ਸੈਕਰਾਮੈਂਟੋ, 27 ਮਾਰਚ (ਹੁਸਨ ਲੜੀਆਂ ਬੰਗਾ)-ਕੈਲੀਫੋਰਨੀਆ ਸਟੇਟ ਅੰਸਬਲੀ ਵਿਚ ਸੇਸਰ ਸ਼ਾਵੇਜ ਦਿਵਸ ਦਾ ਨਾਂ ਬਦਲ ਕੇ ਖੇਤ ਮਜ਼ਦੂਰ ਦਿਵਸ ਰੱਖਣ ਲਈ ਇਕ ਬਿੱਲ ਪਾਸ ਕਰ ਦਿੱਤਾ ਗਿਆ | 31 ਮਾਰਚ ਨੂੰ ਸੇਸਰ ਸ਼ਾਵੇਜ ਦਿਵਸ ਦੀ ਛੁੱਟੀ ਤੋਂ ਪਹਿਲਾਂ ਬਿੱਲ ਉੱਪਰ ਗਵਰਨਰ ਗੈਵਿਨ ਨਿਊਸੋਮ ਦੁਆਰਾ ਦਸਤਖ਼ਤ ਕਰ ਦਿੱਤੇ ਜਾਣਗੇ | ਇਹ ਕਦਮ ਖੇਤ ਮਜ਼ਦੂਰ ਆਗੂ ਤੇ ਮਾਨਵੀ ਹੱਕਾਂ ਬਾਰੇ ਕਾਰਕੁਨ ਸੇਸਰ ਸ਼ਾਵੇਜ ਉੱਪਰ ਸੈਕਸ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗਣ ਉਪਰੰਤ ਚੁੱਕਿਆ ਗਿਆ ਹੈ | ਪਿਛਲੇ ਹਫ਼ਤੇ ਸ਼ਾਵੇਜ ਉੱਪਰ ਦੋਸ਼ ਜਨਤਿਕ ਹੋਏ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ 1960 ਵਿਆਂ ਵਿਚ ਕੈਲੀਫੋਰਨੀਆ ਵਿਚ ਖੇਤ ਮਜ਼ਦੂਰ ਹੱਕਾਂ ਲਈ ਵੱਡਾ ਅੰਦੋਲਨ ਖੜਾ ਕਰ ਦੇਣ ਵਾਲੇ ਆਗੂ ਸ਼ਾਵੇਜ ਨੇ ਲੜਕੀਆਂ ਤੇ ਔਰਤਾਂ ਨਾਲ ਸਰੀਰਕ ਸਬੰਧ ਬਣਾਏ ਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ | ਸ਼ਾਵੇਜ ਉੱਪਰ ਦੋਸ਼ ਲਾਉਣ ਵਾਲਿਆਂ ਵਿਚ ਡੋਲੋਰਸ ਹੁਏਰਟਾ ਵੀ ਸ਼ਾਮਿਲ ਸੀ ਜਿਸ ਨੇ ਸ਼ਾਵੇਜ ਨਾਲ ਖੇਤ ਮਜ਼ਦੂਰ ਅੰਦੋਲਨ ਦੀ ਅਗਵਾਈ ਕੀਤੀ ਸੀ | 1993 ਵਿਚ ਸ਼ਾਵੇਜ ਦੀ ਮੌਤ ਤੋਂ ਬਾਅਦ ਖੇਤ ਮਜ਼ਦੂਰਾਂ ਵਿਚ ਉਸ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਸੀ ਤੇ ਕਿਸੇ ਨੋ ਸੋਚਿਆ ਵੀ ਨਹੀਂ ਸੀ ਕਿ ਇਸ ਤਰਾਂ ਜਨਤਿਕ ਜੀਵਨ ਵਿਚੋਂ ਉਸ ਦਾ ਨਾਂ ਹਟਾ ਦਿੱਤਾ ਜਾਵੇਗਾ | ਰਿਪਬਲੀਕਨ ਸੈਨਟ ਮੈਂਬਰ ਸੂਜ਼ੇਟ ਵਾਲਾਡੇਰਸ ਨੇ ਬਿੱਲ ਉੱਪਰ ਬੋਲਦਿਆਂ ਕਿਹਾ ਕਿ ਉਸ ਦੇ ਪਰਿਵਾਰ ਨੇ ਖੇਤਾਂ ਵਿਚ ਕੰਮ ਕਰਕੇ ਆਪਣਾ ਜੀਵਨ ਜੀਵਿਆ ਹੈ ਤੇ ਉਸ ਸਮੇਂ ਸ਼ਾਵੇਜ ਦੀ ਅਗਵਾਈ ਵਾਲੇ ਅੰਦੋਲਨ ਨੇ ਵੱਖ ਵੱਖ ਪਿਛੋਕੜਾਂ ਨਾਲ ਸਬੰਧ ਰੱਖਦੇ ਖੇਤ ਮਜ਼ਦੂਰਾਂ ਨੂੰ ਇੱਕਜੁੱਟ ਕਰ ਦਿੱਤਾ ਸੀ | ਹੋਰ ਸੈਨਟ ਮੈਂਬਰਾਂ ਨੇ ਖੇਤ ਮਜ਼ਦੂਰਾਂ ਨੂੰ ਮਹੱਤਵ ਦੇਣ ਉੱਪਰ ਜੋਰ ਦਿੱਤਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਮੀਗ੍ਰੇਸ਼ਨ ਦੇ ਛਾਪਿਆਂ ਦੇ ਮੱਦੇਨਜ਼ਰ ਖੇਤ ਮਜ਼ਦੂਰਾਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ | ਇਸ ਉਪਰੰਤ ਸੇਸਰ ਸ਼ਾਵੇਜ ਦਿਵਸ ਦੀ ਜਗਾ ਖੇਤ ਮਜ਼ਦੂਰ ਦਿਵਸ ਨਾਂ ਰੱਖਣ ਲਈ ਬਿੱਲ ਪ੍ਰਵਾਨ ਕਰ ਲਿਆ ਗਿਆ |