪਰਿਵਾਰਾਂ ਦੀ ਬਹੁਵੱਸੋਂ ਵਾਲੇ ਇਲਾਕਿਆਂ ’ਚ ਤੜਕਸਾਰ ਤੋਂ ਪੰਜਾਬੀ ਮੂਲ ਦੇ ਕੁਝ ਬੇਬੇ-ਬਾਪੂ ਆਪਣੇ ਰੋਟੀ ਵਾਲੇ ਟਿਫਨਾਂ ਨਾਲ ਆਪਣੇ ਘਰਾਂ ਦੀਆਂ ਬਰੂਹਾਂ ਮੂਹਰੇ ਸੰਬੰਧਿਤ ਫਾਰਮਾਂ ਦੀਆਂ ਵੈਨਾਂ ਨੂੰ ਉਡੀਕਦੇ ਵੇਖੇ ਜਾ ਸਕਦੇ ਹਨ। ਨਿਰਧਾਰਤ ਸਮੇਂ ’ਤੇ ਆਉਣ ਵਾਲੀਆਂ ਵੈਨਾਂ ਉਨ੍ਹਾਂ ਨੂੰ ਵੱਖ-ਵੱਖ ਬਲੂਬੇਰੀ ਫਾਰਮਾਂ ਤੱਕ ਲੈ ਜਾਂਦੀਆਂ ਹਨ ਤੇ ਸ਼ਾਮ ਨੂੰ ਕੰਮ ਮੁਕਣ ਉਪਰੰਤ ਮੁੜ ਘਰਾਂ ਤੱਕ ਛੱਡ ਜਾਂਦੀਆਂ ਹਨ। ਜੂਨ ਦੇ ਅਖੀਰ ਤੋਂ ਸ਼ੁਰੂ ਹੋਇਆ ਬੇਰੀ ਤੋੜਨ ਦਾ ਇਹ ਸਿਲਸਿਲਾ ਅੱਧ ਅਗਸਤ ਤੱਕ ਜਾਰੀ ਉਹ ਰਹਿਣ ਦੀ ਸੰਭਾਵਨਾ ਹੈ ਬੇਰੀ ਤੋੜਨ ਵਾਲੇ ਬਜ਼ੁਰਗਾਂ ਵਿੱਚ ਜਿਆਦਾਤਰ 60 ਸਾਲਾਂ ਤੋਂ 75 ਸਾਲ ਦੀ ਦਰਮਿਆਨੀ ਉਮਰ ਦੇ ਬਜ਼ੁਰਗ ਹੁੰਦੇ ਹਨ ਜਿਨਾਂ ’ਚੋਂ 55 ਫੀਸਦੀ ਔਰਤਾਂ ਤੇ 45 ਫੀਸਦੀ ਮਰਦਾਂ ਦੀ ਗਿਣਤੀ ਹੁੰਦੀ ਹੈ। ਸੂਬੇ ਦੇ ਵੈਨਕੂਵਰ,ਐਬਸਫੋਰਡ, ਸਰੀ, ਲੈਂਗਲੀ, ਮਿਸ਼ਨ, ਚਿਲਾਵੈਕ, ਪਿੱਟਮਿਡੋਜ਼, ਮੈਪਲਰਿਜ, ਲੈਗਲੀ, ਡੈਲਟਾ ਅਤੇ ਰਿਚਮੰਡ ਦੇ ਇਲਾਕਿਆਂ ਵਿੱਚ ਫੈਲੇ 100 ਤੋਂ ਵੱਧ ਬਲੂਬੇਰੀ ਫਾਰਮਾ ਦੇ ਉਤਪਾਦਕਾਂ ਦੇ ਖੇਤਾਂ ਵਿੱਚ ਇਨ੍ਹਾਂ ਦਿਨੀ ਵਰਕਰਾਂ ਅਤੇ ਬੇਰੀ ਤੋੜਨ ਵਾਲੇ ਪਿੱਕਰਾਂ ਦੀ ਚਹਿਲ-ਪਹਿਲ ਲੱਗੀ ਆਮ ਵੇਖੀ ਜਾ ਸਕਦੀ ਹੈ। ਖੇਤਾਂ ਵਿੱਚ ਬੇਰੀ ਤੋੜਨ ਦਾ ਕੰਮ ਕਰਨ ਜਾਂਦੇ ਕੁਝ ਬਜ਼ੁਰਗ ਫੋਲਡਿੰਗ ਕੁਰਸੀਆਂ ਤੇ ਬੈਠ ਕੇ ਬੂਟਿਆਂ ਤੋਂ ਆਰਾਮ ਨਾਲ ਬਲੂਬੇਰੀਆਂ ਤੋੜਦੇ ਵੇਖੇ ਜਾ ਸਕਦੇ ਹਨ। ਕਈ ਬਜ਼ੁਰਗ ਧੁੱਪ ਤੋਂ ਬਚਣ ਲਈ ਚੌੜੇ ਹੈਟ ਪਹਿਨਦੇ ਹਨ, ਜਦਕਿ ਕਈ ਮੀਂਹ ਤੋਂ ਬਚਾਅ ਲਈ ਆਪਣੇ ਨਾਲ ਛਤਰੀਆਂ ਵੀ ਲੈ ਕੇ ਜਾਂਦੇ ਹਨ। ਸੀਜ਼ਨ ਦੇ ਆਖ਼ਰੀ ਦਿਨ ਕਈ ਫਾਰਮਾਂ ’ਚ ਬੇਰੀ ਤੋੜਨ ਵਾਲੇ ਬਜ਼ੁਰਗਾਂ ਨੂੰ ਉਨਾਂ ਦੇ ਮਿਹਨਤਾਨੇ ਦੇ ਚੈੱਕ ਵੰਡਣ ਮੌਕੇ ਕੀਤੀ ਜਾਂਦੀ ਪਾਰਟੀ ਦੌਰਾਨ ਮੇਲੇ ਵਰਗਾ ਮਾਹੌਲ ਸਿਰਜਿਆ ਨਜ਼ਰ ਆਉਂਦਾ ਹੈ। ਜਿੱਥੇ ਬਜ਼ੁਰਗ ਚਾਹ ਅਤੇ ਹੋਰਨਾਂ ਸਵਾਦਲੇ ਪਕਵਾਨਾਂ ਦਾ ਲੋੜ ਮੁਤਾਬਕ ਆਨੰਦ ਮਾਣਦੇ ਹਨ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਰਾਸ਼ਟਰਮੰਡਲ ਖੇਡਾਂ-ਭਾਰਤੀ ਅਥਲੀਟ ਗੁਰੂ ਘਰ ਹੋਏ ਨਤਮਸਤਕ ਅਗਲੀ ਖ਼ਬਰ ਗਲਾਸਗੋ ਤੋਂ ਅਹਿਮਦਾਬਾਦ ਤੱਕ ਰੰਗਾਂ, ਸੰਗੀਤ ਅਤੇ ਸੱਭਿਆਚਾਰ ਦਾ ਸਫ਼ਰ
Ad Position 24
No active advertisement