ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਅਸਤੀਫੇ ਦੀ ਮੰਗ ਅਜੇ ਦੁਵਿਧਾ ਵਿਚ ਫਸੀ ਹੋਈ ਹੈ | ਸੰਸਦ ਦੇ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਨਾਲ ਹੋਈ ਮੁਲਾਕਾਤ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ | ਇਹ 17 ਮਿੰਟ ਦੀ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ 10 ਡਾਊਨਿੰਗ ਸਟਰੀਟ ਨੇ ਬਿਆਨ ਜਾਰੀ ਕਰਦਿਆਂ ਜਨਤਕ ਤੌਰ 'ਤੇ ਭਰੋਸਾ ਪ੍ਰਗਟ ਕੀਤਾ ਹੈ, ਭਾਵ ਕਿ ਉਹ ਅਸਤੀਫਾ ਨਹੀਂ ਦੇਣਗੇ | ਸਟ੍ਰੀਟਿੰਗ ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ | ਜਦ ਕਿ ਨਜ਼ਦੀਕੀ ਸਾਥੀਆਂ ਨੇ ਜਲਦੀ ਅਸਤੀਫਾ ਦੇਣ ਦੇ ਸੰਕੇਤ ਦਿੱਤੇ ਹਨ, ਤਾਂ ਜੋ ਲੀਡਰਸ਼ਿਪ ਲਈ ਰਸਮੀ ਚੁਣੌਤੀ ਪੇਸ਼ ਕੀਤੀ ਜਾ ਸਕੇ | ਪਰ ਸੰਸਦ ਵਿਚ ਉਹ ਪ੍ਰਧਾਨ ਮੰਤਰੀ ਨਾਲ ਪਹਿਲੀ ਕਤਾਰ ਵਿਚ ਬੈਠੇ ਵਿਖਾਈ ਦਿੱਤੇ | ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ, ਲਗਭਗ 100 ਲੇਬਰ ਸਾਂਸਦਾਂ ਨੇ ਸਟਾਰਮਰ ਦੇ ਅਸਤੀਫੇ ਦੀ ਮੰਗ ਕੀਤੀ ਹੈ, ਜਦਕਿ ਇੰਨੀ ਹੀ ਗਿਣਤੀ ਵਿਚ ਸਾਂਸਦ ਉਨ੍ਹਾਂ ਦੇ ਸਮਰਥਨ ਵਿਚ ਵੀ ਹਨ |