ਲੈਸਟਰ (ਇੰਗਲੈਂਡ), 29 ਮਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਵੇਲਜ਼ ਖੇਤਰ 'ਚ ਕੰਮ ਕਰ ਰਹੇ ਭਾਰਤੀ ਮੂਲ ਦੇ ਨਿਊਰੋਸਰਜਨ ਡਾ. ਚਿਰਾਗ ਪਟੇਲ ਨੂੰ ਇਕ ਮਹਿਲਾ ਮਰੀਜ਼ ਨਾਲ ਸਰੀਰਕ ਸਬੰਧ ਬਣਾਉਣ ਤੇ ਬਿਨਾਂ ਅਧਿਕਾਰਤ ਰਿਕਾਰਡ ਰੱਖੇ ਨਿਯੰਤਰਿਤ ਦਰਦ ਨਿਵਾਰਕ ਦਵਾਈਆਂ ਦੇਣ ਦੇ ਮਾਮਲੇ 'ਚ 8 ਮਹੀਨਿਆਂ ਲਈ ਡਾਕਟਰੀ ਅਭਿਆਸ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਇਹ ਫ਼ੈਸਲਾ ਮੈਡੀਕਲ ਪ੍ਰੈਕਟੀਸ਼ਨਰਜ਼ ਟਿ੍ਬਿਊਨਲ ਸਰਵਿਸ (ਐੱਮ.ਪੀ.ਟੀ.ਐੱਸ.) ਵੱਲੋਂ ਸੁਣਾਇਆ ਗਿਆ ਹੈ | ਟਿ੍ਬਿਊਨਲ ਦੇ ਰਿਕਾਰਡ ਅਨੁਸਾਰ ਡਾ. ਪਟੇਲ ਕਾਰਡਿਫ ਸਥਿਤ ਯੂਨੀਵਰਸਿਟੀ ਹਸਪਤਾਲ ਆਫ਼ ਵੇਲਜ਼ ਵਿਚ ਕਨਸਲਟੈਂਟ ਨਿਊਰੋਸਰਜਨ ਵਜੋਂ ਸੇਵਾ ਨਿਭਾ ਰਹੇ ਸਨ | ਉਨ੍ਹਾਂ ਨੇ ਫਰਵਰੀ 2019 ਤੋਂ ਦਸੰਬਰ 2021 ਦਰਮਿਆਨ ਇਕ ਮਹਿਲਾ ਮਰੀਜ਼ ਦਾ ਤਿੰਨ ਵਾਰ ਆਪਰੇਸ਼ਨ ਕੀਤਾ ਸੀ | ਪਹਿਲਾ ਡਿਸਕੈਕਟੋਮੀ ਆਪਰੇਸ਼ਨ ਫਰਵਰੀ 2019 'ਚ, ਦੂਜਾ ਅਗਸਤ 2019 ਵਿਚ ਤੇ ਤੀਜਾ ਦਸੰਬਰ 2021 'ਚ ਕੀਤਾ ਗਿਆ ਸੀ | ਇਲਾਜ ਦੌਰਾਨ ਤੇ ਇਸ ਤੋਂ ਬਾਅਦ ਡਾਕਟਰ ਤੇ ਮਰੀਜ਼ ਵਿਚਕਾਰ ਨਜ਼ਦੀਕੀਆਂ ਵਧੀਆਂ ਤੇ ਦੋਵਾਂ ਵਿਚਕਾਰ ਸਰੀਰਕ ਸਬੰਧ ਬਣ ਗਏ, ਜੋ ਲਗਭਗ 6 ਮਹੀਨਿਆਂ ਤੱਕ ਚੱਲੇ | ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਚਕਾਰ ਰਿਸ਼ਤਾ ਜਨਵਰੀ 2023 ਤੱਕ ਜਾਰੀ ਰਿਹਾ | ਇਸ ਦੌਰਾਨ ਡਾ. ਪਟੇਲ ਵੱਲੋਂ ਮਰੀਜ਼ ਨੂੰ ਓਪੀਓਇਡ ਸ਼੍ਰੇਣੀ ਦੀਆਂ ਨਿਯੰਤਰਿਤ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਰਹੀਆਂ, ਪਰ ਉਨ੍ਹਾਂ ਦਾ ਕੋਈ ਅਧਿਕਾਰਤ ਮੈਡੀਕਲ ਰਿਕਾਰਡ ਨਹੀਂ ਰੱਖਿਆ ਗਿਆ | ਇਹ ਵੀ ਦੱਸਿਆ ਗਿਆ ਕਿ ਬਾਅਦ 'ਚ ਮਰੀਜ਼ ਨੇ ਡਾਕਟਰ ਨੂੰ ਉਨ੍ਹਾਂ ਦੇ ਸਬੰਧਾਂ ਦਾ ਖੁਲਾਸਾ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ |