ਲੰਡਨ, 21 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਾ ‘ਚ ਦਸਤਾਰ ਪਹਿਣ ਕੇ ਮੋਟਰ ਸਾਈਕਲ ਚਲਾਉਣ, ਲੋਹ ਟੋਪ ਤੋਂ ਛੋਟ ਤੇ ਕੰਮਕਾਰ ਵਾਲੀਆਂ ਥਾਵਾਂ ‘ਤੇ ਦਸਤਾਰ ਪਹਿਣ ਕੇ ਕੰਮ ਕਰਨ ਲਈ ਸਿੱਖਾਂ ਨੇ ਵੱਡੇ ਸ਼ੰਘਰਸ਼ ਕੀਤੇ ਹਨ। ਇਹਨਾਂ ਸ਼ੰਘਰਸ਼ਾਂ ‘ਚ �ਲਡ ਟ੍ਰੈਫੋਰਡ, ਮਾਨਚੈਸਟਰ ਵਿਚ ਰਹਿਣ ਵਾਲੇ ਗਿਆਨੀ ਸੁੰਦਰ ਸਿੰਘ ਸਾਗਰ ਨੇ ਵੱਡਾ ਯੋਗਦਾਨ ਪਾਇਆ। ਬੀਤੇ ਦਿਨੀ ਗਿਆਨੀ ਸੁੰਦਰ ਸਿੰਘ ਸਾਗਰ ਦੇ ਪੁਰਾਣੇ ਨਿਵਾਸ ਅਸਥਾਨ 38 ਰੇਨੋਲਡਜ਼ ਰੋਡ �ਲਡ ਟ੍ਰੈਫੋਰਡ, ਮਾਨਚੈਸਟਰ ਵਿਖੇ ਉਨ੍ਹਾਂ ਦੇ 109ਵੇਂ ਜਨਮ ਦਿਨ ਮੌਕੇ ਬਲੂ ਪਲੈਕ (ਨੀਲੀ ਤਖ਼ਤੀ) ਸਥਾਪਿਤ ਕੀਤੀ ਗਈ। ਉਦਘਾਟਨੀ ਸਮਾਰੋਹ ਮੌਕੇ ਟ੍ਰੈਫੋਰਡ ਕੌਂਸਲ ਦੀ ਸੱਭਿਆਚਾਰ, ਕਲਾ ਤੇ ਵਿਰਾਸਤ ਮਾਮਲਿਆਂ ਦੀ ਕਾਰਜਕਾਰੀ ਮੈਂਬਰ ਕੌਂਸਲਰ ਈਵ ਪਾਰਕਰ ਨੇ ਕਿਹਾ ਕਿ ਗਿਆਨੀ ਸੁੰਦਰ ਸਿੰਘ ਸਾਗਰ ਦੇ ਜੀਵਨ ਤੇ ਉਨ੍ਹਾਂ ਦੀ ਇਤਿਹਾਸਕ ਦੇਣ ਦਾ ਜਸ਼ਨ ਮਨਾਉਣ ਲਈ ਭਾਈਚਾਰੇ ਨਾਲ ਸ਼ਾਮਲ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਦਲੇਰੀ, ਦ੍ਰਿੜਤਾ ਤੇ ਬਰਾਬਰੀ ਪ੍ਰਤੀ ਅਟੁੱਟ ਵਚਨਬੱਧਤਾ ਨੇ ਨਾ ਸਿਰਫ਼ ਟ੍ਰੈਫੋਰਡ ਤੇ ਗ੍ਰੇਟਰ ਮਾਨਚੈਸਟਰ ਵਿਚ ਸਿੱਖਾਂ ਦੇ ਜੀਵਨ ਨੂੰ ਬਦਲਿਆ, ਬਲਕਿ ਸਾਰਿਆਂ ਲਈ ਇਕ ਨਿਰਪੱਖ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਵਿਚ ਵੀ ਮਦਦ ਕੀਤੀ। ਇਹ ਬਲੂ ਪਲੈਕ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਤੇ ਹੱਕ ਸੱਚ ਲਈ ਖੜ੍ਹੇ ਹੋਣ ਦੇ ਸਦੀਵੀ ਪ੍ਰਭਾਵ ਦੀ ਹਮੇਸ਼ਾ ਯਾਦ ਦਿਵਾਉਂਦੀ ਰਹੇਗੀ।
ਦੱਸਣਯੋਗ ਹੈ ਕਿ ਗਿਆਨੀ ਸਾਗਰ ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਘਲੋਟੀਆਂ ਕਲਾਂ, ਸਿਆਲਕੋਟ ਵਿੱਚ ਹੋਇਆ ਸੀ ਅਤੇ ਉਹ 1948 ਵਿੱਚ ਮਾਨਚੈਸਟਰ ਆ ਕੇ ਵੱਸ ਗਏ ਸਨ। 1959 ਵਿੱਚ ਬੱਸ ਕੰਡਕਟਰ ਦੀ ਨੌਕਰੀ ਲਈ ਵਰਦੀ ਦੇ ਨਿਯਮਾਂ ਕਾਰਨ ਪੱਗ ਦੀ ਮਨਾਹੀ ਸੀ ਜਿਸ ਲਈ ਉਹਨਾਂ ਸੱਤ ਸਾਲ ਲੰਮਾਂ ਸੰਘਰਸ਼ ਲੜ੍ਹਿਆ। ਅਖ਼ੀਰ ਅਕਤੂਬਰ 1966 ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਜਦੋਂ ਮਾਨਚੈਸਟਰ ਦੀ ਟ੍ਰਾਂਸਪੋਰਟ ਕਮੇਟੀ ਨੇ ਦਸਤਾਰ ਨੂੰ ਸਰਕਾਰੀ ਵਰਦੀ ਦਾ ਹਿੱਸਾ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ। ਜਿਸ ਤੋਂ ਬਾਅਦ ਉਹਨਾਂ ਮੋਟਰ-ਸਾਈਕਲ ਕਰੈਸ਼ ਹੈਲਮੇਟ (ਧਾਰਮਿਕ ਛੋਟ) ਐਕਟ 1976’ ਪਾਸ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਗਿਆਨੀ ਸੁੰਦਰ ਸਿੰਘ ਸਾਗਰ ਦਾ 25 ਦਸੰਬਰ 1996 ਨੂੰ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।