ਐਬਟਸਫੋਰਡ, 2 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਸਿੱਖ ਹੈਰੀਟੇਜ ਸੁਸਾਇਟੀ ਬਿ੍ਟਿਸ਼ ਕੋਲੰਬੀਆ ਵਲੋਂ ਗੁਰਜੋਤ ਸਿੰਘ ਕੂਨਰ, ਗੁਣਤਾਸ ਕੌਰ ਚੀਮਾ ਤੇ ਕਮਲਜੀਤ ਕੌਰ ਲੇਹਲ ਨੂੰ ਚੇਂਜ ਮੇਕਰਜ਼ 2026 ਐਵਾਰਡ ਨਾਲ ਨਿਵਾਜਿਆ ਗਿਆ ਹੈ | ਸਿੱਖ ਹੈਰੀਟੇਜ ਸੁਸਾਇਟੀ ਵਲੋਂ 1 ਤੋਂ 30 ਅਪ੍ਰੈਲ ਤੱਕ ਮਨਾਏ ਜਾਂਦੇ ਸਿੱਖ ਵਿਰਾਸਤੀ ਮਹੀਨੇ ਮੌਕੇ ਇਹ ਵੱਕਾਰੀ ਸਨਮਾਨ ਉਨ੍ਹਾਂ ਸ਼ਖ਼ਸੀਅਤਾਂ ਨੰੂ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪੋ ਆਪਣੇ ਖੇਤਰ 'ਚ ਭਾਈਚਾਰੇ ਲਈ ਅਹਿਮ ਯੋਗਦਾਨ ਪਾਇਆ ਹੋਵੇ | ਜ਼ਿਲ੍ਹਾ ਜਲੰਧਰ ਦੇ ਆਦਮਪੁਰ ਨੇੜਲੇ ਪਿੰਡ ਫਤਹਿਪੁਰ ਨਾਲ ਸੰਬੰਧਿਤ ਤੇ ਐਬਟਸਫੋਰਡ ਦੇ ਮੀਰੀ ਪੀਰੀ ਕੁਸ਼ਤੀ ਅਖਾੜੇ ਦੇ ਸੰਸਥਾਪਕ ਕੁਲਵਿੰਦਰ ਸਿੰਘ ਕੂਨਰ ਦਾ ਹੋਣਹਾਰ ਫਰਜ਼ੰਦ ਗੁਰਜੋਤ ਸਿੰਘ ਕੂਨਰ ਚੋਟੀ ਦਾ ਪਹਿਲਵਾਨ ਅਤੇ ਬਿ੍ਟਿਸ਼ ਕੋਲੰਬੀਆ ਰੈਸਿਲੰਗ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕਾ ਹੈ | ਵਿਸ਼ਵ ਸਿੱਖ ਸੰਸਥਾ ਦੀ ਉਪ ਪ੍ਰਧਾਨ ਰਹੀ ਵੈਨਕੂਵਰ ਦੀ ਉੱਘੀ ਵਕੀਲ ਗੁਣਤਾਸ ਕੌਰ ਕੈਨੇਡਾ ਦੀ ਪਹਿਲੀ ਪੰਜਾਬਣ ਹੈ, ਜਿਸ ਨੇ 2011 'ਚ ਜਨੇਵਾ ਵਿਖੇ ਯੂ.ਐਨ. ਹਾਈ ਕਮਿਸ਼ਨ ਵਲੋਂ ਮਨੁੱਖੀ ਅਧਿਕਾਰਾਂ ਲਈ ਘੱਟ ਗਿਣਤੀਆਂ ਦੇ ਹੱਕਾਂ ਲਈ ਦਿੱਤੀ ਗਈ ਫੈਲੋਸ਼ਿਪ 'ਚ ਹਿੱਸਾ ਲਿਆ ਸੀ | ਸੰਨ 1990 ਤੋਂ ਵਕਾਲਤ ਕਰ ਰਹੀ ਸੀਨੀਅਰ ਵਕੀਲ ਕਮਲਜੀਤ ਕੌਰ ਲੇਹਲ ਸੀ.ਬੀ.ਏ. ਨੈਸ਼ਨਲ ਇੰਮੀਗਰੇਸ਼ਨ ਦੀ ਚੇਅਰਪਰਸਨ ਤੇ ਕੈਨੇਡੀਅਨ ਅਤੇ ਅਮਰੀਕਨ ਬਾਰ ਐਸੋਸੀਏਸ਼ਨ ਦੀ ਮੈਂਬਰ ਹੈ ਤੇ ਬੀਤੀ ਜਨਵਰੀ 'ਚ ਕਮਲਜੀਤ ਕੌਰ ਨੂੰ ਕਿੰਗਜ਼ ਕੌਂਸਲ ਦੀ ਉਪਾਧੀ ਮਿਲੀ ਸੀ |