ਲੈਸਟਰ (ਇੰਗਲੈਂਡ), 4 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਅਮਰੀਕਾ ਦੀ ਆਜ਼ਾਦੀ ਦੇ ਐਲਾਨ ਨੂੰ 250 ਸਾਲ ਪੂਰੇ ਹੋਣ ਮੌਕੇ ਬਰਤਾਨੀਆ ਦੇ ਮਹਾਰਾਜਾ ਚਾਰਲਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਦੇਸ਼ ਭੇਜ ਕੇ ਅਮਰੀਕੀ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਮਹਾਰਾਜਾ ਚਾਰਲਸ ਨੇ ਇਸ ਮੌਕੇ ਨੂੰ ਅਮਰੀਕੀ ਲੋਕਾਂ ਲਈ ਸੱਚਮੁੱਚ ਇਤਿਹਾਸਕ ਪੜਾਅ ਅਤੇ ਖੁਸ਼ੀ ਦਾ ਵੱਡਾ ਮੌਕਾ ਕਰਾਰ ਦਿੱਤਾ। ਆਪਣੇ ਸੰਦੇਸ਼ ਵਿੱਚ ਮਹਾਰਾਜਾ ਨੇ ਕਿਹਾ ਕਿ ਪਿਛਲੇ 250 ਸਾਲਾਂ ਦੌਰਾਨ ਅਮਰੀਕਾ ਨੇ ਲੰਮਾ ਅਤੇ ਅਹਿਮ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਅਤੇ ਅਮਰੀਕਾ ਵਿਚਕਾਰ ਰਿਸ਼ਤਾ ਸਮੇਂ ਦੇ ਨਾਲ ਵੱਡੇ ਬਦਲਾਅ ਵਿੱਚੋਂ ਲੰਘ ਕੇ ਦੋਸਤੀ, ਭਰੋਸੇ, ਆਜ਼ਾਦੀ, ਕਾਨੂੰਨ ਦੀ ਹਕੂਮਤ ਅਤੇ ਮਨੁੱਖੀ ਮਰਿਆਦਾ ਦੇ ਅਧਾਰ ‘ਤੇ ਖੜ੍ਹਾ ਹੋਇਆ ਹੈ। ਮਹਾਰਾਜਾ ਚਾਰਲਸ ਨੇ ਕਿਹਾ ਕਿ ਦੋਵੇਂ ਦੇਸ਼ ਕਦੇ ਟਕਰਾਅ ਦੇ ਦੌਰ ਵਿੱਚੋਂ ਵੀ ਲੰਘੇ, ਪਰ ਬਾਅਦ ਵਿੱਚ ਦੁਨੀਆ ਦੇ ਸਭ ਤੋਂ ਨੇੜਲੇ ਅਤੇ ਲਾਭਕਾਰੀ ਸਬੰਧਾਂ ਵਿੱਚੋਂ ਇੱਕ ਬਣਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਅੱਜ ਇਹ ਸਾਂਝ ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼, ਵਿਗਿਆਨ, ਖੋਜ, ਸਿੱਖਿਆ, ਸੱਭਿਆਚਾਰ ਅਤੇ ਕਲਾਵਾਂ ਤੱਕ ਫੈਲੀ ਹੋਈ ਹੈ। ਮਹਾਰਾਜਾ ਨੇ ਕਿਹਾ ਕਿ ਬਰਤਾਨੀਆ ਅਤੇ ਅਮਰੀਕਾ ਦੇ ਲੋਕਾਂ ਵਿਚਕਾਰ ਬਣਿਆ ਨਾਤਾ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕੁਦਰਤੀ ਸੰਸਾਰ ਦੀ ਰੱਖਿਆ ਨੂੰ ਵੀ ਦੋਵੇਂ ਦੇਸ਼ਾਂ ਦੀ ਸਾਂਝੀ ਜ਼ਿੰਮੇਵਾਰੀ ਦੱਸਿਆ ਅਤੇ ਕਿਹਾ ਕਿ ਇਸ ਸਬੰਧੀ ਲਏ ਜਾਣ ਵਾਲੇ ਫ਼ੈਸਲੇ ਆਉਣ ਵਾਲੀਆਂ ਪੀੜ੍ਹੀਆਂ ਦੀ ਖੁਸ਼ਹਾਲੀ ਅਤੇ ਕੌਮੀ ਸੁਰੱਖਿਆ ਲਈ ਮਹੱਤਵਪੂਰਨ ਸਾਬਤ ਹੋਣਗੇ। ਵਰਨਣਯੋਗ ਹੈ ਕਿ ਅਮਰੀਕਾ ਦੀ ਆਜ਼ਾਦੀ ਦਾ ਐਲਾਨ ਸਾਲ 1776 ਵਿਚ ਕੀਤਾ ਗਿਆ ਸੀ, ਜਿਸ ਰਾਹੀਂ ਅਮਰੀਕਾ ਨੇ ਬਰਤਾਨੀਆ ਦੀ ਹਕੂਮਤ ਤੋਂ ਅਲੱਗ ਆਪਣੀ ਆਜ਼ਾਦ ਹਸਤੀ ਕਾਇਮ ਕੀਤੀ ਸੀ। ਹਰ ਸਾਲ 4 ਜੁਲਾਈ ਨੂੰ ਅਮਰੀਕਾ ਵਿੱਚ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ 250 ਸਾਲ ਪੂਰੇ ਹੋਣ ਮੌਕੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ।