ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੱਲ੍ਹ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਮਿਲ ਰਹੀ ਚੁਣੌਤੀ ਤੋਂ ਬਾਅਦ ਰਾਜ ਸਿਹਤ ਮੰਤਰੀ ਜੇਸ ਫਿਲਿਪਸ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕੀਰ ਸਟਾਰਮਰ ਨੇ ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕਰਦਿਆਂ ਰਾਜ ਸਿਹਤ ਅਤੇ ਸਮਾਜ ਭਲਾਈ ਮੰਤਰੀ ਦਾ ਅਹੁਦਾ ਦਿੱਤਾ ਹੈ | ਬ੍ਰਮਿੰਘਮ ਦੇ ਐਜਬਾਸਟਨ ਤੋਂ ਸੰਸਦ ਮੈਂਬਰ ਇਸ ਖੇਤਰ ਦਾ ਤਜ਼ਰਬਾ ਰੱਖਦੀ ਹੈ | ਜ਼ਿਕਰਯੋਗ ਹੈ ਕਿ ਪ੍ਰੀਤ ਕੌਰ ਗਿੱਲ 2017 ਵਿਚ ਪਹਿਲੀ ਵਾਰ ਸੰਸਦ ਮੈਂਬਰ ਚੁਣੀ ਗਈ ਸੀ | ਉਹ ਹੁਣ ਤੱਕ ਅੰਤਰਰਾਸ਼ਟਰੀ ਵਿਕਾਸ ਸ਼ੈਡੋ ਮੰਤਰੀ, ਪ੍ਰਾਇਮਰੀ ਕੇਅਰ ਅਤੇ ਪਬਲਿਕ ਸਿਹਤ ਸ਼ੈਡੋ ਮੰਤਰੀ ਦੇ ਅਹੁਦਿਆਂ 'ਤੇ ਰਹਿ ਚੁੱਕੀ ਹੈ | ਪ੍ਰੀਤ ਕੌਰ ਦੀ ਨਿਯੁਤਕੀ ਦਾ ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ, ਗੁਰਦੁਆਰਾ ਸਮੈਦਿਕ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |