ਲੰਡਨ, 4 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ (ਭਰਾ ਬਾਈ ਦੀਪ ਸਿੱਧੂ) ਇੰਗਲੈਂਡ ਦੇ ਦੌਰੇ ’ਤੇ ਕੱਲ ਦੇਰ ਸ਼ਾਮੀਂ ਲੰਡਨ ਪਹੁੰਚੇ। ਲੰਡਨ ਪਹੁੰਚਣ ’ਤੇ ਸੰਗਤਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ‘ਅਜੀਤ’ ਨਾਲ ਗੱਲ ਕਰਦਿਆਂ ਸਿੱਧੂ ਨੇ ਦੱਸਿਆ ਕਿ ਅਕਾਲੀ ਦਲ ਵਾਰਸ ਪੰਜਾਬ ਨੂੰ ਲੈ ਕੇ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਵਿਚ ਭਾਰੀ ਉਤਸ਼ਾਹ ਹੈ। ਇਸ ਦੌਰੇ ਦੌਰਾਨ ਪਾਰਟੀ ਨੂੰ ਵਿਦੇਸ਼ਾਂ ਵਿਚ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣਗੇ। ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪ੍ਰਚਾਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੈਂਬਰਸ਼ਿਪ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇੰਗਲੈਂਡ ਦੀ 21 ਮੈਂਬਰੀ ਕਾਰਜਕਾਰੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ ਤਾਂ ਜੋ ਪੰਜਾਬ ਤੇ ਇੰਗਲੈਂਡ ਵਿਚ ਵੱਸਦੇ ਪੰਜਾਬੀਆਂ ਨਾਲ ਰਾਬਤਾ ਬਣਾਇਆ ਰਹੇ। ਇਸ ਮੌਕੇ ਉੱਪਰ ਇਸ਼ਟਮੀਤ ਸਿੰਘ ਫੁੱਲ ਡਿਵੈਲਪਮੈਂਟ ਸੈਕਟਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਰਮਨਦੀਪ ਸਿੰਘ ਧੂਰਕੋਟ, ਮਨਜਿੰਦਰ ਸਿੰਘ ਸਿੱਧੂ, ਅੰਮ੍ਰਿਤ ਸਿੰਘ, ਕੁਲਦੀਪ ਸਿੰਘ, ਹਰਜੋਤ ਸਿੰਘ ਅਤੇ ਹੋਰ ਸਿੰਘ ਸੰਗਤਾਂ ਹਾਜ਼ਰ ਸਨ।