ਬਰਨਹੈਮ ਨੂੰ ਵਾਗਡੋਰ ਸੌਂਪਣ ਦੀ ਹੋ ਰਹੀ ਮੰਗ
ਲੰਡਨ, 21 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ‘ਤੇ ਉਨ੍ਹਾਂ ਦੀ ਆਪਣੀ ਹੀ ਲੇਬਰ ਪਾਰਟੀ ਦੇ ਸੀਨੀਅਰ ਆਗੂਆਂ ਤੇ ਸੰਸਦ ਮੈਂਬਰਾਂ ਵੱਲੋਂ ਅਸਤੀਫ਼ਾ ਦੇਣ ਜਾਂ ਅਹੁਦਾ ਛੱਡਣ ਦੀ ਸਮਾਂ-ਸੀਮਾ ਤੈਅ ਕਰਨ ਦਾ ਭਾਰੀ ਦਬਾਅ ਹੈ। ਇਹ ਸੰਕਟ ਐਂਡੀ ਬਰਨਹੈਮ ਦੀ ਹਾਲੀਆ ਸਿਆਸੀ ਜਿੱਤ ਤੋਂ ਬਾਅਦ ਹੋਰ ਡੂੰਘਾ ਹੋ ਗਿਆ ਹੈ। ਗ੍ਰੇਟਰ ਮੈਨਚੈਸਟਰ ਦੇ ਸਾਬਕਾ ਮੇਅਰ ਐਂਡੀ ਬਰਨਹੈਮ ਨੇ ਜ਼ਿਮਨੀ ਚੋਣ ‘ਚ 54.8 ਫ਼ੀਸਦੀ ਵੋਟਾਂ ਦੇ ਨਾਲ ਇਤਿਹਾਸਕ ਤੇ ਵੱਡੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨੇ ਉਨ੍ਹਾਂ ਨੂੰ ਮੁੜ ਬਰਤਾਨਵੀ ਪਾਰਲੀਮੈਂਟ ਵਿਚ ਪਹੁੰਚਾ ਦਿੱਤਾ ਹੈ। ਇਸ ਜਿੱਤ ਦੇ ਤੁਰੰਤ ਬਾਅਦ ਬਰਨਹੈਮ ਦੇ ਸਮਰਥਕਾਂ ਤੇ ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਸਟਾਰਮਰ ਨੂੰ ਹਟਾ ਕੇ ਬਰਨਹੈਮ ਨੂੰ ਵਾਗਡੋਰ ਸੌਂਪਣ ਦੀ ਮੰਗ ਤੇਜ਼ ਕਰ ਦਿੱਤੀ ਹੈ। ਲੇਬਰ ਪਾਰਟੀ ਦੇ ਲਗਭਗ 100 ਤੋਂ ਵੱਧ ਸੰਸਦ ਮੈਂਬਰ ਜਨਤਕ ਤੌਰ ‘ਤੇ ਸਟਾਰਮਰ ਤੋਂ ਅਸਤੀਫ਼ੇ ਦੀ ਮੰਗ ਕਰ ਚੁੱਕੇ ਹਨ। ਟਰਾਂਸਪੋਰਟ ਮੰਤਰੀ ਹੇਡੀ ਅਲੈਗਜ਼ੈਂਡਰ, ਵਿਦੇਸ਼ ਮੰਤਰੀ ਯਵੈਟ ਕੂਪਰ, ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਸਮੇਤ ਕਈ ਸੀਨੀਅਰ ਮੰਤਰੀਆਂ ਨੇ ਸਟਾਰਮਰ ਨੂੰ ਸਲਾਹ ਦਿੱਤੀ ਹੈ ਕਿ ਉਹ ਦੇਸ਼ ਤੇ ਪਾਰਟੀ ਦੇ ਹਿੱਤ ਵਿਚ ਆਪਣੇ ਅਸਤੀਫ਼ੇ ਦਾ ਸਮਾਂ ਤੈਅ ਕਰ ਦੇਣ। ਸ਼ੁਰੂਆਤ ਵਿੱਚ ਕੀਰ ਸਟਾਰਮਰ ਨੇ ਇਸ ਦਬਾਅ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਜਨਤਾ ਵੱਲੋਂ 2 ਸਾਲ ਪਹਿਲਾਂ ਫ਼ਤਵਾ ਮਿਲਿਆ ਹੈ ਤੇ ਜੇਕਰ ਲੀਡਰਸ਼ਿਪ ਲਈ ਕੋਈ ਚੁਣੌਤੀ ਆਉਂਦੀ ਹੈ, ਤਾਂ ਉਹ ਚੋਣ ਲੜਨਗੇ, ਪਿੱਛੇ ਨਹੀਂ ਹਟਣਗੇ। ਹਾਲਾਂਕਿ, ਵਧਦੇ ਦਬਾਅ ਦੇ ਵਿਚਕਾਰ ਉਹ ਆਪਣੇ ਨਜ਼ਦੀਕੀਆਂ ਨਾਲ ਇਸ ਸਥਿਤੀ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਬ੍ਰਿਟਿਸ਼ ਸਿਆਸੀ ਗਲਿਆਰਿਆਂ ‘ਚ ਅਟਕਲਾਂ ਹਨ ਕਿ ਉਹ ਸੋਮਵਾਰ ਜਾਂ ਇਸੇ ਹਫ਼ਤੇ ਦੇ ਅੰਦਰ ਆਪਣੇ ਅਸਤੀਫ਼ੇ ਦਾ ਐਲਾਨ ਕਰ ਸਕਦੇ ਹਨ ਤਾਂ ਜੋ ਪਾਰਟੀ ‘ਚ ਕਿਸੇ ਵੱਡੀ ਫੁੱਟ ਨੂੰ ਰੋਕਿਆ ਜਾ ਸਕੇ। ਐਂਡੀ ਬਰਨਹੈਮ ਨੇ ਆਪਣੀ ਜਿੱਤ ਤੋਂ ਬਾਅਦ ਸਾਫ਼ ਸੰਕੇਤ ਦਿੱਤੇ ਹਨ ਕਿ ਉਹ ਦੇਸ਼ ਤੇ ਪਾਰਟੀ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਬਰਨਹੈਮ ਕੋਲ ਕਰੀਬ 200 ਸੰਸਦ ਮੈਂਬਰਾਂ ਦਾ ਸਮਰਥਨ ਹੈ ਤੇ ਉਹ ਬਿਨਾਂ ਕਿਸੇ ਸਖ਼ਤ ਅੰਦਰੂਨੀ ਚੋਣ ਦੇ ਸਿੱਧੇ ਸੱਤਾ ਤਬਦੀਲੀ ਰਾਹੀਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਸਕਦੇ ਹਨ।
ਪ੍ਰਧਾਨ ਮੰਤਰੀ ਕੀਰ ਸਟਾਰਮਰ ’ਤੇ ਅਹੁਦਾ ਛੱਡਣ ਦਾ ਵਧਿਆ ਦਬਾਅ
ਅਜੀਤ ਡੈਸਕ
22-06-2026