ਸਿਆਟਲ, 2 ਜਨਵਰੀ (ਹਰਮਨਪ੍ਰੀਤ ਸਿੰਘ)-ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਰਾਤ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਥੇ ਸੰਗਤਾਂ ਦਾ ਸੈਲਾਬ ਆਇਆ ਹੋਇਆ ਸੀ | ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈਲ ਵਿਖੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿਚ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸੋਹਨ ਸਿੰਘ ਅਰਸ਼ ਚੰਡੀਗੜ੍ਹ ਵਾਲੇ ਤੇ ਭਾਈ ਰਮੇਲ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਪ੍ਰਸਿੱਧ ਪ੍ਰਚਾਰਕ ਭਾਈ ਇੰਦਰਜੀਤ ਸਿੰਘ ਬੱਲੋਵਾਲ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ | ਇਸ ਮੌਕੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਤੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੇ ਸੰਗਤਾਂ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੱਤੀਆਂ ਤੇ ਸੰਸਾਰ ਭਰ 'ਚ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ | ਠੀਕ 12 ਵਜੇ ਜੈਕਾਰਿਆਂ ਦੀ ਗੂੰਜ 'ਚ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਰੈਂਟਨ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਤੇ ਗੁਰਦੁਆਰਾ ਸੱਚਾ ਮਾਰਗ ਸਾਹਿਬ ਓਬਰਨ ਵਿਖੇ ਵੀ ਰਾਤ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ |