04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026

ਲੈਸਟਰ (ਇੰਗਲੈਂਡ), 15 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਪ੍ਰਸਿੱਧ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਗੁਰਸਿੱਖ ਅੰਮ੍ਰਿਤਧਾਰੀ ਪੰਜਾਬੀ ਸਿੱਖ ਨੂੰ ਸਿਟੀ ਕੌਂਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਕੁਲਵਿੰਦਰ ਸਿੰਘ ਜੌਹਲ ਨੇ ਲੈਸਟਰ ਦੇ ਪਹਿਲੇ ਪੂਰਨ ਗੁਰਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ। ਲੈਸਟਰ ਟਾਊਨ ਹਾਲ ਵਿਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਪੰਜਾਬੀ ਤੇ ਸਿੱਖ ਭਾਈਚਾਰੇ ਵਿੱਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਦੇਖਣ ਨੂੰ ਮਿਲਿਆ। ਕੁਲਵਿੰਦਰ ਸਿੰਘ ਜੌਹਲ ਦਾ ਸਬੰਧ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜਲੇ ਪਿੰਡ ਤੇਹੰਗ ਨਾਲ ਹੈ। ਉਹ ਛੋਟੀ ਉਮਰ ਵਿਚ ਆਪਣੇ ਪਰਿਵਾਰ ਨਾਲ ਇੰਗਲੈਂਡ ਆ ਵੱਸੇ ਸਨ। ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਜੌਹਲ ਤੇ ਮਾਤਾ ਤਰਸੇਮ ਕੌਰ ਜੌਹਲ ਨੇ ਉਨ੍ਹਾਂ ਨੂੰ ਮਿਹਨਤ ਤੇ ਲੋਕ ਸੇਵਾ ਦੇ ਸੰਸਕਾਰ ਦਿੱਤੇ। ਉਨ੍ਹਾਂ ਨੇ ਆਪਣੀ ਪੜ੍ਹਾਈ ਲੈਸਟਰ 'ਚ ਪੂਰੀ ਕੀਤੀ ਤੇ ਬਾਅਦ 'ਚ ਰਸਲ ਕਾਸਟਿੰਗਜ਼ ਕੰਪਨੀ 'ਚ ਲਗਭਗ 25 ਸਾਲ ਕੰਮ ਕੀਤਾ। ਕੰਮ ਦੌਰਾਨ ਉਹ ਮਜ਼ਦੂਰਾਂ ਦੇ ਹੱਕਾਂ ਲਈ ਵੀ ਆਵਾਜ਼ ਚੁੱਕਦੇ ਰਹੇ। ਉਹ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਰਹੇ ਹਨ।ਸਿੱਖ ਧਰਮ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਲੰਮੇ ਸਮੇਂ ਤੱਕ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲਿਆ। ਉਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਲੈਸਟਰ ਦੇ ਕਈ ਸਾਲ ਜਨਰਲ ਸਕੱਤਰ ਰਹੇ। ਸਾਲ 2002 'ਚ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਗੁਰਦੁਆਰਾ ਦੌਰੇ ਸਮੇਂ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਮਹਾਰਾਣੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਖੇਡਾਂ ਦੇ ਖੇਤਰ 'ਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਜੀ.ਐਨ.ਜੀ ਫੁੱਟਬਾਲ ਕਲੱਬ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਨੇ ਖ਼ਾਸ ਭੂਮਿਕਾ ਨਿਭਾਈ। ਉਹ ਹਮੇਸ਼ਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਚੰਗੀਆਂ ਗਤੀਵਿਧੀਆਂ ਵੱਲ ਲਿਆਉਣ ਲਈ ਯਤਨ ਕਰਦੇ ਰਹੇ ਹਨ। ਕੁਲਵਿੰਦਰ ਸਿੰਘ ਜੌਹਲ ਲੈਸਟਰ ਦੇ ਬਰਾਊਨਸਟੋਨ ਪਾਰਕ ਤੇ ਰੌਲੀ ਫੀਲਡਜ਼ ਇਲਾਕੇ ਵਿੱਚ ਰਹਿੰਦੀਆ ਲੋਕ ਭਲਾਈ ਦੇ ਕਾਰਜ ਕਰਦੇ ਰਹੇ। ਲੋਕਾਂ ਨਾਲ ਸਿੱਧਾ ਮਿਲਣਾ, ਸਾਦਗੀ ਨਾਲ ਰਹਿਣਾ ਅਤੇ ਹਰ ਵਰਗ ਦੀ ਮਦਦ ਕਰਨਾ ਉਨ੍ਹਾਂ ਦੀ ਖ਼ਾਸ ਪਹਿਚਾਣ ਬਣੀ। ਸਾਲ 2015 ਵਿਚ ਉਹ ਪਹਿਲੀ ਵਾਰ ਲੇਬਰ ਪਾਰਟੀ ਵੱਲੋਂ ਕੌਂਸਲਰ ਚੁਣੇ ਗਏ ਅਤੇ ਉਸ ਤੋਂ ਬਾਅਦ ਲਗਾਤਾਰ ਕੌਂਸਲਰ ਵਜੋਂ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਲਾਰਡ ਮੇਅਰ ਵਜੋਂ ਉਹ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਅਤੇ ਲੈਸਟਰ ਹਸਪਤਾਲ ਸਹਾਇਤਾ ਸੰਸਥਾ ਦੇ ਕੰਮਾਂ ਨੂੰ ਹੋਰ ਅੱਗੇ ਵਧਾਉਣਗੇ। ਇਹ ਸੰਸਥਾਵਾਂ ਭੁੱਖੇ, ਬੇਘਰ ਅਤੇ ਬਿਮਾਰ ਲੋਕਾਂ ਦੀ ਮਦਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲੈਸਟਰ ਦੇ ਹਰ ਵਿਅਕਤੀ ਦੀ ਸੇਵਾ ਨਿਮਰਤਾ ਅਤੇ ਇਮਾਨਦਾਰੀ ਨਾਲ ਕਰਨਗੇ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਜੌਹਲ ਲੇਡੀ ਮੇਅਰੈੱਸ ਵਜੋਂ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਦੀ ਧੀ ਗੁਰਸਿਮਰਨ ਕੌਰ ਹੇਅਰ ਕਨਸੋਰਟ ਦੀ ਜ਼ਿੰਮੇਵਾਰੀ ਨਿਭਾਉਣਗੇ, ਜਦਕਿ ਪੁੱਤਰ ਅਸ਼ਵੀਰ ਸਿੰਘ ਜੌਹਲ ਵੀ ਪਰਿਵਾਰਕ ਸਮਾਗਮਾਂ ਵਿੱਚ ਸ਼ਮੂਲੀਅਤ ਕਰੇਗਾ। ਕੁਲਵਿੰਦਰ ਸਿੰਘ ਜੌਹਲ ਦੀ ਇਸ ਇਤਿਹਾਸਕ ਤਾਜਪੋਸ਼ੀ ਨੂੰ ਲੈ ਕੇ ਲੈਸਟਰ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਨੂੰ ਭਾਈਚਾਰੇ ਲਈ ਮਾਣ ਵਾਲਾ ਅਤੇ ਇਤਿਹਾਸਕ ਪਲ ਦੱਸਿਆ ਹੈ।

Ad Position 22
No active advertisement
ਪਿਛਲੀ ਖ਼ਬਰ ਓਹਾਇਓ ਵਿਚ ਇਕ ਛੋਟਾ ਜਹਾਜ਼ ਘਰ ਨਾਲ ਟਕਰਾਇਆ, 2 ਮੌਤਾਂ ਅਗਲੀ ਖ਼ਬਰ ਇੰਗਲੈਂਡ ਦੇ ਸਕੂਲਾਂ 'ਚ ਮੈਨਿੰਜਾਈਟਿਸ ਦੇ ਨਵੇਂ ਮਾਮਲੇ, ਇਕ ਵਿਦਿਆਰਥੀ ਦੀ ਮੌਤ
Ad Position 24