ਹਨੋਈ, 13 ਜੁਲਾਈ (ਪੀ.ਟੀ.ਆਈ.)-ਭਾਰਤੀ ਦੂਤਾਵਾਸ ਨੇ ਕਿਹਾ ਕਿ ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਇਕ ਕਿਸ਼ਤੀ ਹਾਦਸੇ ’ਚ ਮਾਰੇ ਗਏ 15 ਭਾਰਤੀ ਸੈਲਾਨੀਆਂ ਦੀਆਂ ਲਾਸ਼ਾਂ ਸੋਮਵਾਰ ਨੂੰ ਭਾਰਤ ਵਾਪਸ ਭੇਜੀਆਂ ਗਈਆਂ ਹਨ। ਲਾਸ਼ਾਂ ਨੂੰ ਵੀਅਤਨਾਮ ਏਅਰਲਾਈਨਜ਼ ਦੀ ਇੱਕ ਉਡਾਣ ’ਚ ਭੇਜਿਆ ਗਿਆ ਜੋ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਹੋ ਚੀ ਮਿਨ ਸਿਟੀ ਤੋਂ ਉਡਾਣ ਭਰੀ ਸੀ। ਦੂਤਾਵਾਸ ਨੇ ਕਿਹਾ ਕਿ ਮ੍ਰਿਤਕਾਂ ਦੇ ਗ੍ਰਹਿ ਰਾਜਾਂ ਦੀਆਂ ਸਰਕਾਰਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰਨਗੀਆਂ ਤੇ ਲਾਸ਼ਾਂ ਨੂੰ ਮੁੰਬਈ ਹਵਾਈ ਅੱਡੇ ਤੋਂ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰਨਗੀਆਂ। ਹਾਦਸੇ ’ਚ ਜਾਨ ਗੁਆਉਣ ਵਾਲੇ 15 ਭਾਰਤੀਆਂ ਵਿੱਚੋਂ 10 ਤਾਮਿਲਨਾਡੂ ਤੋਂ, ਤਿੰਨ ਆਂਧਰਾ ਪ੍ਰਦੇਸ਼ ਤੋਂ ਅਤੇ ਦੋ ਕੇਰਲ ਤੋਂ ਹਨ। ਭਾਰਤੀ ਦੂਤਾਵਾਸ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ ਕਿ ਅਸੀਂ ਆਪਣੇ ਵੀਅਤਨਾਮੀ ਦੋਸਤਾਂ ਤੋਂ ਪ੍ਰਾਪਤ ਸ਼ੋਕ ਸੰਦੇਸ਼ਾਂ ਲਈ ਧੰਨਵਾਦੀ ਹਾਂ। ਤੁਹਾਡੀਆਂ ਪ੍ਰਾਰਥਨਾਵਾਂ, ਯਤਨਾਂ ਤੇ ਮੌਜੂਦਗੀ ਨੇ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਤਾਕਤ ਦਿੱਤੀ। ਭਾਰਤੀ ਦੂਤਾਵਾਸ ਨੇ ਵੀਅਤਨਾਮ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਸਹਾਇਤਾ ਪ੍ਰਦਾਨ ਕੀਤੀ।