ਨਿਊਯਾਰਕ, 4 ਜੁਲਾਈ (ਰਾਜੂ ਸਹਿਬਾਜ਼ਪੁਰਾ)-ਨਾਸਾ ਦੇ ਸਵਿਫਟ ਅੰਤਰਿਕਸ਼ ਟੈਲੀਸਕੋਪ ਨੂੰ ਧਰਤੀ ਵੱਲ ਡਿੱਗਣ ਤੋਂ ਬਚਾਉਣ ਲਈ ਇੱਕ ਖ਼ਾਸ ਬਚਾਅ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਅਮਰੀਕੀ ਕੰਪਨੀ ਕੈਟਾਲਿਸਟ ਸਪੇਸ ਟੈਕਨੋਲੋਜੀਜ਼ ਦਾ ਤਿੰਨ-ਬਾਂਹਾਂ ਵਾਲਾ ਲਿੰਕ (Link) ਪੁਲਾੜ ਯਾਨ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ, ਜੋ ਕਰੀਬ ਇੱਕ ਮਹੀਨੇ ਵਿੱਚ ਟੈਲੀਸਕੋਪ ਤੱਕ ਪਹੁੰਚੇਗਾ। ਸਾਲ 2004 ਵਿੱਚ ਲਾਂਚ ਕੀਤਾ ਗਿਆ ਸਵਿਫਟ ਟੈਲੀਸਕੋਪ ਹਾਲੀਆ ਸੂਰਜੀ ਤੂਫ਼ਾਨਾਂ ਕਾਰਨ ਆਪਣੀ ਕੱਖ ਗੁਆ ਰਿਹਾ ਹੈ ਅਤੇ ਹੌਲੀ-ਹੌਲੀ ਧਰਤੀ ਵੱਲ ਖਿਸਕ ਰਿਹਾ ਹੈ। ਜੇਕਰ ਇਸ ਨੂੰ ਸਮੇਂ ਸਿਰ ਉੱਚੀ ਕੱਖ ਵਿੱਚ ਨਾ ਲਿਆਂਦਾ ਗਿਆ ਤਾਂ ਅਕਤੂਬਰ ਵਿੱਚ ਇਹ ਧਰਤੀ ਦੇ ਵਾਤਾਵਰਣ ਵਿੱਚ ਦਾਖ਼ਲ ਹੋ ਕੇ ਨਸ਼ਟ ਹੋ ਸਕਦਾ ਹੈ। ਨਾਸਾ ਨੇ ਇਸ ਮਿਸ਼ਨ ਲਈ ਕਰੀਬ 3 ਕਰੋੜ ਡਾਲਰ ਖਰਚ ਕੀਤੇ ਹਨ। ਮਿਸ਼ਨ ਸਫਲ ਰਹਿਣ ‘ਤੇ ਸਵਿਫਟ ਟੈਲੀਸਕੋਪ ਨੂੰ ਲਗਭਗ 240 ਕਿਲੋਮੀਟਰ ਉੱਚੀ ਕੱਖ ਵਿੱਚ ਪਹੁੰਚਾਇਆ ਜਾਵੇਗਾ, ਜਿਸ ਤੋਂ ਬਾਅਦ ਇਹ ਸਤੰਬਰ ਤੋਂ ਮੁੜ ਬ੍ਰਹਿਮੰਡ ਵਿੱਚ ਹੋਣ ਵਾਲੇ ਗਾਮਾ ਰੇ ਧਮਾਕਿਆਂ ਅਤੇ ਹੋਰ ਅੰਤਰਿਕਸ਼ੀ ਘਟਨਾਵਾਂ ਦਾ ਅਧਿਐਨ ਸ਼ੁਰੂ ਕਰ ਸਕੇਗਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਇਹ ਮਿਸ਼ਨ ਕਾਮਯਾਬ ਹੁੰਦਾ ਹੈ ਤਾਂ ਭਵਿੱਖ ਵਿੱਚ ਹਬਲ ਵਰਗੇ ਹੋਰ ਪੁਰਾਣੇ ਅੰਤਰਿਕਸ਼ ਟੈਲੀਸਕੋਪਾਂ ਨੂੰ ਵੀ ਇਸੇ ਤਰੀਕੇ ਨਾਲ ਬਚਾਇਆ ਜਾ ਸਕੇਗਾ।