ਲੰਡਨ/ਲੈਸਟਰ, 24 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਅਕਤੂਬਰ 2025 ਨੂੰ ਬਰਮਿੰਘਮ ਦੇ ਵਾਲਸਾਲ ਇਲਾਕੇ ਵਿਚ ਇਕ ਸਿੱਖ ਮਹਿਲਾ ਨਾਲ ਜਬਰ ਜਨਾਹ ਕਰਨ ਵਾਲੇ 32 ਸਾਲਾ ਜੌਨ ਐਸ਼ਬੀ ਨਾਂਅ ਦੇ ਵਿਅਕਤੀ ਨੂੰ ਅੱਜ ਬਰਮਿੰਘਮ ਕਰਾਊਨ ਕੋਰਟ 'ਚ ਜੱਜ ਜਸਟਿਸ ਪੇਪਰਾਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਘੱਟੋ ਘੱਟ ਜਮਾਨਤ ਤੋਂ ਪਹਿਲਾਂ ਸਿੱਖ ਮਹਿਲਾ ਤੇ ਧਾਰਮਿਕ ਕਾਰਨਾ ਕਰਕੇ ਹਮਲਾ ਕਰਨ ਲਈ ਘੱਟੋ ਘੱਟ 14 ਸਾਲ ਕੈਦ ਰੱਖਣ ਦੇ ਹੁਕਮ ਦਿੱਤੇ ਹਨ | ਅਦਾਲਤ ਨੇ ਬਚਾਅ ਪੱਖ ਦੀ ਮਾਨਸਕਿ ਰੋਗਾਂ ਦੀ ਦਲੀਲ ਨੂੰ ਅਸਵੀਕਾਰ ਕਰਦਿਆਂ ਐਸ਼ਬੀ ਦੇ ਹਮਲੇ ਨੂੰ ਧਾਰਮਿਕ ਵਿਰੋਧੀ, ਗੰਭੀਰ ਅਪਰਾਧ ਮੰਨਿਆ | ਜ਼ਿਕਰਯੋਗ ਹੈ ਕਿ ਦੋਸ਼ੀ ਜੌਨ ਐਸ਼ਬੀ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ | ਦੋਸ਼ੀ ਨੇ ਅਦਾਲਤ ਵਿਚ ਕਿਹਾ ਕਿ ਉਸ ਨੇ ਮੁਸਲਿਮ ਸਮਝ ਕੇ ਸਿੱਖ ਮਹਿਲਾ 'ਤੇ ਹਮਲਾ ਕੀਤਾ | ਜਦ ਕਿ ਮਹਿਲਾ ਵਾਰ ਵਾਰ ਕਹਿੰਦੀ ਰਹੀ ਕਿ ਉਹ ਸਿੱਖ ਹੈ | ਅਦਾਲਤ ਵਿਚ ਪੀੜਤਾ ਨੇ ਕਿਹਾ ਕਿ ਇਸ ਘਟਨਾ ਨੇ ਉਸ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ ਹੈ | ਇਸ ਦਾ ਅਸਰ ਉਸ ਦੇ ਦੋਸਤਾਂ ਅਤੇ ਪ੍ਰੀਵਾਰ ਤੇ ਪਿਆ ਹੈ | ਦੋਸ਼ੀ ਨੇ ਪੀੜਤਾ ਦੀ ਕੁੱਟ ਮਾਰ ਵੀ ਕੀਤੀ ਤੇ ਉਸ ਦਾ ਮੋਬਾਇਲ ਫੋਨ ਤੇ ਗਹਿਣੇ ਵੀ ਲੁੱਟ ਲਏ ਸਨ |