ਸਾਨ ਫਰਾਂਸਿਸਕੋ, 3 ਮਈ (ਐਸ. ਅਸ਼ੋਕ ਭੌਰਾ)-ਪੰਜਾਬੀ ਕਲਚਰਲ ਸੋਸਾਇਟੀ, ਸ਼ਿਕਾਗੋ (ਪੀ.ਸੀ.ਐਸ.) ਨੇ ਹਾਲ ਹੀ ਵਿਚ ਇਥੋਂ ਦੇ ਕੋਪਰਨਿਕਸ ਸੈਂਟਰ ਵਿਖੇ ਵਿਸਾਖੀ ਸਮਾਰੋਹ 'ਰੰਗਲਾ ਪੰਜਾਬ 2026' ਕਰਵਾਇਆ | ਸਮਾਗਮ 'ਚ 300 ਤੋਂ ਵੱਧ ਗੱਭਰੂ-ਮੁਟਿਆਰਾਂ ਨੇ 27 ਸਟੇਜੀ ਪੇਸ਼ਕਾਰੀਆਂ ਕੀਤੀਆਂ ਤੇ ਵੱਡੀ ਗਿਣਤੀ 'ਚ ਮਹਿਮਾਨ ਤੇ ਪੰਜਾਬੀ ਭਾਈਚਾਰੇ ਦੇ ਲੋਕ ਪੁੱਜੇ | ਪੀ.ਸੀ.ਐਸ. ਦੇ ਉਪ ਪ੍ਰਧਾਨ ਗੁਰਲਾਲ ਸਿੰਘ ਭੱਠਲ ਦੇ ਰਸਮੀ ਸਵਾਗਤ ਪਿੱਛੋਂ ਮਿੰਨੀ ਸਿੰਘ ਵਲੋਂ ਪੇਸ਼ ਕੀਤੇ ਗਏ ਅਮਰੀਕੀ ਰਾਸ਼ਟਰੀ ਗੀਤ ਤੇ ਪਰਮਵੀਰ ਕੌਰ ਤੇ ਤੇਜਵੀਰ ਸਿੰਘ ਸੂਦਨ ਵਲੋਂ ਕਰਵਾਏ ਇੱਕ ਨੌਜਵਾਨ-ਅਗਵਾਈ ਵਾਲੇ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ | ਲੋਕ ਕਲਾਵਾਂ 'ਚ ਭੰਗੜਾ, ਗਿੱਧਾ, ਝੂਮਰ, ਮਲਵਈ ਗਿੱਧਾ, ਸੰਮੀ ਲੋਕ ਨਾਚ, ਬਾਲੀਵੁੱਡ ਭੰਗੜਾ, ਤੇ ਪੰਜ ਤੋਂ ਪੰਜਾਹ ਤੋਂ ਵੱਧ ਉਮਰ ਦੇ ਕਲਾਕਾਰਾਂ ਵਲੋਂ ਕੋਰੀਓਗ੍ਰਾਫ਼ੀ ਯਾਦ ਰੱਖਣਯੋਗ ਸੀ | ਪ੍ਰਸਿੱਧ ਸੰਗੀਤਕ ਪੇਸ਼ਕਾਰੀਆਂ ਵਿਚ ਅਦਿਤੀ ਵਿੱਜ, ਅਨਿਕਾ ਵਿੱਜ, ਲਾਜਵਿੰਦਰ ਕੌਰ ਗਿੱਲ ਅਤੇ ਸੁਰਿੰਦਰ ਸਿੰਘ ਸੇਠੀ ਦੁਆਰਾ ਪੰਜਾਬੀ ਲੋਕ ਗੀਤ ਦੇ ਨਾਲ ਰਕਿੰਦ ਕੌਰ ਵਲੋਂ ਕਾਵਿਤਾ ਪਾਠ ਵੀ ਸ਼ਾਮਲ ਸਨ | ਪ੍ਰਧਾਨ ਬਿਕਰਮ ਸਿੰਘ ਸੋਹੀ, ਚੇਅਰਵੂਮੈਨ ਡਾ. ਪਿ੍ਮਲ ਕੌਰ, ਐਮ.ਡੀ. ਦੀ ਯੋਗ ਅਗਵਾਈ ਹੇਠ, ਪੀ.ਸੀ.ਐਸ. ਟੀਮ ਵਲੋਂ ਤਿਆਰ ਇਹ ਪ੍ਰੋਗਰਾਮ ਪਰੰਪਰਾ ਨੂੰ ਸਮਕਾਲੀ ਜਸ਼ਨ, ਭਾਈਚਾਰਕ ਸਿਰਜਣਾ ਅਤੇ ਕਲਾਤਮਕ ਉੱਤਮਤਾ ਦਾ ਸੁਮੇਲ ਸੀ | ਅਮਰਜੀਤ ਸਿੰਘ ਢੀਂਡਸਾ, ਲਖਬੀਰ ਸਿੰਘ ਢੀਂਡਸਾ, ਪਲੈਟੀਨਮ ਸਪਾਂਸਰ ਜੈਦੇਵ ਸਿੰਘ ਭੱਠਲ ਤੇ ਗੋਲਡ ਸਪਾਂਸਰ ਗੁਲਜ਼ਾਰ ਸਿੰਘ ਮੁਲਤਾਨੀ ਤੇ ਡਾ. ਹਰਜਿੰਦਰ ਸਿੰਘ ਖਹਿਰਾ, ਗੁਰਿੰਦਰਜੀਤ ਸਿੰਘ ਗਰੇਵਾਲ, ਰਣਬੀਰ ਸਿੰਘ ਧਾਲੀਵਾਲ, ਸੁਖਮੇਲ ਸਿੰਘ ਅਟਵਾਲ, ਅਤੇ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਮੁੱਖ ਵਿਤੀ ਸਹਿਯੋਗੀਆਂ ਵਿਚ ਸ਼ਾਮਲ ਸਨ | ਪ੍ਰਧਾਨ ਬਿਕਰਮ ਸੋਹੀ ਨੇ ਪੈਲਾਟਾਈਨ, ਇਲੀਨੋਇਸ 'ਚ ਪੰਜਾਬੀਆਂ ਦੀ ਵਿਰਾਸਤੀ ਸਹੂਲਤ ਲਈ ਇਕ ਕੇਂਦਰ ਕਾਇਮ ਕਰਨ ਦਾ ਐਲਾਨ ਕੀਤਾ, ਜਿਸਨੂੰ ਮਿਡਵੈਸਟ ਵਿਚ ਪਹਿਲੇ ਪੰਜਾਬੀ ਕਮਿਊਨਿਟੀ ਸੈਂਟਰ ਵਜੋਂ ਜਾਣਿਆਂ ਜਾਵੇਗਾ | ਸਮਾਗਮ ਦੌਰਾਨ, ਮਹਿਮਾਨਾਂ, ਸਪਾਂਸਰਾਂ ਅਤੇ ਸੰਗਠਨ ਦੇ ਨੇਤਾਵਾਂ ਨੂੰ ਯਾਦਗਾਰੀ ਨਿਸ਼ਾਨੀਆਂ ਭੇਟ ਕੀਤੀਆਂ ਗਈਆਂ |