ਐਬਟਸਫੌਰਡ, 19 ਜੂਨ (ਗੁਰਦੀਪ ਗਰੇਵਾਲ)- ਕੈਨੇਡਾ ਦੇ ਵਿਦਿਅਕ ਖੇਤਰ ‘ਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਕਹੂਲਿਚ ਫਾਉਂਡੇਸ਼ਨ ਵਲੋਂ ਵੱਖ-ਵੱਖ ਸਕੂਲਾਂ ਤੋਂ ਗਰੈਜੂਏਟ ਹੋਏ 4 ਹੋਣਹਾਰ ਪੰਜਾਬੀ ਵਿਦਿਆਰਥੀਆਂ ਨੂੰ 4 ਲੱਖ 40 ਹਜ਼ਾਰ ਡਾਲਰ ਭਾਵ ਤਕਰੀਬਨ 2 ਕਰੋੜ 97 ਲੱਖ ਰੁਪਏ ਵਜੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ| ਇਸ ਵਕਾਰੀ ਸਕਾਲਰਸ਼ਿਪ ਵਾਸਤੇ ਦੇਸ਼ ਭਰ ਤੋਂ 1300 ਵਿਦਿਆਰਥੀਆਂ ਨੇ ਅਰਜੀ ਦਿੱਤੀ ਸੀ| ਜਿਨ੍ਹਾਂ ‘ਚ ਕੁੱਲ 100 ਚੁਣੇ ਗਏ ਵਿਦਿਆਰਥੀਆਂ ਚੋਂ ਪੰਜਾਬੀ ਈਸ਼ਾ ਗਿੱਲ, ਸਿਧੀ ਸਿੰਘ, ਅਕਾਸ਼ ਅਨੰਦ ਤੇ ਅਰਪਨ ਖੇੜਾ ਵੀ ਸ਼ਾਮਿਲ ਹਨ| ਵਜੀਫਾ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਈਸ਼ਾ ਗਿੱਲ ਅਤੇ ਸਿਧੀ ਸਿੰਘ ਇੰਜਨੀਅਰਿੰਗ ਦੀ ਪੜਾਈ ਕਰਨਗੀਆਂ ਜਦਕਿ ਅਕਾਸ਼ ਆਨੰਦ ਤੇ ਅਰਪਨ ਖੇੜਾ ਸਾਇੰਸ ਦੀ ਪੜਾਈ ਕਰਨਗੇ| ਸਕਹੂਲਿਚ ਫਾਉਂਡੇਸ਼ਨ ਵਲੋਂ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ 1 ਲੱਖ 20 ਹਜ਼ਾਰ ਡਾਲਰ ਅਤੇ ਸਾਇੰਸ ਤੇ ਗਣਿਤ ਦੇ ਵਿਦਿਆਰਥੀ ਨੂੰ 1 ਲੱਖ ਡਾਲਰ ਦਾ ਵਜੀਫਾ ਦਿੱਤਾ ਜਾਂਦਾ ਹੈ ਤੇ ਕੈਨੇਡਾ ਵਿਚ ਇੰਜੀਨੀਅਰਿੰਗ ਦੇ ਵਿਦਿਆਰਥੀ ਲਈ ਇਹ ਸਭ ਤੋਂ ਵੱਡੀ ਰਕਮ ਵਾਲਾ ਵਜੀਫਾ ਹੈ| ਫਾਉਂਡੇਸ਼ਨ ਵਲੋਂ ਇਸ ਵਜੀਫੇ ਲਈ ਵਿਦਿਆਰਥੀ ‘ਚ ਲੀਡਰਸ਼ਿਪ ਵਾਲੇ ਗੁਣ ਉੱਚਾ ਆਚਰਣ ਵਚਨਵੱਧਤਾ ਤੇ ਭਾਈਚਾਰੇ ਵਾਸਤੇ ਕੀਤੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ|
ਕੈਨੇਡਾ ’ਚ 4 ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 4 ਲੱਖ 40 ਹਜ਼ਾਰ ਡਾਲਰ ਦਾ ਵਜੀਫਾ
ਅਜੀਤ ਡੈਸਕ
20-06-2026