ਜਲੰਧਰ, 5 ਜੁਲਾਈ (ਡਾ. ਜਤਿੰਦਰ ਸਾਬੀ)-ਦੁਨੀਆ ’ਚ ਸਭ ਤੋਂ ਵੱਧ ਡੋਪਿੰਗ ਉਲੰਘਣਾਵਾਂ ਵਾਲੇ ਦੇਸ਼ਾਂ ਦੀ ਸੂਚੀ ’ਚ ਭਾਰਤ ਮੁੜ ਪਹਿਲੇ ਨੰਬਰ ’ਤੇ ਹੈ। ਭਾਰਤੀ ਖੇਡਾਂ ਲਈ ਇਕ ਵਾਰ ਫਿਰ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਏ.ਆਈ.ਯੂ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਇਸ ਵੇਲੇ 162 ਭਾਰਤੀ ਖਿਡਾਰੀ ਡੋਪਿੰਗ ਜਾਂ ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਕਾਰਨ ਪਾਬੰਦੀ ਭੁਗਤ ਰਹੇ ਹਨ। ਇਹ ਗਿਣਤੀ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਹੈ, ਜਿਸ ਨੇ ਭਾਰਤੀ ਖੇਡ ਪ੍ਰਬੰਧਨ ਸਾਹਮਣੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਰਿਪੋਰਟ ਮੁਤਾਬਕ 148 ਮਾਮਲਿਆਂ ਨਾਲ ਕੀਨੀਆ ਦੂਜੇ, ਜਦਕਿ 60 ਤੋਂ ਵੱਧ ਮਾਮਲਿਆਂ ਨਾਲ ਰੂਸ ਤੀਜੇ ਸਥਾਨ ’ਤੇ ਹੈ। ਭਾਰਤ ਨੇ ਅਪ੍ਰੈਲ ਮਹੀਨੇ ਦੌਰਾਨ ਕੀਨੀਆ ਨੂੰ ਪਿੱਛੇ ਛੱਡਿਆ ਸੀ ਅਤੇ ਉਸ ਤੋਂ ਬਾਅਦ ਜਾਰੀ ਹਰ ਅਪਡੇਟ ਵਿੱਚ ਇਹ ਅਣਚਾਹਾ ਪਹਿਲਾ ਸਥਾਨ ਬਰਕਰਾਰ ਹੈ। ਏ.ਆਈ.ਯੂ ਨੇ ਸਪੱਸ਼ਟ ਕੀਤਾ ਹੈ ਕਿ ਸੂਚੀ ’ਚ ਕੇਵਲ ਉਹ ਖਿਡਾਰੀ ਨਹੀਂ ਹਨ ਜਿਨ੍ਹਾਂ ਦੇ ਡੋਪ ਟੈਸਟ ਪਾਜ਼ੇਟਿਵ ਆਏ ਹਨ, ਸਗੋਂ ਡੋਪਿੰਗ ਕੰਟਰੋਲ ਪ੍ਰਕਿਰਿਆ ’ਚ ਰੁਕਾਵਟ ਪਾਉਣ, ਟੈਸਟ ਤੋਂ ਬਚਣ, ਪ੍ਰਤੀਬੰਧਿਤ ਪਦਾਰਥਾਂ ਦੀ ਸਪਲਾਈ, ਜਾਂ ਆਪਣੀ ਲੋਕੇਸ਼ਨ ਦੀ ਲਾਜ਼ਮੀ ਜਾਣਕਾਰੀ ਵਾਰ-ਵਾਰ ਨਾ ਦੇਣ ਵਰਗੀਆਂ ਉਲੰਘਣਾਵਾਂ ਕਰਨ ਵਾਲੇ ਖਿਡਾਰੀ ਵੀ ਸ਼ਾਮਲ ਹਨ। ਐਂਟੀ-ਡੋਪਿੰਗ ਨਿਯਮਾਂ ਅਧੀਨ ਇਹ ਸਾਰੇ ਮਾਮਲੇ ਇਕਸਾਰ ਗੰਭੀਰ ਮੰਨੇ ਜਾਂਦੇ ਹਨ। ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਵਿਸ਼ਵ ਅਥਲ਼ੈਟਿਕਸ ਨੇ ਭਾਰਤ ਨੂੰ ਡੋਪਿੰਗ ਦੇ ਮਾਮਲੇ ਵਿਚ ‘ਬਹੁਤ ਉੱਚ ਜੋਖਮ’ ਵਾਲੇ ਦੇਸ਼ਾਂ ਦੀ ਸ਼੍ਰੇਣੀ ਵਿਚ ਵੀ ਸ਼ਾਮਿਲ ਕੀਤਾ ਹੈ।
ਡੋਪਿੰਗ ਦਾ ਦਾਗ ਹੋਰ ਗੂੜ੍ਹਾ, 162 ਭਾਰਤੀ ਖਿਡਾਰੀ ਪਾਬੰਦੀ ਹੇਠ
ਅਜੀਤ ਡੈਸਕ
06-07-2026