ਲੰਡਨ ਇੰਡੀਅਨ ਫ਼ਿਲਮ ਫੈਸਟੀਵਲ 2026 ’ਚ ਮਨਾਇਆ ਜਾਵੇਗਾ ਫ਼ਿਲਮ ‘ਲਗਾਨ’ ਦੇ 25 ਸਾਲ ਪੂਰੇ ਹੋਣ ਦਾ ਜਸ਼ਨ
ਅਜੀਤ ਡੈਸਕ
05-07-2026
ਇਸ ਕਲਾਸਿਕ ਫ਼ਿਲਮ ਦੇ ਨਾਲ-ਨਾਲ, ਫੈਸਟੀਵਲ ਵਿੱਚ ਪ੍ਰਿਯੰਕਾ ਸਾਹਾ ਦੀ ਪਹਿਲੀ ਫ਼ੀਚਰ ਫ਼ਿਲਮ “ਅਨਮੋਲ - ਲਵਿੰਗਲੀ ਯੂਅਰਜ਼” ਦਾ ਅੰਤਰਰਾਸ਼ਟਰੀ ਪ੍ਰੀਮੀਅਰ ਵੀ ਹੋਵੇਗਾ। ਇਸ ਫ਼ਿਲਮ ਵਿੱਚ ਨੌਜਵਾਨ ਮਾਪਿਆਂ ਦੀ ਉਸ ਵੇਲੇ ਬਹੁਤ ਵੱਡੀ ਪ੍ਰੀਖਿਆ ਹੁੰਦੀ ਹੈ ਜਦੋਂ ਉਨ੍ਹਾਂ ਦੇ ਨਵਜੰਮੇ ਬੱਚੇ ਦੀ ਲਿੰਗ ਪਛਾਣ ਉਨ੍ਹਾਂ ਨੂੰ ਆਪਣੀਆਂ ਹੀ ਮਾਨਤਾਵਾਂ ਅਤੇ ਪੱਖਪਾਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੰਦੀ ਹੈ। ਮੁੰਬਈ ਦੀ ਰਹਿਣ ਵਾਲੀ ਸਾਹਾ ਨੇ ਕਿਹਾ ਕਿ ਮੈਨੂੰ ਯਾਦ ਹੈ, ਮੈਂ ਬਚਪਨ ਦੀ ਇੱਕ ਅਜਿਹੀ ਕਹਾਣੀ ਵੱਲ ਹਮੇਸ਼ਾਂ ਆਕਰਸ਼ਿਤ ਰਹੀ ਹਾਂ ਜੋ ਸਿਰਫ਼ ਕਾਨਾਫੂਸੀਆਂ ਅਤੇ ਟੁਕੜਿਆਂ ਵਿੱਚ ਸੁਣਾਈ ਜਾਂਦੀ ਸੀ। ਮੈਂ ਗੰਭੀਰ ਸਮਾਜਿਕ ਮੁੱਦਿਆਂ ਨੂੰ ਉਭਾਰਨ, ਹਾਸ਼ੀਏ ‘ਤੇ ਪਏ ਲੋਕਾਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਨ ਅਤੇ ਸਿਨੇਮੈਟਿਕ ਕਹਾਣੀ ਸੁਣਾਉਣ ਦੇ ਦਾਇਰੇ ਨੂੰ ਵਧਾਉਣ ਲਈ ਆਪਣੇ ਮੰਚ ਦੀ ਵਰਤੋਂ ਕਰਨ ਲਈ ਵਚਨਬੱਧ ਹਾਂ। ਫੈਸਟੀਵਲ ਦੇ ਇੱਕ ‘ਸੈਂਟਰਲ ਗਾਲਾ’ ਵਿੱਚ 1990 ਦੇ ਦਹਾਕੇ ਦੇ ਪ੍ਰਸਿੱਧ ਟੈਲੀਵਿਜ਼ਨ ਹਿੱਟ ਸ਼ੋਅ “ਗੁੱਡਨੈੱਸ ਗ੍ਰੇਸ਼ੀਅਸ ਮੀ” ਦੇ ਪਿੱਛੇ ਰਹੇ ਯੂ ਕੇ ਦੇ ਸਭ ਤੋਂ ਮਸ਼ਹੂਰ ਦੱਖਣੀ ਏਸ਼ੀਆਈ ਵਿਰਾਸਤ ਦੇ ਹਾਸਰਸ ਕਲਾਕਾਰ ਸੰਜੀਵ ਭਾਸਕਰ, ਮੀਰਾ ਸਿਆਲ, ਨੀਨਾ ਵਾਡੀਆ ਅਤੇ ਕੁਲਵਿੰਦਰ ਘੀਰ ਦਾ ਸਟੇਜ ‘ਤੇ ਇੱਕ ਇਤਿਹਾਸਕ ਪੁਨਰ-ਮਿਲਣ ਦੇਖਣ ਨੂੰ ਮਿਲੇਗਾ।
ਇਸ ਦੇ ਨਾਲ ਹੀ ‘ਰਿਸਟੋਰੇਸ਼ਨਜ਼’ ਸੈਕਸ਼ਨ ਦੇ ਤਹਿਤ ਫ਼ਿਲਮ “ਇਨ ਵਿਚ ਐਨੀ ਗਿਵਸ ਇਟ ਦੋਜ਼ ਵਨਜ਼” ਦੀ ਸਕ੍ਰੀਨਿੰਗ ਹੋਵੇਗੀ। ਬੁਕਰ ਪੁਰਸਕਾਰ ਜੇਤੂ ਅਰੁੰਧਤੀ ਰਾਏ ਦੁਆਰਾ ਲਿਖੀ ਇਹ ਫ਼ਿਲਮ 1970 ਦੇ ਦਹਾਕੇ ਦੇ ਮੱਧ ਵਿੱਚ ਦਿੱਲੀ ਦੇ ਇੱਕ ਆਰਕੀਟੈਕਚਰ ਸਕੂਲ ਵਿੱਚ ਵਿਦਿਆਰਥੀਆਂ ਦੇ ਬੇਫਿਕਰੇ ਜੀਵਨ ਨੂੰ ਦਰਸਾਉਂਦੀ ਹੈ। ‘ਲਿਫ’ ਦੇ ਸੀ.ਈ.ਓ ਅਤੇ ਪ੍ਰੋਗਰਾਮਿੰਗ ਡਾਇਰੈਕਟਰ ਕੈਰੀ ਰਾਜਿੰਦਰ ਸਾਹਨੀ ਨੇ ਕਿਹਾ, “ਦੁਨੀਆ ਦੇ ਕੁਝ ਸਭ ਤੋਂ ਬਿਹਤਰੀਨ ਫ਼ਿਲਮ ਫੈਸਟੀਵਲਾਂ ਵਿੱਚੋਂ ਸੁਤੰਤਰ ਸਿਨੇਮਾ ਦੇ ਸ਼ਾਨਦਾਰ ਹੀਰਿਆਂ ਨੂੰ ਸਾਡੇ ਪੰਜ-ਸ਼ਹਿਰਾਂ ਦੇ ਫੈਸਟੀਵਲ ਵਿੱਚ ਇਕੱਠੇ ਲਿਆਉਣਾ ਦਰਸ਼ਕਾਂ ਲਈ ਇੱਕ ਤੋਹਫ਼ਾ ਹੈ। ਇਹ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਦੀ ਅਮੀਰ ਸਿਰਜਣਾਤਮਕਤਾ ਦਾ ਅਨੁਭਵ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ।