17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਇੰਗਲੈਂਡ 'ਚ ਪੁਲਿਸ ਮੁਲਾਜ਼ਮਾਂ ਲਈ ਲਾਇਸੈਂਸ ਲਾਜ਼ਮੀ

Ad Position 21
No active advertisement
ਅਜੀਤ ਡੈਸਕ 25-01-2026
-ਨੌਕਰੀ ਤੋਂ ਹਟਾਉਣ ਦੀ ਦਿੱਤੀ ਗਈ ਚੇਤਾਵਨੀ
ਲੈਸਟਰ (ਇੰਗਲੈਂਡ), 24 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਤੇ ਵੇਲਜ਼ 'ਚ ਸੇਵਾ ਨਿਭਾ ਰਹੇ ਸਾਰੇ ਪੁਲਿਸ ਮੁਲਾਜ਼ਮਾਂ ਲਈ ਹੁਣ ਨੌਕਰੀ ਜਾਰੀ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕਰ ਦਿੱਤਾ ਜਾ ਰਿਹਾ ਹੈ | ਸਰਕਾਰ ਵੱਲੋਂ ਕੀਤੀ ਜਾ ਰਹੀ ਵੱਡੀ ਪੁਲਿਸ ਸੁਧਾਰ ਪ੍ਰਕਿਰਿਆ ਦੇ ਤਹਿਤ ਇਹ ਨਵਾਂ ਕਦਮ ਚੁੱਕਿਆ ਗਿਆ ਹੈ, ਜਿਸ ਅਨੁਸਾਰ ਲਾਇਸੈਂਸ ਹਾਸਲ ਕਰਨ 'ਚ ਅਸਫ਼ਲ ਰਹਿਣ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕੇਗਾ | ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ, ਇਹ ਪ੍ਰਬੰਧ ਇਸ ਲਈ ਲਿਆਂਦਾ ਜਾ ਰਿਹਾ ਹੈ ਤਾਂ ਜੋ ਪੁਲਿਸ ਵਿਭਾਗ 'ਚ ਪਾਰਦਰਸ਼ਤਾ, ਜਵਾਬਦੇਹੀ ਤੇ ਲੋਕਾਂ ਦਾ ਭਰੋਸਾ ਮੁੜ ਕਾਇਮ ਕੀਤਾ ਜਾ ਸਕੇ | ਪਿਛਲੇ ਕੁਝ ਸਮੇਂ ਦੌਰਾਨ ਸਾਹਮਣੇ ਆਏ ਕਈ ਗੰਭੀਰ ਮਾਮਲਿਆਂ ਤੋਂ ਬਾਅਦ ਪੁਲਿਸ ਪ੍ਰਣਾਲੀ 'ਤੇ ਸਵਾਲ ਖੜੇ ਹੋਏ ਸਨ, ਜਿਸ ਕਾਰਨ ਸਰਕਾਰ 'ਤੇ ਸੁਧਾਰ ਲਿਆਉਣ ਦਾ ਦਬਾਅ ਵਧ ਗਿਆ ਸੀ | ਨਵੇਂ ਪ੍ਰਸਤਾਵਾਂ ਅਨੁਸਾਰ ਹਰ ਪੁਲਿਸ ਮੁਲਾਜ਼ਮ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਸਰੀਰਕ, ਮਾਨਸਿਕ ਤੇ ਨੈਤਿਕ ਤੌਰ 'ਤੇ ਡਿਊਟੀ ਨਿਭਾਉਣ ਯੋਗ ਹੈ | ਲਾਇਸੈਂਸ ਪ੍ਰਣਾਲੀ ਅਧੀਨ ਮੁਲਾਜ਼ਮਾਂ ਦੇ ਪਿਛਲੇ ਰਿਕਾਰਡ, ਸ਼ਿਕਾਇਤਾਂ, ਵਿਵਹਾਰ ਤੇ ਪੇਸ਼ਾਵਰ ਮਿਆਰਾਂ ਦੀ ਜਾਂਚ ਕੀਤੀ ਜਾਵੇਗੀ | ਜਿਹੜੇ ਮੁਲਾਜ਼ਮ ਲੋੜੀਂਦੇ ਮਾਪਦੰਡਾਂ 'ਤੇ ਖਰੇ ਨਹੀਂ ਉਤਰਣਗੇ, ਉਨ੍ਹਾਂ ਨੂੰ ਸੇਵਾ ਤੋਂ ਹਟਾਉਣ ਦਾ ਅਧਿਕਾਰ ਅਧਿਕਾਰੀਆਂ ਕੋਲ ਹੋਵੇਗਾ | ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਕਿਸੇ ਖਿਲਾਫ਼ ਸਜ਼ਾਮੁਲਕ ਨਹੀਂ, ਸਗੋਂ ਪੁਲਿਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਤੇ ਲੋਕ-ਹਿਤੈਸ਼ੀ ਬਣਾਉਣ ਵੱਲ ਇਕ ਅਹਿਮ ਪਹਲ ਹੈ | ਉਨ੍ਹਾਂ ਅਨੁਸਾਰ ਆਮ ਲੋਕਾਂ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਹੱਥਾਂ 'ਚ ਕਾਨੂੰਨ ਦੀ ਰੱਖਿਆ ਦੀ ਜ਼ਿੰਮੇਵਾਰੀ ਹੈ, ਉਹ ਪੂਰੀ ਤਰ੍ਹਾਂ ਯੋਗ ਤੇ ਇਮਾਨਦਾਰ ਹਨ | ਇਸ ਯੋਜਨਾ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੇ ਵੱਖ-ਵੱਖ ਸੰਘਠਨਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ | ਕੁਝ ਇਸਨੂੰ ਜ਼ਰੂਰੀ ਸੁਧਾਰ ਮੰਨ ਰਹੇ ਹਨ, ਜਦਕਿ ਕੁਝ ਸੰਗਠਨਾਂ ਦਾ ਕਹਿਣਾ ਹੈ ਕਿ ਲਾਇਸੈਂਸ ਪ੍ਰਣਾਲੀ ਲਾਗੂ ਕਰਨ ਸਮੇਂ ਮੁਲਾਜ਼ਮਾਂ ਦੇ ਅਧਿਕਾਰਾਂ ਦੀ ਵੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ | ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਬੰਧ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਤੇ ਇਸ ਨਾਲ ਪੁਲਿਸ ਵਿਭਾਗ ਵਿੱਚ ਅਨੁਸ਼ਾਸਨ ਅਤੇ ਪੇਸ਼ਾਵਰ ਮਿਆਰ ਹੋਰ ਮਜ਼ਬੂਤ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਲੰਡਨ 'ਚ ਪਹਿਲੀ ਵਾਰ ਝਾਰਖੰਡ ਦੀ 25ਵੀਂ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਡੈਮੋਕਰੈਟਿਕ ਉਮੀਦਵਾਰ ਰਾਖੀ ਇਸਰਾਨੀ ਨੂੰ ਮਿਲ ਰਿਹਾ ਵੱਡਾ ਹੁੰਗਾਰਾ
Ad Position 24