ਲੱਖਾਂ ਲੋਕ ਬਣੇ ਸ਼ਾਨਦਾਰ ਸਮਾਗਮਾਂ ਦੇ ਗਵਾਹ
ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ, ਮੈਸਾਚੂਸੇਟਸ, ਮੈਰੀਲੈਂਡ, ਰੋਡ ਆਈਲੈਂਡ ਤੇ ਕਨੈਕਟੀਕਟ ਸਮੇਤ ਉੱਤਰ-ਪੂਰਬੀ ਸੂਬਿਆਂ ’ਚ ਇਤਿਹਾਸਕ ਜਸ਼ਨਾਂ ਦੀ ਧੂਮ ਰਹੀ। ਦੇਸ਼ ਭਗਤੀ ਦੇ ਰੰਗ ’ਚ ਰੰਗੇ ਇਨ੍ਹਾਂ ਸੂਬਿਆਂ ’ਚ ਸਵੇਰ ਤੋਂ ਦੇਰ ਰਾਤ ਤੱਕ ਪਰੇਡਾਂ, ਸੈਨਿਕ ਸਨਮਾਨ ਸਮਾਰੋਹ, ਸੱਭਿਆਚਾਰਕ ਪ੍ਰੋਗਰਾਮ, ਇਤਿਹਾਸਕ ਪ੍ਰਦਰਸ਼ਨੀਆਂ, ਸਮੁੰਦਰੀ ਜਹਾਜ਼ਾਂ ਦੇ ਜਲੂਸ ਤੇ ਸ਼ਾਨਦਾਰ ਆਤਸ਼ਬਾਜ਼ੀ ਦਾ ਸਿਲਸਿਲਾ ਜਾਰੀ ਰਿਹਾ। ਨਿਊਯਾਰਕ ਹਾਰਬਰ ਅਤੇ ਹਡਸਨ ਦਰਿਆ ਵਿਖੇ ਕਰਵਾਇਆ ਗਿਆ “ਸੇਲ4ਥ–250” ਸਮਾਗਮ ਇਸ ਦਿਨ ਦਾ ਸਭ ਤੋਂ ਵੱਡਾ ਆਕਰਸ਼ਣ ਬਣਿਆ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਆਏ 40 ਤੋਂ ਵੱਧ ਟਾਲ ਸ਼ਿਪਸ, ਕਰੀਬ 40 ਜੰਗੀ ਜਹਾਜ਼ ਅਤੇ ਅਮਰੀਕੀ ਨੇਵੀ ਦੀ ਮਸ਼ਹੂਰ ਬਲੂ ਏਂਜਲਜ਼ ਹਵਾਈ ਟੀਮ ਨੇ ਆਪਣੇ ਕਰਤੱਬਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਲਿਬਰਟੀ ਸਟੇਟ ਪਾਰਕ, ਜਰਸੀ ਸਿਟੀ, ਹੋਬੋਕਨ, ਬੇਓਨ, ਮੈਨਹੈਟਨ ਅਤੇ ਹਡਸਨ ਦਰਿਆ ਦੇ ਕਿਨਾਰਿਆਂ ’ਤੇ ਲੱਖਾਂ ਲੋਕਾਂ ਦੀ ਭੀੜ ਉਮੜੀ। ਆਯੋਜਕਾਂ ਦੇ ਅਨੁਸਾਰ, ਇਸ ਇਤਿਹਾਸਕ ਸਮਾਗਮ ਨੂੰ ਖੇਤਰ ਭਰ ’ਚ ਲਗਭਗ 60 ਲੱਖ ਲੋਕਾਂ ਨੇ ਦੇਖਿਆ।
ਅਮਰੀਕਾ ਦੇ ਆਜ਼ਾਦੀ ਦੇ 250ਵੇਂ ਦਿਵਸ ’ਤੇ ਉੱਤਰ-ਪੂਰਬੀ ਸੂਬਿਆਂ ਵਿਚ ਇਤਿਹਾਸਕ ਜਸ਼ਨ
ਅਜੀਤ ਡੈਸਕ
06-07-2026