ਸਾਨ ਫਰਾਂਸਿਸਕੋ, 5 ਮਈ (ਐਸ. ਅਸ਼ੋਕ ਭੌਰਾ)-ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਲਈ ਪ੍ਰਮੁੱਖ ਦਾਅਵੇਦਾਰਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਚੈਡ ਬਿਆਂਕੋ ਨੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਵਿਖੇ ਉਚੇਚਾ ਪਹੁੰਚ ਕੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਅਮਰੀਕਾ ਦੀ ਖ਼ੁਸ਼ਹਾਲੀ ਤੇ ਤਰੱਕੀ 'ਚ ਖ਼ਾਸ ਕਰ ਕੈਲੀਫੋਰਨੀਆ 'ਚ ਪੰਜਾਬੀ ਭਾਈਚਾਰੇ ਦਾ ਕਾਫੀ ਵੱਡਾ ਯੋਗਦਾਨ ਹੈ, ਚਾਹੇ ਉਹ ਟਰਕਿੰਗ ਇੰਡਸਟਰੀ ਹੋਵੇ ਜਾਂ ਖੇਤੀਬਾੜੀ ਦਾ ਖੇਤਰ, ਸਿੱਖ ਭਾਈਚਾਰੇ ਦੀਆਂ ਸੇਵਾਵਾਂ ਹਮੇਸ਼ਾ ਸਲਾਹੁਣਯੋਗ ਰਹੀਆਂ ਹਨ | ਉਨ੍ਹਾਂ ਪ੍ਰਾਇਮਰੀ ਚੋਣਾਂ ਵਿਚ ਵੋਟਰਾਂ ਨੂੰ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਸਰਬੱਤ ਦਾ ਭਲਾ ਹੀ ਨਹੀਂ ਮੰਗਦਾ ਸਗੋਂ ਉਹ ਅਮਰੀਕਾ ਦੇ ਭਾਈਚਾਰਕ ਖੇਤਰ ਤੇ ਅਮਰੀਕੀ ਸੱਭਿਅਤਾ 'ਚ ਆਪਣੀਆਂ ਸੇਵਾਵਾਂ ਵਿਚ ਸਥਾਨਕ ਲੋਕਾਂ ਲਈ ਹਮੇਸ਼ਾ ਸਤਿਕਾਰ ਦਾ ਪਾਤਰ ਰਿਹਾ ਹੈ | ਬਿਆਂਕੋ ਨਾਲ ਪਰਿਵਾਰਿਕ ਨੇੜਤਾ ਰੱਖਣ ਵਾਲੇ ਚੰਦੀ ਤੇ ਕਾਹਲੋਂ ਪਰਿਵਾਰ ਵੱਲੋਂ ਬਿਆਂਕੋ ਨੂੰ ਸੰਗਤਾਂ ਦੇ ਸਨਮੁੱਖ ਹੋਣ ਦਾ ਉਚੇਚਾ ਯਤਨ ਤੇ ਪ੍ਰਬੰਧ ਕੀਤਾ ਗਿਆ | ਪਿਸਤਕਿੰਗ ਕਰਕੇ ਜਾਣੇ ਜਾਂਦੇ ਰਾਜ ਕਾਹਲੋਂ ਤੇ ਪੈਟਰੋਲੀਅਮ ਕਿੰਗ ਨਛੱਤਰ ਚੰਦੀ, ਕਾਰੋਬਾਰੀ ਨਿਰਮਲ ਸਿੰਘ ਚੰਦੀ ਹੋਰਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਲੀਫੋਰਨੀਆ ਵਿਚ ਬਦਲਾਅ ਦੀ ਜ਼ਰੂਰਤ ਹੈ ਤੇ ਇਸ ਵਾਰ ਲੋਕੀ ਚਾਹੁੰਦੇ ਨੇ ਕਿ ਇੱਥੇ ਰਿਪਬਲਿਕਨ ਪਾਰਟੀ ਦਾ ਗਵਰਨਰ ਰਾਜਭਾਗ ਸੰਭਾਲੇ | ਇਸ ਮੌਕੇ ਤੇ ਹੋਰ ਵੀ ਵੱਖ-ਵੱਖ ਸਿੱਖ ਤੇ ਭਾਈਚਾਰੇ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ |