ਲੰਡਨ, 19 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਇਲਾਕੇ ਕੈਂਟ ਦੇ ਸ਼ਹਿਰ ਗ੍ਰੇਵਜ਼ੈਂਡ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਇਲਾਕੇ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਤੇ ਪੰਜ ਨਿਸ਼ਾਨਚੀ ਕਰ ਰਹੇ ਸਨ | ਗਿਆਨੀ ਮਾਹਲਾ ਸਿੰਘ ਨੇ ਅਰਦਾਸ ਕੀਤੀ ਅਤੇ ਗੁਰਬਾਣੀ ਕੀਰਤਨ ਕਰਦਿਆਂ ਟਾਊਨ ਹਾਲ ਸਮੇਤ ਵੱਖ-ਵੱਖ ਥਾਂਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸਮਾਪਤ ਹੋਇਆ | ਰਸਤਿਆਂ ਵਿੱਚ ਸੰਗਤਾਂ ਨੇ ਲੰਗਰ ਲਗਾਏ ਹੋਏ ਸਨ | ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੀਆਂ ਗਰਾਊਾਡਾਂ ਵਿਚ ਧਾਰਮਿਕ ਮੇਲੇ ਦਾ ਆਯੋਜਨ ਕੀਤਾ ਗਿਆ | ਜਿਸ ਮੌਕੇ ਮੁੱਖ ਸੇਵਾਦਾਰ ਇੰਦਰਪਾਲ ਸਿੰਘ ਸੱਲ, ਜਨਰਲ ਸਕੱਤਰ ਦਵਿੰਦਰ ਸਿੰਘ ਭਿੰਦਾ ਮੁਠੱਡਾ, ਸਥਾਨਿਕ ਮੇਅਰ , ਸੰਸਦ ਮੈਂਬਰ ਡਾ: ਲੌਰੇਨ ਸੁਲੀਵਾਨ, ਲੈਫ਼ਟੀਨੈਂਟ ਗੁਰਿੰਦਰ ਸੰਧਰ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਪੁਲਿਸ ਮੁਖੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਸੰਬੋਧਨ ਕਰਦਿਆਂ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ | ਸਥਾਨਿਕ ਸੰਸਦ ਮੈਂਬਰ ਡਾ: ਲੌਰੇਨ ਸੁਲੀਵਾਨ ਅਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਰਕਾਰ ਪਾਸੋਂ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਦੀ ਹਮਾਇਤ ਕਰਨ ਦੀ ਗੱਲ ਮੁੜ ਦੁਹਰਾਈ ਹੈ | ਇਸ ਮੌਕੇ ਇੰਦਰਪ੍ਰੀਤ ਕੌਰ, ਜਗਜੀਤ ਸਿੰਘ, ਨਰਿੰਦਰਜੀਤ ਸਿੰਘ ਥਾਂਦੀ, ਨਾਨਕ ਸਿੰਘ, ਜਗਦੇਵ ਸਿੰਘ ਵਿਰਦੀ, ਕੁਲਦੀਪ ਸਿੰਘ, ਨਿਰਮਲ ਸਿੰਘ, ਕਿਰਨ ਕੌਰ, ਤੇਜਿੰਦਰਜੀਤ ਕੌਰ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਸੱਤਾ ਮੁਠੱਡਾ, ਪਾਲਾ ਸਹੋਤਾ, ਕੁਲਵਿੰਦਰ ਸਿੰਘ ਸਹੋਤਾ, ਸਮੀਰ ਜੱਸਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ |